ਬਾਈਡੇਨ ਨੇ ਕੀਤਾ ਜਾਨਸਨ ਐਂਡ ਜਾਨਸਨ ਕੋਰੋਨਾ ਟੀਕੇ ਦੀਆਂ 100 ਮਿਲੀਅਨ ਖੁਰਾਕਾਂ ਖ੍ਰੀਦਣ ਦਾ ਐਲਾਨ

Friday, Mar 12, 2021 - 04:10 PM (IST)

ਬਾਈਡੇਨ ਨੇ ਕੀਤਾ ਜਾਨਸਨ ਐਂਡ ਜਾਨਸਨ ਕੋਰੋਨਾ ਟੀਕੇ ਦੀਆਂ 100 ਮਿਲੀਅਨ ਖੁਰਾਕਾਂ ਖ੍ਰੀਦਣ ਦਾ ਐਲਾਨ

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕਾ ਵਿੱਚ ਕੋਰੋਨਾ ਵਾਇਰਸ ਟੀਕਾਕਰਨ ਮੁਹਿੰਮ ਨੂੰ ਤੇਜ਼ ਕਰਨ ਲਈ ਰਾਸ਼ਟਰਪਤੀ ਜੋਅ ਬਾਈਡੇਨ ਦੁਆਰਾ ਜਾਨਸਨ ਐਂਡ ਜਾਨਸਨ ਕੰਪਨੀ ਦੇ ਇੱਕ ਖੁਰਾਕ ਵਾਲੇ ਟੀਕੇ ਦੀਆਂ ਹੋਰ 100 ਮਿਲੀਅਨ ਖੁਰਾਕਾਂ ਖ੍ਰੀਦਣ ਦਾ ਐਲਾਨ ਕੀਤਾ ਗਿਆ ਹੈ। ਇਸ ਸੰਬੰਧੀ ਵ੍ਹਾਈਟ ਹਾਊਸ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਬਾਈਡੇਨ ਪ੍ਰਸ਼ਾਸਨ ਇਸ ਕੰਪਨੀ ਦੇ ਕੋਰੋਨਾ ਵਾਇਰਸ ਟੀਕੇ ਦੀਆਂ ਹੋਰ 100 ਮਿਲੀਅਨ ਖੁਰਾਕਾਂ ਖਰੀਦ ਰਿਹਾ ਹੈ। 

ਰਾਸ਼ਟਰਪਤੀ ਬਾਈਡੇਨ ਨੇ ਬੁੱਧਵਾਰ ਨੂੰ ਵ੍ਹਾਈਟ ਹਾਊਸ ਵਿੱਚ ਇੱਕ ਪ੍ਰੋਗਰਾਮ ਦੌਰਾਨ ਜਾਨਸਨ ਐਂਡ ਜਾਨਸਨ ਅਤੇ ਮਰਕ ਦੇ ਨਾਲ ਇਸ ਖਰੀਦਦਾਰੀ ਦਾ ਐਲਾਨ ਕੀਤਾ।ਰਾਸ਼ਟਰਪਤੀ ਅਨੁਸਾਰ ਉਹ ਸਿਹਤ ਅਤੇ ਮਨੁੱਖੀ ਸੇਵਾਵਾਂ ਵਿਭਾਗ (ਐਚ ਐਚ ਐਸ) ਨੂੰ ਵਾਧੂ ਟੀਕਿਆਂ ਦੀਆਂ ਖੁਰਾਕਾਂ ਸੁਰੱਖਿਅਤ ਕਰਨ ਲਈ ਨਿਰਦੇਸ਼ ਦੇ ਰਹੇ ਹਨ। ਟੀਕਿਆਂ ਦੇ ਉਤਪਾਦਨ ਸੰਬੰਧੀ ਦੇਸ਼ ਦੀਆਂ ਦੋ ਫਾਰਮਾਸਿਊਟੀਕਲ ਕੰਪਨੀਆਂ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਐਲਾਨ ਕੀਤਾ ਸੀ ਕਿ ਉਹ ਜਾਨਸਨ ਐਂਡ ਜਾਨਸਨ ਦੇ ਸਿੰਗਲ-ਖੁਰਾਕ ਕੋਰੋਨਾ ਵਾਇਰਸ ਟੀਕੇ ਦੇ ਉਤਪਾਦਨ ਨੂੰ ਵਧਾਉਣ ਲਈ ਸਹਿਯੋਗ ਦੇਣਗੀਆਂ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆਈ ਪੀ.ਐੱਮ. ਨੇ ਐਸਟ੍ਰੇਜ਼ੈਨੇਕਾ ਵੈਕਸੀਨ 'ਤੇ ਜਤਾਇਆ ਭਰੋਸਾ

