ਜਾਰਡਨ ਦੇ ਸ਼ਹਿਜ਼ਾਦੇ ਹਮਜ਼ਾ ਨੇ ਤਿਆਗਿਆ ਆਪਣਾ ਸ਼ਾਹੀ ਖ਼ਿਤਾਬ

Monday, Apr 04, 2022 - 05:21 PM (IST)

ਜਾਰਡਨ ਦੇ ਸ਼ਹਿਜ਼ਾਦੇ ਹਮਜ਼ਾ ਨੇ ਤਿਆਗਿਆ ਆਪਣਾ ਸ਼ਾਹੀ ਖ਼ਿਤਾਬ

ਅੱਮਾਨ (ਭਾਸ਼ਾ)- ਜਾਰਡਨ ਦੇ ਰਾਜਾ ਅਬਦੁੱਲਾ ਦੂਜਾ ਦੇ ਮਤਰੇਏ ਭਰਾ ਸ਼ਹਿਜ਼ਾਦੇ ਹਮਜ਼ਾ ਨੇ ਐਤਵਾਰ ਨੂੰ ਆਪਣਾ ਸ਼ਾਹੀ ਖ਼ਿਤਾਬ ਤਿਆਗ ਦਿੱਤਾ। ਰਾਜ ਘਰਾਣੇ ਨੂੰ ਅਸਥਿਰ ਕਰਨ ਦੀ ਸਾਜ਼ਿਸ਼ ਰਚਣ ਦੇ ਦੋਸ਼ ’ਚ ਕਰੀਬ ਇਕ ਸਾਲ ਤੋਂ ਘਰ ’ਚ ਹੀ ਨਜ਼ਰਬੰਦ ਰਹੇ ਹਮਜ਼ਾ ਨੇ ਟਵੀਟ ਕਰ ਕੇ ਇਹ ਜਾਣਕਾਰੀ ਸਾਂਝੀ ਕੀਤੀ।

ਹਮਜ਼ਾ ਨੇ ਕਿਹਾ ਕਿ ਉਨ੍ਹਾਂ ਨੇ ਆਪਣਾ ਖ਼ਿਤਾਬ ਇਸ ਲਈ ਛੱਡ ਦਿੱਤਾ, ਕਿਉਂਕਿ ਮੇਰੇ ਵਿਚਾਰ ਸਾਡੀਆਂ ਸੰਸਥਾਵਾਂ ਦੇ ਨਜ਼ਰੀਏ, ਸੋਚ ਅਤੇ ਆਧੁਨਿਕ ਤਰੀਕਿਆਂ ਦੇ ਅਨੁਸਾਰ ਨਹੀਂ ਹਨ। ਉਧਰ ਸ਼ਾਹੀ ਘਰਾਣੇ ਨੇ ਕਿਹਾ ਕਿ ਸ਼ਹਿਜ਼ਾਦੇ ਹਮਜ਼ਾ ਨੇ ਸਾਜ਼ਿਸ਼ ’ਚ ਆਪਣੀ ਭੂਮਿਕਾ ਲਈ ਪਿਛਲੇ ਮਹੀਨੇ ਮੁਆਫ਼ੀ ਮੰਗ ਲਈ ਸੀ। ਹਮਜ਼ਾ ਨੂੰ ਸ਼ਾਹੀ ਪਰਿਵਾਰ ਨੂੰ ਅਸਥਿਰ ਕਰਨ ਦੀ ਸਾਜ਼ਿਸ਼ ਵਿਚ ਸ਼ਾਮਲ ਹੋਣ ਦੇ ਦੋਸ਼ ਵਿਚ ਪਿਛਲੇ ਸਾਲ ਅਪ੍ਰੈਲ ਵਿਚ ਨਜ਼ਰਬੰਦ ਕਰ ਦਿੱਤਾ ਗਿਆ ਸੀ। ਉਦੋਂ ਇਕ ਵੀਡੀਓ ਵਿਚ ਹਮਜ਼ਾ ਨੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਸੀ ਕਿ ਉਸ ਨੂੰ ਸਰਕਾਰੀ ਭ੍ਰਿਸ਼ਟਾਚਾਰ ਵਿਰੁੱਧ ਆਵਾਜ਼ ਉਠਾਉਣ ਦੀ ਸਜ਼ਾ ਦਿੱਤੀ ਜਾ ਰਹੀ ਹੈ।
 


author

cherry

Content Editor

Related News