ਇਕ ਵਾਰ ਫ਼ਿਰ ਪਿਤਾ ਬਣਨ ਜਾ ਰਹੇ ਅਮਰੀਕਾ ਦੇ ਉਪ-ਰਾਸ਼ਟਰਪਤੀ ਵੈਂਸ ! ਚੌਥੇ ਬੱਚੇ ਨੂੰ ਜਨਮ ਦੇਵੇਗੀ ਊਸ਼ਾ
Wednesday, Jan 21, 2026 - 09:33 AM (IST)
ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਦੀ ਪਤਨੀ ਊਸ਼ਾ ਵੈਂਸ ਨੇ ਸੋਸ਼ਲ ਮੀਡੀਆ ਰਾਹੀਂ ਐਲਾਨ ਕੀਤਾ ਹੈ ਕਿ ਉਹ ਮਾਂ ਬਣਨ ਵਾਲੀ ਹੈ ਅਤੇ ਉਹ ਆਪਣੇ ਚੌਥੇ ਬੱਚੇ ਦੀ ਉਡੀਕ ਕਰ ਰਹੇ ਹਨ। ਉਪ-ਰਾਸ਼ਟਰਪਤੀ ਦੁਆਰਾ ਜਾਰੀ ਕੀਤੇ ਗਏ ਬਿਆਨ ਵਿੱਚ ਪੁਸ਼ਟੀ ਕੀਤੀ ਗਈ ਹੈ ਕਿ ਇਹ ਬੱਚਾ ਇੱਕ ਲੜਕਾ ਹੋਵੇਗਾ, ਜਿਸ ਦਾ ਜਨਮ ਜੁਲਾਈ ਦੇ ਅਖੀਰ ਵਿੱਚ ਹੋਣ ਦੀ ਸੰਭਾਵਨਾ ਹੈ।
ਊਸ਼ਾ ਵੈਂਸ ਅਮਰੀਕੀ ਇਤਿਹਾਸ ਦੀ ਪਹਿਲੀ ਅਜਿਹੀ 'ਸੈਕੰਡ ਲੇਡੀ' ਬਣ ਜਾਵੇਗੀ ਜੋ ਆਪਣੇ ਪਤੀ ਦੇ ਉਪ-ਰਾਸ਼ਟਰਪਤੀ ਵਜੋਂ ਕਾਰਜਕਾਲ ਦੌਰਾਨ ਬੱਚੇ ਨੂੰ ਜਨਮ ਦੇਵੇਗੀ। ਹਾਲਾਂਕਿ, ਅਤੀਤ ਵਿੱਚ ਕਈ 'ਫਸਟ ਲੇਡੀਜ਼' ਨੇ ਰਾਸ਼ਟਰਪਤੀਆਂ ਦੇ ਕਾਰਜਕਾਲ ਦੌਰਾਨ ਬੱਚਿਆਂ ਨੂੰ ਜਨਮ ਦਿੱਤਾ ਹੈ। ਜੇ.ਡੀ. ਵੈਂਸ ਅਤੇ 40 ਸਾਲਾ ਊਸ਼ਾ ਵੈਂਸ ਦੇ ਪਹਿਲਾਂ ਹੀ ਤਿੰਨ ਬੱਚੇ ਹਨ- ਦੋ ਪੁੱਤਰ (ਇਵਾਨ ਤੇ ਵਿਵੇਕ) ਅਤੇ ਇੱਕ ਬੇਟੀ (ਮੀਰਾਬੇਲ)।
ਜ਼ਿਕਰਯੋਗ ਹੈ ਕਿ ਊਸ਼ਾ ਦਾ ਜਨਮ ਸੈਨ ਡਿਏਗੋ, ਕੈਲੀਫੋਰਨੀਆ ਵਿੱਚ ਹੋਇਆ ਸੀ ਅਤੇ ਉਨ੍ਹਾਂ ਦੇ ਮਾਤਾ-ਪਿਤਾ ਭਾਰਤ ਦੇ ਆਂਧਰਾ ਪ੍ਰਦੇਸ਼ ਤੋਂ ਅਮਰੀਕਾ ਪ੍ਰਵਾਸ ਕਰ ਗਏ ਸਨ। ਊਸ਼ਾ ਅਤੇ ਜੇ.ਡੀ. ਵੈਂਸ ਦੀ ਮੁਲਾਕਾਤ ਯੇਲ ਲਾਅ ਸਕੂਲ ਵਿੱਚ 2010 ਦੌਰਾਨ ਹੋਈ ਸੀ। ਸੈਕੰਡ ਲੇਡੀ ਬਣਨ ਤੋਂ ਪਹਿਲਾਂ ਊਸ਼ਾ ਇੱਕ ਸਫਲ ਕਾਰਪੋਰੇਟ ਵਕੀਲ ਰਹੀ ਹੈ ਅਤੇ ਉਸਨੇ ਅਮਰੀਕੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਜੌਨ ਰੌਬਰਟਸ ਅਤੇ ਜਸਟਿਸ ਬ੍ਰੈਟ ਕੈਵਾਨਾ ਦੇ ਨਾਲ ਲਾਅ ਕਲਰਕ ਵਜੋਂ ਵੀ ਸੇਵਾ ਨਿਭਾਈ ਹੈ।
ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਨੇ ਉਨ੍ਹਾਂ ਫੌਜੀ ਡਾਕਟਰਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਹੈ ਜੋ ਉਨ੍ਹਾਂ ਦੇ ਪਰਿਵਾਰ ਦੀ ਦੇਖਭਾਲ ਕਰ ਰਹੇ ਹਨ, ਤਾਂ ਜੋ ਉਹ ਦੇਸ਼ ਦੀ ਸੇਵਾ ਦੇ ਨਾਲ-ਨਾਲ ਆਪਣੇ ਪਰਿਵਾਰਕ ਜੀਵਨ ਦਾ ਆਨੰਦ ਮਾਣ ਸਕਣ। ਇਸ ਖ਼ਬਰ ਨਾਲ ਵੈਂਸ ਦੀ ਉਪ-ਰਾਸ਼ਟਰਪਤੀ ਵਜੋਂ ਸ਼ੁਰੂਆਤੀ ਮਹੀਨਿਆਂ ਵਿੱਚ ਇੱਕ ਨਿੱਜੀ ਪਹਿਲੂ ਜੁੜ ਗਿਆ ਹੈ, ਜੋ ਜਨਤਕ ਸੇਵਾ ਅਤੇ ਪਰਿਵਾਰਕ ਜੀਵਨ ਦੇ ਸੰਤੁਲਨ ਨੂੰ ਦਰਸਾਉਂਦਾ ਹੈ।
