ਬਾਈਡੇਨ ਨੇ ਬ੍ਰਿਟੇਨ ਦੇ ਪੀ.ਐੱਮ. ਅਤੇ ਮੈਕਸੀਕੋ ਦੇ ਰਾਸ਼ਟਰਪਤੀ ਨਾਲ ਕੀਤੀ ਗੱਲਬਾਤ
Sunday, Jan 24, 2021 - 06:07 PM (IST)
ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨਾਲ ਫੋਨ 'ਤੇ ਗੱਲਬਾਤ ਕੀਤੀ ਅਤੇ ਦੋਹਾਂ ਦੇਸ਼ਾਂ ਦਰਮਿਆਨ ਵਿਸ਼ੇਸ਼ ਸੰਬੰਧ ਨੂੰ ਹੋਰ ਮਜ਼ਬੂਤ ਕਰਨ ਦੀ ਇੱਛਾ ਜ਼ਾਹਰ ਕੀਤੀ। ਵ੍ਹਾਈਟ ਹਾਊਸ ਨੇ ਇਹ ਜਾਣਕਾਰੀ ਦਿੱਤੀ। ਬ੍ਰਿਟੇਨ ਇਸ ਸਾਲ ਜੀ-7 ਸੰਮੇਲਨ ਅਤੇ ਸੰਯੁਕਤ ਰਾਸ਼ਟਰ ਜਲਵਾਯੂ ਤਬਦੀਲੀ ਸੰਮੇਲਨ (ਸੀ.ਓ.ਪੀ. 26) ਦੀ ਮੇਜ਼ਬਾਨੀ ਕਰ ਰਿਹਾ ਹੈ। ਬਾਈਡੇਨ ਨੇ ਜਾਨਸਨ ਨਾਲ ਗੱਲਬਾਤ ਦੌਰਾਨ ਸਹਿਯੋਗ ਕਰਨ ਦੀ ਇੱਛਾ ਜ਼ਾਹਰ ਕੀਤੀ। ਸ਼ਨੀਵਾਰ ਨੂੰ ਹੋਈ ਇਸ ਗੱਲਬਾਤ ਵਿਚ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਜਾਨਸਨ ਨੇ ਰਾਸ਼ਟਰਪਤੀ ਬਾਈਡੇਨ ਨੂੰ ਕਿਹਾ ਕਿ ਉਹ ਅਮਰੀਕਾ-ਬ੍ਰਿਟੇਨ ਵਿਚਾਲੇ ਨਵਾਂ ਕਾਰੋਬਾਰੀ ਸੌਦਾ ਕਰਨ ਦੇ ਚਾਹਵਾਨ ਹਨ। ਡਾਊਨਿੰਗ ਸਟ੍ਰੀਟ ਤੋਂ ਜਾਰੀ ਬਿਆਨ ਵਿਚ ਇਹ ਕਿਹਾ ਗਿਆ।
ਨਵਾਂ ਕਾਰੋਬਾਰੀ ਸਮਝੌਤਾ ਹੋਣਾ ਬਾਈਡੇਨ ਤੋਂ ਵੱਧ ਜਾਨਸਨ ਲਈ ਮਹੱਤਵਪੂਰਨ ਹੈ। ਬ੍ਰੈਗਜ਼ਿਟ ਦੀ ਮਿਆਦ ਖਤਮ ਹੋਣ ਮਗਰੋਂ ਬ੍ਰਿਟੇਨ ਦਾ ਧਿਆਨ ਹੁਣ ਆਪਣੀ ਰਾਸ਼ਟਰੀ ਕਾਰੋਬਾਰ ਨੀਤੀ 'ਤੇ ਹੈ। ਭਾਵੇਂਕਿ ਵ੍ਹਾਈਟ ਹਾਊਸ ਦੀ ਸਕੱਤਰ ਜੇਨ ਸਾਕੀਨੇ ਸ਼ੁੱਕਰਵਾਰ ਨੂੰ ਕਿਹਾ ਕਿ ਬਾਈਡੇਨ ਪ੍ਰਸ਼ਾਸਨ ਨੇ ਨਵਾਂ ਕਾਰੋਬਾਰੀ ਸਮਝੌਤਾ ਕਰਨ ਲਈ ਕੋਈ ਸਮੇਂ ਸੀਮਾ ਤੈਅ ਨਹੀਂ ਕੀਤੀ ਹੈ ਕਿਉਂਕਿ ਫਿਲਹਾਲ ਬਾਈਡੇਨ ਪ੍ਰਸ਼ਾਸਨ ਦਾ ਧਿਆਨ ਕੋਵਿਡ-19 ਮਹਾਮਾਰੀ ਨੂੰ ਕੰਟਰੋਲ ਕਰਨ 'ਤੇ ਹੈ। ਵ੍ਹਾਈਟ ਹਾਊਸ ਨੇ ਇਕ ਬਿਆਨ ਵਿਚ ਕਿਹਾ ਕਿ ਰਾਸ਼ਟਰਪਤੀ ਨੇ ਦੋਹਾਂ ਦੇਸ਼ਾਂ ਦੇ ਵਿਚਲੇ ਖਾਸ ਸੰਬੰਧਂ ਨੂੰ ਹੋਰ ਮਜ਼ਬੂਤ ਕਰਨ ਅਤੇ ਅਟਲਾਂਟਿਕ ਪਾਰ ਦੇ ਸੰਬੰਧਾਂ ਨੂੰ ਸੁਰਜੀਤ ਕਰਨ ਦਾ ਆਪਣਾ ਇਰਾਦਾ ਜ਼ਾਹਰ ਕੀਤਾ ਅਤੇ ਸਾਂਝਾ ਰੱਖਿਆ ਅਤੇ ਸਾਂਝੀਆਂ ਕਦਰਾਂ ਕੀਮਤਾਂ ਵਿਚ ਨਾਟੋ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ।
ਪੜ੍ਹੋ ਇਹ ਅਹਿਮ ਖਬਰ- ਪਾਕਿ ਅਦਾਲਤ ਨੇ ਹਾਫਿਜ਼ ਸਈਦ ਦੇ ਤਿੰਨ ਸਹਿਯੋਗੀਆਂ ਨੂੰ ਸੁਣਾਈ ਸਜ਼ਾ
ਬਿਆਨ ਵਿਚ ਦੱਸਿਆ ਗਿਆ ਕਿ ਬਾਈਡੇਨ ਨੇ ਜਲਵਾਯੂ ਤਬਦੀਲੀ ਕੋਵਿਡ-19 ਮਹਾਮਾਰੀ ਨੂੰ ਕੰਟਰੋਲ ਕਰਨ ਅਤੇ ਗਲੋਬਲ ਸਿਹਤ ਸੁਰੱਖਿਆ ਜਿਹੀਆਂ ਚੁਣੌਤੀਆਂ 'ਤੇ ਵੀ ਬਹੁਪੱਖੀ ਸੰਗਠਨਾਂ ਦੇ ਜ਼ਰੀਏ ਸਹਿਯੋਗ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਦੋਹਾਂ ਨੇਤਾਵਾਂ ਨੇ ਚੀਨ, ਈਰਾਨ ਅਤੇ ਰੂਸ ਨੂੰ ਲੈਕੇ ਸਾਂਝੀ ਵਿਦੇਸ਼ ਨੀਤੀ ਤਰਜੀਹਾਂ ਦੇ ਤਾਲਮੇਲ ਦੀ ਲੋੜ 'ਤੇ ਵੀ ਚਰਚਾ ਕੀਤੀ। ਬਾਈਡੇਨ ਨੇ ਸ਼ੁੱਕਰਵਾਰ ਨੂੰ ਮੈਕਸੀਕੋ ਦੇ ਰਾਸ਼ਟਰਪਤੀ ਐਂਡਰੇਸ ਮੈਨੁਏਲ ਲੋਪੇਜ ਓਬਰਾਡੋਰ ਨਾਲ ਗੱਲਬਾਤ ਕੀਤੀ। ਗੱਲਬਾਤ ਦੌਰਾਨ ਦੋਹਾਂ ਨੇਤਾਵਾਂ ਨੇ ਖੇਤਰੀ ਇਮੀਗ੍ਰੇਸ਼ਨ ਅਤੇ ਮਹਾਮਾਰੀ ਸਮੇਤ ਵਿਭਿੰਨ ਦੋ-ਪੱਖੀ ਸਹਿਯੋਗ ਦੇ ਹੋਰ ਮੁੱਦਿਆਂ 'ਤੇ ਚਰਚਾ ਕੀਤੀ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।