ਬ੍ਰਿਟੇਨ ਦੇ ਪੀ. ਐੱਮ. ਦੀ ਜ਼ਿੱਦ-'ਤੈਅ ਸਮੇਂ 'ਤੇ ਹੀ ਕਰਾਵਾਂਗੇ ਬ੍ਰੈਗਜ਼ਿਟ'

10/20/2019 11:41:19 AM

ਲੰਡਨ— ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਯੂਰਪੀ ਸੰਘ ਤੋਂ ਬ੍ਰਿਟੇਨ ਦੇ ਬਾਹਰ ਹੋਣ 'ਚ ਹੋਰ ਸਮਾਂ ਮੰਗਣ ਸਬੰਧੀ ਪੱਤਰ 'ਤੇ ਦਸਤਖਤ ਨਹੀਂ ਕੀਤੇ ਅਤੇ ਇਕ ਹੋਰ ਪੱਤਰ ਭੇਜ ਕੇ ਕਿਹਾ ਕਿ ਉਹ ਇਸ ਨੂੰ ਅੱਗੇ ਨਹੀਂ ਵਧਾਉਣਾ ਚਾਹੁੰਦੇ।

ਜਾਨਸਨ ਦੇ ਦਫਤਰ ਨਾਲ ਜੁੜੇ ਇਕ ਸੂਤਰ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਸੰਸਦ ਮੈਂਬਰਾਂ ਨੇ ਸ਼ਨੀਵਾਰ ਨੂੰ ਉਨ੍ਹਾਂ ਦੇ ਬ੍ਰੈਗਜ਼ਿਟ ਸਮਝੌਤੇ ਨੂੰ ਸਮਰਥਨ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਦੇ ਬਾਅਦ ਕਾਨੂੰਨੀ ਤੌਰ 'ਤੇ ਜਾਨਸਨ ਨੂੰ ਬ੍ਰੈਗਜ਼ਿਟ 'ਚ ਦੇਰੀ ਲਈ ਅਪੀਲ ਵਾਲਾ ਇਕ ਪੱਤਰ ਲਿਖਣਾ ਪਵੇਗਾ ਪਰ ਜਾਨਸਨ ਦਾ ਰਵੱਈਆ ਠੀਕ ਇਸ ਦੇ ਵਿਰੁੱਧ ਹੈ ਅਤੇ ਉਹ ਇਸ ਗੱਲ 'ਤੇ ਅੜੇ ਹੋਏ ਹਨ ਕਿ ਬ੍ਰਿਟੇਨ 31 ਅਕਤੂਬਰ ਦੀ ਤੈਅ ਸਮਾਂ ਸੀਮਾ 'ਚ ਯੂਰਪੀ ਸੰਘ (ਈ. ਯੂ.)ਤੋਂ ਵੱਖ ਹੋ ਜਾਵੇ।

ਸੂਤਰ ਨੇ ਦੱਸਿਆ ਕਿ ਜਾਨਸਨ ਨੇ ਕਾਨੂੰਨ ਦੇ ਉਸ ਪੱਤਰ ਦੀ ਕਾਪੀ ਈ. ਯੂ. ਨੂੰ ਭੇਜੀ ਹੈ ਕਿ ਬ੍ਰੈਗਜ਼ਿਟ ਸਮਝੌਤਾ ਨਾ ਹੋਣ 'ਤੇ ਉਨ੍ਹਾਂ ਨੂੰ ਬ੍ਰਿਟੇਨ ਨੂੰ ਈ. ਯੂ. ਤੋਂ ਬਾਹਰ ਕਰਨ 'ਚ ਦੇਰੀ ਦੀ ਅਪੀਲ ਕਰਨ ਸਬੰਧੀ ਇਕ ਪੱਤਰ ਲਿਖਣਾ ਪਵੇਗਾ ਪਰ ਪ੍ਰਧਾਨ ਮੰਤਰੀ ਨੇ ਇਸ 'ਤੇ ਦਸਤਖਤ ਨਹੀਂ ਕੀਤੇ। ਇਸ ਦੇ ਠੀਕ ਉਲਟ ਉਨ੍ਹਾਂ ਨੇ ਦੂਜਾ ਪੱਤਰ ਭੇਜਿਆ ਹੈ,ਜਿਸ 'ਚ ਸਪੱਸ਼ਟ ਹੈ ਕਿ ਉਹ ਇਸ 'ਚ ਦੇਰੀ ਨਹੀਂ ਚਾਹੁੰਦੇ ਅਤੇ ਇਸ ਮਹੀਨੇ ਬ੍ਰੈਗਜ਼ਿਟ ਚਾਹੁੰਦੇ ਹਨ। ਉੱਥੇ ਹੀ, ਈ. ਯੂ. ਨੂੰ ਤੀਜਾ ਪੱਤਰ ਬ੍ਰਿਟੇਨ ਦੇ ਰਾਜਦੂਤ ਟਿਮ ਬੈਰੋ ਨੇ ਲਿਖਿਆ ਹੈ ਕਿ ਬ੍ਰੈਗਜ਼ਿਟ ਦੇਰੀ ਪੱਤਰ ਕਾਨੂੰਨ ਤਹਿਤ ਮਿਲਿਆ ਹੈ। ਈ. ਯੂ. ਨਾਲ ਜੁੜੇ ਇਕ ਸੂਤਰ ਨੇ ਹਾਲਾਂਕਿ ਇਸ 'ਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

ਟਸਕ ਨੇ ਟਵੀਟ ਕੀਤਾ,'ਸਮਾਂ ਸੀਮਾ ਵਧਾਉਣ ਦੀ ਅਪੀਲ ਹੁਣੇ ਮਿਲੀ ਹੈ। ਈ. ਯੂ. ਦੇ ਨੇਤਾਵਾਂ ਨਾਲ ਇਸ 'ਤੇ ਵਿਚਾਰ ਕਰਾਂਗੇ ਕਿ ਕੀ ਫੈਸਲਾ ਕਰਨਾ ਹੈ। ਜਾਨਸਨ ਨੇ ਇਸ ਤੋਂ ਪਹਿਲਾਂ ਕਿਹਾ ਕਿ ਉਹ ਈ. ਯੂ. ਨੇਤਾਵਾਂ ਨੂੰ ਕਹਿਣਗੇ ਕਿ 'ਅੱਗੇ ਹੋਰ ਦੇਰੀ ਇਸ ਦੇਸ਼ ਲਈ ਬੁਰੀ ਹੋਵੇਗੀ, ਯੂਰਪੀ ਸੰਘ ਲਈ ਬੁਰਾ ਹੋਵੇਗਾ ਅਤੇ ਲੋਕਤੰਤਰ ਲਈ ਬੁਰਾ ਹੋਵੇਗਾ।'' ਉਨ੍ਹਾਂ ਨੇ 'ਹਾਊਸ ਆਫ ਕਾਮਨਜ਼' 'ਚ ਕਿਹਾ,'ਮੈਂ ਈ. ਯੂ. ਨਾਲ ਦੇਰੀ ਬਰਦਾਸ਼ਤ ਨਹੀਂ ਕਰਾਂਗਾ ਅਤੇ ਨਾ ਹੀ ਕਾਨੂੰਨ ਨੂੰ ਖੁਦ ਨੂੰ ਅਜਿਹਾ ਕਰਨ ਲਈ ਮਜ਼ਬੂਰ ਕਰਨ ਦੇਵਾਂਗਾ।''


Related News