ਜੋਅ ਬਾਈਡੇਨ ਨੇ ਮਿਲਟਰੀ ਕਮਾਂਡ ਲਈ ਦੋ ਜਨਰਲ ਬੀਬੀਆਂ ਕੀਤੀਆਂ ਨਾਮਜ਼ਦ
Tuesday, Mar 09, 2021 - 05:58 PM (IST)
ਵਾਸ਼ਿੰਗਟਨ (ਬਿਊਰੋ): ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਸੋਮਵਾਰ ਨੂੰ ਦੇਸ਼ ਦੀ ਸੈਨਾ ਦੀ ਕਮਾਂਡ ਬੀਬੀਆਂ ਦੇ ਹੱਥ ਵਿਚ ਸੌਂਪਣ ਦਾ ਫ਼ੈਸਲਾ ਲਿਆ।ਇਸ ਲਈ ਉਹਨਾਂ ਨੇ ਦੋ ਬੀਬੀਆਂ ਦੇ ਨਾਮਜ਼ਦਗੀ ਕੀਤੀ ਹੈ, ਜੋ ਸੰਯੁਕਤ ਰਾਜ ਅਮਰੀਕਾ ਦੇ ਹਥਿਆਰਬੰਦ ਬਲਾਂ ਦੇ ਇਤਿਹਾਸ ਵਿਚ ਦੂਜੀ ਅਤੇ ਤੀਜੀ ਬੀਬੀ ਬਣਨਗੀਆਂ। ਅਮਰੀਕੀ ਹਵਾਈ ਸੈਨਾ ਦੇ ਏਅਰ ਫੋਰਸ ਦੇ ਜਨਰਲ ਜੈਕਲੀਨ ਵੈਨ ਓਵੋਸਟ, ਜੋ ਕਿ ਮੌਜੂਦਾ ਸਮੇਂ ਵਿਚ ਇਕੋ-ਇਕ ਬੀਬੀ ਹੈ ਜੋ ਕਿ ਚਾਰ-ਸਿਤਾਰਾ ਅਧਿਕਾਰੀ ਦੇ ਅਹੁਦੇ 'ਤੇ ਪਹੁੰਚੀ ਹੈ, ਨੂੰ ਸੰਯੁਕਤ ਰਾਜ ਦੇ ਟ੍ਰਾਂਸਪੋਰਟੇਸ਼ਨ ਕਮਾਂਡ ਦੀ ਕਮਾਂਡਰ ਨਾਮਜ਼ਦ ਕੀਤਾ ਗਿਆ ਹੈ।
ਇਸ ਦੌਰਾਨ, ਲੈਫਟੀਨੈਂਟ ਜਨਰਲ ਲੌਰਾ ਰਿਚਰਡਸਨ ਨੂੰ ਦੱਖਣੀ ਕਮਾਂਡ (SOUTHCOM) ਦੀ ਅਗਵਾਈ ਕਰਨ ਲਈ ਨਾਮਜ਼ਦ ਕੀਤਾ ਗਿਆ ਹੈ ਜਿਸ ਵਿੱਚ ਕੇਂਦਰੀ ਅਤੇ ਲਾਤੀਨੀ ਅਮਰੀਕਾ ਨੂੰ ਸ਼ਾਮਲ ਕੀਤਾ ਗਿਆ ਹੈ। ਅਮਰੀਕੀ ਰਾਸ਼ਟਰਪਤੀ ਨੇ ਵ੍ਹਾਈਟ ਹਾਊਸ ਵਿਖੇ ਇੱਕ ਸੰਖੇਪ ਭਾਸ਼ਣ ਦੌਰਾਨ ਦੋਹਾਂ ਜਨਰਲਾਂ ਨੂੰ ਨਾਮਜ਼ਦ ਕਰਦਿਆਂ ਕਿਹਾ,“ਇਨ੍ਹਾਂ ਵਿਚੋਂ ਹਰੇਕ ਨੇ ਆਪਣੇ ਦੇਸ਼ ਪ੍ਰਤੀ ਬੇਮਿਸਾਲ ਹੁਨਰ, ਅਖੰਡਤਾ ਅਤੇ ਫਰਜ਼ ਦਾ ਪ੍ਰਦਰਸ਼ਨ ਕਰਦੇ ਹੋਏ ਕਰੀਅਰ ਦੀ ਅਗਵਾਈ ਕੀਤੀ ਹੈ। ਹਰ ਕਦਮ 'ਤੇ ਉਨ੍ਹਾਂ ਨੇ ਸਾਡੀ ਫੌਜ ਵਿਚ ਬੀਬੀਆਂ ਲਈ ਮੌਕੇ ਦੇ ਦਰਵਾਜ਼ੇ ਖੋਲ੍ਹਣ ਵਿੱਚ ਵੀ ਸਹਾਇਤਾ ਕੀਤੀ ਹੈ।''
ਇਸ ਮੌਕੇ ਬੋਲਦਿਆਂ ਬਾਈਡੇਨ ਨੇ ਕਿਹਾ,“ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਹੈ ਅਤੇ ਸਾਨੂੰ ਸਾਰਿਆਂ ਨੂੰ ਇਨ੍ਹਾਂ ਬੀਬੀਆਂ ਦੀਆਂ ਪ੍ਰਾਪਤੀਆਂ ਨੂੰ ਵੇਖਣ ਅਤੇ ਉਨ੍ਹਾਂ ਨੂੰ ਪਛਾਣਨ ਦੀ ਜ਼ਰੂਰਤ ਹੈ। ਸਾਨੂੰ ਲੋੜ ਹੈ ਕਿ ਨੌਜਵਾਨ ਬੀਬੀਆਂ ਮਿਲਟਰੀ ਸੇਵਾ ਵਿਚ ਆਪਣਾ ਕਰੀਅਰ ਸ਼ੁਰੂ ਕਰਨ ਅਤੇ ਉਹ ਜਾਣ ਲੈਣ ਕਿ ਉਨ੍ਹਾਂ ਲਈ ਕੋਈ ਦਰਵਾਜ਼ਾ ਬੰਦ ਨਹੀਂ ਕੀਤਾ ਜਾਵੇਗਾ। ਸਾਨੂੰ ਛੋਟੀਆਂ ਕੁੜੀਆਂ ਅਤੇ ਮੁੰਡਿਆਂ ਦੋਵਾਂ ਦੀ ਜ਼ਰੂਰਤ ਹੈ, ਜੋ ਆਪਣੇ ਦੇਸ਼ ਦੀ ਸੇਵਾ ਕਰਨ ਦੇ ਸੁਪਨੇ ਦੇਖ ਕੇ ਵੱਡੇ ਹੋਏ ਹਨ।”
ਨੋਟ- ਜੋਅ ਬਾਈਡੇਨ ਵੱਲੋਂ ਮਿਲਟਰੀ ਕਮਾਂਡ ਲਈ ਦੋ ਜਨਰਲ ਬੀਬੀਆਂ ਦੀ ਨਾਮਜ਼ਦਗੀ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।