ਇਸ ਲਈ ਕੰਪਨੀ ਮਰਕ ਤੋਂ ਸ਼ਾਟ ਤਿਆਰ ਕਰਨ ਲਈ ਦੋ ਫੈਕਟਰੀਆਂ ਦੇਣ ਦੀ ਉਮੀਦ ਕੀਤੀ ਜਾਂਦੀ ਹੈ। ਬਾਈਡੇਨ ਨੇ ਆਪਣੇ ਕਾਰਜਕਾਲ ਦੇ ਪਹਿਲੇ 100 ਦਿਨਾਂ ਦੌਰਾਨ ਦੇਸ਼ ਨੂੰ ਘੱਟੋ ਘੱਟ 100 ਮਿਲੀਅਨ ਟੀਕੇ ਲਗਾਉਣ ਦਾ ਟੀਚਾ ਨਿਰਧਾਰਤ ਕੀਤਾ ਹੈ ਅਤੇ ਉਨ੍ਹਾਂ ਦੇ ਪ੍ਰਸ਼ਾਸਨ ਨੇ ਇਸ ਟੀਚੇ ਨੂੰ ਤੇਜ਼ ਕਰਨ ਲਈ ਟੀਕੇ ਦੀਆਂ ਖੁਰਾਕਾਂ ਦੀ ਸਪਲਾਈ ਨੂੰ ਵਧਾਉਣਾ ਜਾਰੀ ਰੱਖਿਆ ਹੈ। ਪਿਛਲੇ ਮਹੀਨੇ, ਐਚ ਐਚ ਐਸ ਨੇ ਫਾਈਜ਼ਰ ਅਤੇ ਮੋਡਰਨਾ ਤੋਂ ਕੋਰੋਨਾ ਟੀਕਿਆਂ ਦੀਆਂ 200 ਮਿਲੀਅਨ ਹੋਰ ਖੁਰਾਕਾਂ ਖਰੀਦਣ ਦੀ ਘੋਸ਼ਣਾ ਕੀਤੀ ਸੀ। ਇਸ ਦੇ ਇਲਾਵਾ ਜਾਨਸਨ ਐਂਡ ਜਾਨਸਨ ਦੇ ਸਿੰਗਲ ਸ਼ਾਟ ਟੀਕੇ ਦੇ ਅਧਿਕਾਰ ਨਾਲ ਅਮਰੀਕਾ ਵਿੱਚ ਟੀਕਾਕਰਨ 'ਚ ਹੋਰ ਤੇਜ਼ੀ ਆਉਣ ਦੀ ਉਮੀਦ ਹੈ। 

ਟੀਕਾਕਰਨ ਸੰਬੰਧੀ ਬਿਮਾਰੀ ਕੰਟਰੋਲ ਅਤੇ ਰੋਕਥਾਮ ਕੇਂਦਰ (ਸੀ ਡੀ ਸੀ) ਦੇ ਅਨੁਸਾਰ, ਮੰਗਲਵਾਰ ਤੱਕ 93.7 ਮਿਲੀਅਨ ਤੋਂ ਵੱਧ ਟੀਕੇ ਦੀਆਂ ਖੁਰਾਕਾਂ ਦਾ ਪ੍ਰਬੰਧਣ ਕੀਤਾ ਗਿਆ ਹੈ ਅਤੇ 123.2 ਮਿਲੀਅਨ ਖੁਰਾਕਾਂ ਵੰਡੀਆਂ ਗਈਆਂ ਹਨ। ਇਸ ਦੇ ਨਾਲ ਹੀ 32 ਮਿਲੀਅਨ ਤੋਂ ਵੱਧ ਅਮਰੀਕੀ ਪੂਰਾ ਟੀਕੇ ਲਗਵਾ ਚੁੱਕੇ ਹਨ, ਜਦਕਿ ਦੇਸ਼ ਵਿੱਚ  ਹੁਣ ਔਸਤਨ 2 ਮਿਲੀਅਨ ਤੋਂ ਵੱਧ ਸ਼ਾਟ ਪ੍ਰਤੀ ਦਿਨ ਲਗਾਏ ਜਾ ਰਹੇ ਹਨ।


author

Vandana

Content Editor

Related News