ਕੋਰੋਨਾ ਆਫ਼ਤ: ਅਮਰੀਕਾ ਨੇ ਮੋਡਰਨਾ-ਫਾਈਜ਼ਰ ਵੈਕਸੀਨ ਦੇ 20 ਕਰੋੜ ਟੀਕੇ ਲਾਉਣ ਲਈ ਖਿੱਚੀ ਤਿਆਰੀ

Friday, Feb 12, 2021 - 06:12 PM (IST)

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਕੋਰੋਨਾ ਵੈਕਸੀਨ ਸਬੰਧੀ ਵੱਡਾ ਐਲਾਨ ਕੀਤਾ ਹੈ। ਅਮਰੀਕਾ ਨੇ ਕੋਰੋਨਾ ਵੈਕਸੀਨ ਬਣਾਉਣ ਵਾਲੀ ਮੋਡਰਨਾ ਅਤੇ ਫਾਈਜ਼ਰ ਕੰਪਨੀਆਂ ਤੋਂ 20 ਕਰੋੜ (200 ਮਿਲੀਅਨ) ਵਾਧੂ ਖੁਰਾਕਾਂ ਖਰੀਦੀਆਂ ਹਨ। ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਕਿ ਮੋਡਰਨਾ ਅਤੇ ਫਾਈਜ਼ਰ ਦੀਆਂ ਹੋਰ 10 ਕਰੋੜ ਖੁਰਾਕਾਂ ਲਈ ਆਖਰੀ ਇਕਰਾਰਨਾਮੇ 'ਤੇ ਦਸਤਖ਼ਤ ਕਰ ਲਏ ਗਏ ਹਨ।

ਬਾਈਡੇਨ ਨੇ ਅੱਗੇ ਕਿਹਾ ਕਿ ਅਸੀਂ ਜੁਲਾਈ ਦੇ ਅਖੀਰ ਤੱਕ ਵਾਧੂ 20 ਕਰੋੜ ਟੀਕਿਆਂ ਦੀ ਡਿਲੀਵਰੀ ਦੀ ਤਾਰੀਖ਼ ਨੂੰ ਅੱਗੇ ਵਧਾਉਣ ਵਿਚ ਸਮਰੱਥ ਹਾਂ ਜੋਕਿ ਆਸ ਤੋਂ ਪਹਿਲਾਂ ਹੈ। ਉਹਨਾਂ ਨੇ ਅੱਗੇ ਕਿਹਾ ਕਿ ਚੰਗੀ ਖ਼ਬਰ ਇਹ ਹੈ ਕਿ ਦੋਵੇਂ ਕੰਪਨੀਆਂ ਸਹਿਮਤ ਹਨ ਅਤੇ ਹੁਣ ਇਕਰਾਰਨਾਮਾ ਹੋ ਚੁੱਕਾ ਹੈ। ਬਾਈਡੇਨ ਨੇ ਕਿਹਾ ਕਿ ਜੁਲਾਈ ਦੇ ਅਖੀਰ ਤੱਕ ਅਮਰੀਕਾ ਵਿਚ 30 ਕਰੋੜ ਅਮਰੀਕੀ ਨਾਗਰਿਕਾਂ ਨੂੰ ਵੈਕਸੀਨ ਲਗਾ ਦਿੱਤੀ ਜਾਵੇਗੀ। ਉਹਨਾਂ ਮੁਤਾਬਕ, ਤਿੰਨ ਹਫ਼ਤਿਆਂ ਦੇ ਅੰਦਰ ਹੀ ਅਸੀਂ ਇੰਨੀ ਵੈਕਸੀਨ ਖਰੀਦ ਲਈ ਹੈ ਕਿ ਹੁਣ ਅਸੀਂ  ਸਾਰੇ ਅਮਰੀਕੀ ਲੋਕਾਂ ਨੂੰ ਟੀਕਾ ਲਗਾ ਸਕਦੇ ਹਾਂ। 

