ਜਾਪਾਨ ''ਚ ਵੱਡਾ ਸਿਆਸੀ ਧਮਾਕਾ: PM ਤਾਕਾਇਚੀ ਨੇ ਭੰਗ ਕੀਤੀ ਸੰਸਦ, 8 ਫਰਵਰੀ ਨੂੰ ਹੋਣਗੀਆਂ ਮੱਧਕਾਲੀ ਚੋਣਾਂ
Friday, Jan 23, 2026 - 11:43 AM (IST)
ਟੋਕੀਓ (ਏਜੰਸੀ) : ਜਾਪਾਨ ਦੀ ਸਿਆਸਤ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜਾਪਾਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਸਾਨੇ ਤਾਕਾਇਚੀ ਨੇ ਸ਼ੁੱਕਰਵਾਰ ਨੂੰ ਸੰਸਦ ਦੇ ਹੇਠਲੇ ਸਦਨ ਨੂੰ ਭੰਗ ਕਰ ਦਿੱਤਾ ਹੈ। ਇਸ ਫੈਸਲੇ ਨਾਲ ਦੇਸ਼ ਵਿੱਚ 8 ਫਰਵਰੀ ਨੂੰ ਮੱਧਕਾਲੀ ਚੋਣਾਂ (Mid-term Elections) ਕਰਵਾਉਣ ਦਾ ਰਸਤਾ ਸਾਫ਼ ਹੋ ਗਿਆ ਹੈ। ਤਾਕਾਇਚੀ ਨੇ ਇਹ ਕਦਮ ਸੱਤਾ ਸੰਭਾਲਣ ਦੇ ਮਹਿਜ਼ 3 ਮਹੀਨਿਆਂ ਦੇ ਅੰਦਰ ਹੀ ਚੁੱਕਿਆ ਹੈ।
ਅਕਤੂਬਰ ਵਿੱਚ ਪ੍ਰਧਾਨ ਮੰਤਰੀ ਬਣੀ ਤਾਕਾਇਚੀ ਦੀ ਲੋਕਪ੍ਰਿਯਤਾ ਇਸ ਵੇਲੇ ਸਿਖਰਾਂ 'ਤੇ ਹੈ। ਇਕ ਸਰਵੇਖਣ ਮੁਤਾਬਕ ਉਨ੍ਹਾਂ ਨੂੰ 70 ਫੀਸਦੀ ਲੋਕਾਂ ਦਾ ਸਮਰਥਨ ਹਾਸਲ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਤਾਕਾਇਚੀ ਆਪਣੀ ਇਸ ਮਜ਼ਬੂਤ ਸਥਿਤੀ ਦਾ ਫਾਇਦਾ ਉਠਾ ਕੇ ਸੱਤਾਧਾਰੀ 'ਲਿਬਰਲ ਡੈਮੋਕ੍ਰੇਟਿਕ ਪਾਰਟੀ' (LDP) ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦੀ ਹੈ, ਤਾਂ ਜੋ ਪਿਛਲੇ ਸਾਲਾਂ ਵਿੱਚ ਹੋਏ ਸਿਆਸੀ ਨੁਕਸਾਨ ਦੀ ਭਰਪਾਈ ਕੀਤੀ ਜਾ ਸਕੇ।
ਪ੍ਰਧਾਨ ਮੰਤਰੀ ਤਾਕਾਇਚੀ ਦੇ ਇਸ ਫੈਸਲੇ ਦਾ ਅਸਰ ਕੌਮਾਂਤਰੀ ਪੱਧਰ 'ਤੇ ਵੀ ਦੇਖਣ ਨੂੰ ਮਿਲੇਗਾ। ਤਾਈਵਾਨ ਦੇ ਸਮਰਥਨ ਵਿੱਚ ਦਿੱਤੇ ਬਿਆਨਾਂ ਕਾਰਨ ਚੀਨ ਨਾਲ ਜਾਪਾਨ ਦੀ ਤਲਖ਼ੀ ਵਧ ਰਹੀ ਹੈ। ਦੂਜੇ ਪਾਸੇ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਜਾਪਾਨ 'ਤੇ ਹਥਿਆਰਾਂ 'ਤੇ ਖਰਚਾ ਵਧਾਉਣ ਲਈ ਲਗਾਤਾਰ ਦਬਾਅ ਪਾਇਆ ਜਾ ਰਿਹਾ ਹੈ। ਅਜਿਹੀ ਸਥਿਤੀ ਵਿੱਚ ਤਾਕਾਇਚੀ ਚੋਣਾਂ ਜਿੱਤ ਕੇ ਇਕ ਮਜ਼ਬੂਤ ਆਗੂ ਵਜੋਂ ਉੱਭਰਨਾ ਚਾਹੁੰਦੀ ਹੈ।
ਸੰਸਦ ਭੰਗ ਹੋਣ ਨਾਲ ਜਾਪਾਨ ਦੇ ਉਸ ਬਜਟ 'ਤੇ ਵੋਟਿੰਗ ਟਲ ਗਈ ਹੈ, ਜਿਸ ਦਾ ਮਕਸਦ ਦੇਸ਼ ਦੀ ਲੜਖੜਾਉਂਦੀ ਆਰਥਿਕਤਾ ਨੂੰ ਗਤੀ ਦੇਣਾ ਅਤੇ ਵਧ ਰਹੀ ਮਹਿੰਗਾਈ 'ਤੇ ਨੱਥ ਪਾਉਣਾ ਸੀ। ਹੁਣ ਦੇਸ਼ ਦੀ ਜਨਤਾ ਤੈਅ ਕਰੇਗੀ ਕਿ ਉਹ ਤਾਕਾਇਚੀ ਦੇ ਫੈਸਲਿਆਂ 'ਤੇ ਮੋਹਰ ਲਗਾਉਂਦੀ ਹੈ ਜਾਂ ਨਹੀਂ। ਸਦਨ ਦੇ ਭੰਗ ਹੋਣ ਤੋਂ ਬਾਅਦ ਹੁਣ 12 ਦਿਨਾਂ ਦੀ ਚੋਣ ਮੁਹਿੰਮ ਅਧਿਕਾਰਤ ਤੌਰ 'ਤੇ ਮੰਗਲਵਾਰ ਤੋਂ ਸ਼ੁਰੂ ਹੋਵੇਗੀ। ਇਹ ਚੋਣਾਂ ਤਾਕਾਇਚੀ ਦੇ ਸਿਆਸੀ ਭਵਿੱਖ ਅਤੇ ਜਾਪਾਨ ਦੀ ਆਰਥਿਕ ਤੇ ਵਿਦੇਸ਼ ਨੀਤੀ ਲਈ ਬਹੁਤ ਮਹੱਤਵਪੂਰਨ ਮੰਨੀਆਂ ਜਾ ਰਹੀਆਂ ਹਨ।
