''''ਲੰਬੇ ਸਮੇਂ ਤੱਕ ਚੱਲਿਆ ਤਾਂ...!'''', ਸ਼ਟਡਾਊਨ ਨੂੰ ਲੈ ਕੇ JD ਵੈਂਸ ਨੇ ਦਿੱਤੀ ਵੱਡੀ ਚਿਤਾਵਨੀ
Thursday, Oct 02, 2025 - 11:57 AM (IST)

ਇੰਟਰਨੈਸ਼ਨਲ ਡੈਸਕ- ਅਮਰੀਕਾ ਵਿੱਚ ਸੰਯੁਕਤ ਕਾਂਗਰਸ ਵੱਲੋਂ ਫੰਡਿੰਗ ਬਿੱਲ ਪਾਸ ਨਾ ਹੋਣ ਕਾਰਨ ਫੈਡਰਲ ਸਰਕਾਰ ਅਧਿਕਾਰਕ ਤੌਰ ‘ਤੇ ਸ਼ਟਡਾਊਨ ਹੋ ਗਈ ਹੈ। ਸਾਲ 2019 ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਹੈ।
ਤਾਜ਼ਾ ਹਾਲਾਤ ਨੂੰ ਦੇਖਦਿਆਂ ਅਮਰੀਕਾ ਦੇ ਵਾਈਸ ਪ੍ਰੈਜ਼ੀਡੈਂਟ ਜੇ.ਡੀ. ਵੈਂਸ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਸ਼ਟਡਾਊਨ ਕਾਰਨ ਲੱਖਾਂ ਕਰਮਚਾਰੀ ਪ੍ਰਭਾਵਿਤ ਹੋਣਗੇ। ਉਨ੍ਹਾਂ ਕਿਹਾ ਕਿ ਜੇਕਰ ਇਹ ਸ਼ਟਡਾਊਨ ਲੰਬੇ ਸਮੇਂ ਤੱਕ ਚੱਲਿਆ ਤਾਂ ਕਈ ਲੋਕਾਂ ਨੂੰ ਆਪਣੀ ਨੌਕਰੀ ਵੀ ਗੁਆਉਣੀ ਪੈ ਸਕਦੀ ਹੈ।
ਜ਼ਿਕਰਯੋਗ ਹੈ ਕਿ ਇਸ ਸ਼ਟਡਾਊਨ ਦੇ ਕਾਰਨ ਸਿੱਖਿਆ, ਵਾਤਾਵਰਨ ਤੇ ਇਸ ਜਿਹੇ ਹੋਰ ਕਈ ਸੈਕਟਰ ਠੱਪ ਹੋ ਜਾਣਗੇ, ਜਿਸ ਦਾ ਅਸਰ ਪੂਰੇ ਦੇਸ਼ 'ਤੇ ਦਿਖੇਗਾ। ਇਸ ਦੌਰਾਨ ਸਰਕਾਰ ਕਰੀਬ 7 ਲੱਖ ਕਰਮਚਾਰੀਆਂ ਨੂੰ ਛੁੱਟੀ 'ਤੇ ਭੇਜ ਸਕਦੀ ਹੈ, ਜਦਕਿ ਕਈਆਂ ਨੂੰ ਨੌਕਰੀ ਤੋਂ ਹਟਾਇਆ ਵੀ ਜਾ ਸਕਦਾ ਹੈ। ਜਿਨ੍ਹਾਂ ਕਰਮਚਾਰੀਆਂ ਦੀਆਂ ਸੇਵਾਵਾਂ ਜ਼ਰੂਰੀ ਮੰਨੀਆਂ ਗਈਆਂ ਹਨ, ਉਹ ਕੰਮ ਜਾਰੀ ਰੱਖਣਗੇ, ਪਰ ਜ਼ਿਆਦਾਤਰ ਕਰਮਚਾਰੀਆਂ ਨੂੰ ਸ਼ਟਡਾਊਨ ਤੱਕ ਤਨਖ਼ਾਹ ਤੋਂ ਬਿਨਾਂ ਵੀ ਕੰਮ ਕਰਨਾ ਪੈ ਸਕਦਾ ਹੈ।
ਸਰਕਾਰੀ ਬੰਦ ਕਾਰਨ ਆਵਾਜਾਈ, ਘਰ ਖਰੀਦਣ ਅਤੇ ਛੋਟੇ ਵਪਾਰੀਆਂ ਨੂੰ ਮਿਲਣ ਵਾਲੇ ਫੰਡਾਂ ‘ਤੇ ਵੀ ਪ੍ਰਭਾਵ ਪੈ ਸਕਦਾ ਹੈ। ਵੈਂਸ ਨੇ ਲੋਕਾਂ ਨੂੰ ਸੁਚੇਤ ਕੀਤਾ ਹੈ ਕਿ ਜਲਦੀ ਤੋਂ ਜਲਦੀ ਸਰਕਾਰ ਮੁੜ ਚਾਲੂ ਹੋਵੇ, ਤਾਂ ਹੀ ਆਮ ਲੋਕਾਂ ਨੂੰ ਸਰਕਾਰੀ ਸੇਵਾਵਾਂ ਆਮ ਵਾਂਗ ਮਿਲ ਸਕਣਗੀਆਂ।
ਦੱਸ ਦੇਈਏ ਕਿ ਸਰਕਾਰੀ ਸ਼ਟਡਾਊਨ ਉਦੋਂ ਹੁੰਦਾ ਹੈ ਜਦੋਂ ਸਾਲਾਨਾ ਖਰਚ ਬਿੱਲਾਂ 'ਤੇ ਕੋਈ ਸਮਝੌਤਾ ਨਹੀਂ ਹੁੰਦਾ। ਅਮਰੀਕੀ ਸਰਕਾਰ ਦੇ ਵੱਖ-ਵੱਖ ਵਿਭਾਗਾਂ ਨੂੰ ਕੰਮ ਕਰਨ ਲਈ ਵੱਡੀ ਰਕਮ ਦੀ ਲੋੜ ਹੁੰਦੀ ਹੈ। ਇਸ ਲਈ ਕਾਂਗਰਸ ਨੂੰ ਬਜਟ ਜਾਂ ਫੰਡਿੰਗ ਬਿੱਲ ਪਾਸ ਕਰਨ ਦੀ ਲੋੜ ਹੁੰਦੀ ਹੈ। ਜਦੋਂ ਰਾਜਨੀਤਿਕ ਅਸਹਿਮਤੀ ਜਾਂ ਡੈੱਡਲਾਕ ਕਾਰਨ ਫੰਡਿੰਗ ਬਿੱਲ ਪਾਸ ਨਹੀਂ ਹੁੰਦੇ, ਜਿਸ ਕਾਰਨ ਸਰਕਾਰ ਕੋਲ ਖਰਚ ਕਰਨ ਲਈ ਕੋਈ ਕਾਨੂੰਨੀ ਤੌਰ 'ਤੇ ਫੰਡ ਨਹੀਂ ਬਚਦੇ। ਅਜਿਹੀ ਸਥਿਤੀ ਵਿੱਚ ਅਮਰੀਕੀ ਸਰਕਾਰ ਗੈਰ-ਜ਼ਰੂਰੀ ਸੇਵਾਵਾਂ ਨੂੰ ਮੁਅੱਤਲ ਕਰਨ ਲਈ ਮਜਬੂਰ ਹੋ ਜਾਂਦੀ ਹੈ ਤੇ ਇਸ ਪ੍ਰਕਿਰਿਆ ਨੂੰ ਸਰਕਾਰੀ ਸ਼ਟਡਾਊਨ ਕਿਹਾ ਜਾਂਦਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e