ਟਰੂਡੋ ਦਾ ਵੱਡਾ ਐਲਾਨ, ਇਕ ਮਹੀਨਾ ਵਧਾਈ ਕੈਨੇਡਾ-ਅਮਰੀਕਾ ਸਰਹੱਦ ''ਤੇ ਪਾਬੰਦੀ
Friday, May 21, 2021 - 07:08 PM (IST)
ਓਟਾਵਾ (ਭਾਸ਼ਾ): ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਘੋਸ਼ਣਾ ਕੀਤੀ ਹੈ ਕਿ ਕੋਵਿਡ-19 ਦੇ ਫੈਲਣ ਨੂੰ ਰੋਕਣ ਲਈ ਅਮਰੀਕਾ ਨਾਲ ਲੱਗਦੀ ਦੇਸ਼ ਦੀ ਸਰਹੱਦ 'ਤੇ ਗੈਰ-ਜ਼ਰੂਰੀ ਯਾਤਰਾ ਵਿਰੁੱਧ ਪਾਬੰਦੀ 21 ਜੂਨ ਤੱਕ ਮਤਲਬ ਇਕ ਮਹੀਨਾ ਹੋਰ ਵਧਾ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਟਰੂਡੋ ਨੇ ਵੀਰਵਾਰ ਨੂੰ ਟਵੀਟ ਕੀਤਾ,"ਤੁਹਾਡੀ ਸਿਹਤ ਦੀ ਰੱਖਿਆ ਕਰਨ ਅਤੇ ਕੋਵਿਡ-19 ਦੇ ਫੈਲਣ ਨੂੰ ਸੀਮਤ ਕਰਨ ਲਈ ਅਸੀਂ ਮੌਜੂਦਾ ਸਮੇਂ ਵਿਚ ਉਪਾਵਾਂ ਨੂੰ 30 ਦਿਨਾਂ ਲਈ ਹੋਰ ਵਧਾ ਰਹੇ ਹਾਂ। ਸਾਡੇ ਦੋਹਾਂ ਦੇਸ਼ਾਂ ਵਿਚਾਲੇ ਗੈਰ-ਜ਼ਰੂਰੀ ਯਾਤਰਾ 21 ਜੂਨ ਤੱਕ ਪਾਬੰਦੀਸ਼ੁਦਾ ਹਨ।"
ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਅਨੁਸਾਰ ਇਹ ਪਾਬੰਦੀ ਮਾਰਚ 2020 ਵਿਚ ਲਾਗੂ ਕੀਤੀ ਗਈ ਸੀ, ਜਿਸ ਤੋਂ ਬਾਅਦ ਇਸ ਨੂੰ ਹਰ ਮਹੀਨੇ ਵਧਾਇਆ ਗਿਆ ਹੈ। ਟਰੱਕ ਅਤੇ ਐਮਰਜੈਂਸੀ ਸੇਵਾਵਾਂ ਪ੍ਰਦਾਨ ਕਰਨ ਵਾਲਿਆਂ ਜਿਵੇਂ ਲੋੜੀਂਦੇ ਕਰਮਚਾਰੀਆਂ ਦੇ ਨਾਲ-ਨਾਲ ਸਰਹੱਦ ਦੇ ਵਿਰੋਧੀ ਪਾਸੇ ਰਹਿਣ ਅਤੇ ਕੰਮ ਕਰਨ ਵਾਲੀਆਂ ਨਰਸਾਂ ਸਮੇਤ ਮਹੱਤਵਪੂਰਨ ਸਿਹਤ ਸੰਭਾਲ ਕਰਮਚਾਰੀਆਂ ਨੂੰ ਪਾਬੰਦੀਆਂ ਤੋਂ ਛੋਟ ਦਿੱਤੀ ਗਈ ਹੈ। ਕੈਨੇਡਾ ਵਿਚ ਹੁਣ ਤੱਕ ਕੁੱਲ 1,347,445 ਕੋਵਿਡ-19 ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਵਿਚ 25,111 ਮੌਤਾਂ ਹੋਈਆਂ ਹਨ।
ਪੜ੍ਹੋ ਇਹ ਅਹਿਮ ਖਬਰ- ਬਾਈਡੇਨ ਨੇ ਇਜ਼ਰਾਈਲ-ਹਮਾਸ ਵਿਚਾਲੇ ਬਣੀ ਸਹਿਮਤੀ ਦੀ ਕੀਤੀ ਪ੍ਰਸ਼ੰਸਾ, ਗਾਜ਼ਾ 'ਚ ਜ਼ੋਰਦਾਰ ਜਸ਼ਨ
ਜਨਤਕ ਸਿਹਤ ਏਜੰਸੀ ਕੈਨੇਡਾ ਦੇ ਵੀਰਵਾਰ ਨੂੰ ਕਿਹਾ ਕਿ ਹਾਲਾਂਕਿ ਦੇਸ਼ ਦੇ ਰਾਸ਼ਟਰੀ ਪੱਧਰ ਦੇ ਅੰਕੜੇ ਦੱਸਦੇ ਹਨ ਕਿ ਬਿਮਾਰੀ ਦੀਆਂ ਗਤੀਵਿਧੀਆਂ ਵਿਚ ਪਿਛਲੇ ਸੱਤ ਦਿਨਾਂ ਦੇ ਰੋਜ਼ਾਨਾ ਔਸਤਨ 5,227 ਕੇਸ ਦਰਜ ਕੀਤੇ ਗਏ ਹਨ, ਜਿਹਨਾਂ ਵਿਚ ਹਫ਼ਤੇ ਪਹਿਲਾਂ ਨਾਲੋਂ 25 ਪ੍ਰਤੀਸ਼ਤ ਦੀ ਕਮੀ ਹੈ। ਦੋਹਾਂ ਦੇਸ਼ਾਂ ਵਿਚ ਕੋਵਿਡ-19 ਟੀਕਾਕਰਣ ਦੀਆਂ ਦਰਾਂ ਵਧਣ ਕਾਰਨ ਕੈਨੇਡਾ-ਅਮਰੀਕਾ ਸਰਹੱਦ ਨੂੰ ਮੁੜ ਖੋਲ੍ਹਣ ਦੀ ਮੰਗ ਵੱਧ ਰਹੀ ਹੈ।ਕੈਨੇਡੀਅਨ ਚੈਂਬਰ ਆਫ ਕਾਮਰਸ ਦੇ ਸੀ.ਈ.ਓ. ਪੈਰਿਨ ਬੀਟੀ ਨੇ ਕਿਹਾ ਕਿ 14 ਮਹੀਨਿਆਂ ਦੇ ਬੰਦ ਨੇ ਕਾਰੋਬਾਰਾਂ, ਖਾਸ ਕਰਕੇ ਸੈਰ ਸਪਾਟਾ ਖੇਤਰ ਲਈ “ਭਾਰੀ ਮੁਸ਼ਕਲਾਂ” ਖੜ੍ਹੀਆਂ ਕੀਤੀਆਂ ਹਨ। ਕੁਝ 2 ਬਿਲੀਅਨ ਕੈਨੇਡੀਅਨ ਡਾਲਰ ਦਾ ਵਪਾਰ ਹਰ ਰੋਜ਼ ਕੈਨੇਡਾ-ਯੂਐਸ ਸਰਹੱਦ ਪਾਰ ਕਰਦਾ ਹੈ ਅਤੇ ਪਿਛਲੇ ਸਾਲ ਕੋਵਿਡ-19 ਤਾਲਾਬੰਦੀ ਤੋਂ ਪਹਿਲਾਂ, ਤਕਰੀਬਨ 300,000 ਲੋਕ ਰੋਜ਼ਾਨਾ ਪਾਰ ਕਰਦੇ ਸਨ।