ਪੜ੍ਹੋ ਇਹ ਅਹਿਮ ਖ਼ਬਰ- ਕੋਰੋਨਾ ਆਫ਼ਤ: ਵਿਕਟੋਰੀਆ 'ਚ ਮੁੜ ਲਾਗੂ ਹੋਈ ਤਾਲਾਬੰਦੀ, ਜਾਰੀ ਕੀਤੇ ਦਿਸ਼ਾ ਨਿਰਦੇਸ਼

ਇਹੀ ਨਹੀਂ ਬਾਈਡੇਨ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਲੋੜੀਂਦੇ ਢੰਗ ਨਾਲ ਟੀਕਾਕਰਣ ਮੁਹਿੰਮ ਨਾ ਚਲਾਉਣ ਦਾ ਦੋਸ਼ ਵੀ ਲਗਾਇਆ। ਬਾਈਡੇਨ ਨੇ ਕਿਹਾ ਕਿ ਟਰੰਪ ਨੇ ਲੱਖਾਂ ਅਮਰੀਕੀ ਲੋਕਾਂ ਲਈ ਟੀਕਾਕਰਣ ਮੁਹਿੰਮ ਸਹੀ ਨਾਲ ਤਿਆਰ ਕਰਨ ਦਾ ਪੂਰਾ ਕੰਮ ਨਹੀਂ ਕੀਤਾ। ਉਹਨਾਂ ਨੇ ਲੋੜੀਂਦੀ ਵੈਕਸੀਨ ਲਈ ਆਰਡਰ ਨਹੀਂ ਦਿੱਤਾ। ਉਹਨਾਂ ਨੇ ਕੇਂਦਰੀ ਟੀਕਾਕਰਣ ਸੈਂਟਰ ਦੀ ਵਿਵਸਥਾ ਨਹੀਂ ਕੀਤੀ, ਜਿੱਥੇ ਲੋਕ ਕੋਰੋਨਾ ਵੈਕਸੀਨ ਲਗਵਾਉਂਦੇ। ਇੱਥੇ ਦੱਸ ਦਈਏ ਕਿ ਗਲੋਬਲ ਪੱਧਰ 'ਤੇ ਫੈਲੀ ਕੋਰੋਨਾ ਲਾਗ ਦੀ ਬੀਮਾਰੀ ਨਾਲ ਅਮਰੀਕਾ ਸਭ ਤੋਂ ਵੱਧ ਪ੍ਰਭਾਵਿਤ ਹੈ। ਇੱਥੇ ਕੋਵਿਡ-19 ਨਾਲ ਸਭ ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ। ਇਕੱਲੇ ਅਮਰੀਕਾ ਵਿਚ ਕੋਰੋਨਾ ਦੇ ਗਲੋਬਲ ਮਾਮਲਿਆਂ ਦਾ ਅੰਕੜਾ 25 ਫੀਸਦ ਹੈ। ਬਾਈਡੇਨ ਨੇ ਅੱਗੇ ਕਿਹਾ ਕਿ ਅਸੀਂ ਇਕ ਰਾਸ਼ਟਰੀ ਐਮਰਜੈਂਸੀ ਵਿਚ ਰਹਿ ਰਹੇ ਹਾਂ। ਇਹ ਸਹੀ ਕਰਨ ਵਿਚ ਸਮਾਂ ਲੱਗੇਗਾ। ਇਕ ਜਨਵਰੀ ਨੂੰ ਅਮਰੀਕਾ ਵਿਚ ਕੋਰੋਨਾ ਦੇ ਮਾਮਲੇ 20 ਕਰੋੜ ਦੇ ਪਾਰ ਚਲੇ ਗਏ ਸਨ ਅਤੇ ਪਿਛਲੇ ਇਕ ਮਹੀਨੇ ਵਿਚ 60 ਲੱਖ ਮਾਮਲੇ ਸਾਹਮਣੇ ਆਏ ਹਨ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News