'Quad' 'ਚ ਸ਼ਾਮਲ ਦੇਸ਼ਾਂ ਨੇ ਚੀਨ ਦੀ ਵੱਧਦੀ ਤਾਕਤ 'ਤੇ ਕੀਤੀ ਚਰਚਾ
Wednesday, Oct 07, 2020 - 02:28 AM (IST)
ਟੋਕੀਓ/ਮੈਲਬੌਰਨ (ਭਾਸ਼ਾ) ਜਾਪਾਨ ਦੇ ਨਵੇਂ ਪ੍ਰਧਾਨ ਮੰਤਰੀ ਯੋਸ਼ਿਹਿਦੇ ਸੁਗਾ ਨੇ ਮੰਗਲਵਾਰ ਨੂੰ ਅਮਰੀਕੀ ਅਤੇ ਹੋਰ ਡਿਪਲੋਮੈਟਾਂ ਦੇ ਨਾਲ ਇਕ ਮੁਲਾਕਾਤ ਕੀਤੀ। ਮੁਲਾਕਾਤ ਵਿਚ ਸੁਗਾ ਨੇ ਕਿਹਾ ਕਿ ਚੀਨ ਦੀਆਂ ਵੱਧਦੀਆਂ ਪਹਿਲਕਦਮੀਆਂ ਨੂੰ ਰੋਕਣ ਦੇ ਲਈ ਉਹਨਾਂ ਦੀ ਪਹਿਲ 'ਮੁਕਤ ਅਤੇ ਖੁੱਲ੍ਹਾ ਹਿੰਦ-ਪ੍ਰਸ਼ਾਂਤ' (FOIP), ਕੋਰੋਨਾਵਾਇਰਸ ਮਹਾਮਾਰੀ ਨਾਲ ਪੈਦਾ ਹੋਈਆਂ ਚੁਣੌਤੀਆਂ ਦੇ ਵਿਚ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਹੱਤਵਪੂਰਨ ਹੈ।
ਕਵਾਡ ਸਮੂਹ-ਅਮਰੀਕਾ, ਜਾਪਾਨ, ਭਾਰਤ ਅਤੇ ਆਸਟ੍ਰੇਲੀਆ- ਦੇ ਤੌਰ 'ਤੇ ਮਸ਼ਹੂਰ ਹਿੰਦ-ਪ੍ਰਸ਼ਾਂਤ ਰਾਸ਼ਟਰਾਂ ਦੇ ਵਿਦੇਸ਼ ਮੰਤਰੀ ਕੋਰੋਨਾਵਾਇਰਸ ਮਹਾਮਾਰੀ ਦੇ ਬਾਅਦ ਤੋਂ ਪਹਿਲੀ ਵਾਰ ਟੋਕੀਓ ਵਿਚ ਆਹਮੋ-ਸਾਹਮਣੇ ਦੀ ਵਾਰਤਾ ਲਈ ਇਕੱਠੇ ਹੋ ਰਹੇ ਹਨ। ਸੁਗਾ ਨੇ ਕਿਹਾ,''ਅੰਤਰਰਾਸ਼ਟਰੀ ਭਾਈਚਾਰਾ ਮਹਾਮਾਰੀ ਦੇ ਹੱਲ ਵਿਚ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਸ ਲਈ ਹੁਣ ਇਹੀ ਸਮਾਂ ਹੈ ਜਦੋਂ ਸਾਨੂੰ ਆਪਣੇ ਨਜ਼ਰੀਏ ਨਾਲ ਸਹਿਮਤੀ ਰੱਖਣ ਵਾਲੇ ਵੱਧ ਤੋਂ ਵੱਧ ਦੇਸ਼ਾਂ ਦੇ ਨਾਲ ਆਪਣੇ ਤਾਲਮੇਲ ਨੂੰ ਵਧਾਉਣਾ ਚਾਹੀਦਾ ਹੈ।''
ਉਹਨਾਂ ਨੇ 16 ਅਪ੍ਰੈਲ ਨੂੰ ਅਹੁਦਾ ਸੰਭਾਲਿਆ ਸੀ ਅਤੇ ਆਪਣੇ ਤੋਂ ਪਹਿਲਾਂ ਸ਼ਿੰਜ਼ੋ ਆਬੇ ਦੀ ਤਰ੍ਹਾਂ ਸੁਰੱਖਿਆ ਅਤੇ ਕੂਟਨੀਤਕ ਮਾਮਲਿਆਂ ਸਬੰਧੀ ਉਹਨਾਂ ਦੇ ਰੁੱਖ਼ 'ਤੇ ਕਾਇਮ ਰਹਿਣ ਦਾ ਸੰਕਲਪ ਜ਼ਾਹਰ ਕੀਤਾ ਸੀ। ਐੱਫ.ਓ.ਆਈ.ਪੀ. ਨੂੰ ਵਧਾਵਾ ਦੇਣ ਵਿਚ ਆਬੇ ਦਾ ਮਹੱਤਵਪੂਰਨ ਯੋਗਦਾਨ ਸੀ, ਜਿਸ ਨੂੰ ਸੁਗਾ ਇਸ ਖੇਤਰ ਵਿਚ ਸ਼ਾਂਤੀ ਅਤੇ ਸਥਿਰਤਾ ਦਾ ਦ੍ਰਿਸ਼ਟੀਕੋਣ ਕਰਾਰ ਦਿੰਦੇ ਹਨ। ਉਹ ਇਸ ਦਿਸ਼ਾ ਵਿਚ ਕੋਸ਼ਿਸ਼ ਜਾਰੀ ਰੱਖਣ ਦਾ ਸੰਕਲਪ ਜ਼ਾਹਰ ਕਰਦੇ ਹਨ।
ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੋਂਪਿਓ, ਆਸਟ੍ਰੇਲੀਆਈ ਵਿਦੇਸ਼ ਮੰਤਰੀ ਮਾਰਿਸ ਪਾਯਨੇ, ਭਾਰਤੀ ਵਿਦੇਸ਼ ਮੰਤਰੀ ਸੁਬਰਾਮਣੀਅਮ ਜੈਸ਼ੰਕਰ ਅਤੇ ਉਹਨਾਂ ਦੇ ਜਾਪਾਨੀ ਹਮਰੁਤਬਾ ਤੋਸ਼ੀਮਿਤਸੁ ਮੋਟੇਗੀ ਦੇ ਵਿਚ ਕਵਾਡ ਦੀ ਵਿਦੇਸ਼ ਮੰਤਰੀ ਪੱਧਰ ਦੀ ਬੈਠਕ ਹੋਣੀ ਹੈ। ਇਸ ਤੋਂ ਪਹਿਲਾਂ ਪੋਂਪਿਓ ਨੇ ਵੱਖ-ਵੱਖ ਆਪਣੇ ਤਿੰਨੇ ਹਮਰੁਤਬਿਆਂ ਨਾਲ ਮੁਲਾਕਾਤ ਕੀਤੀ ਅਤੇ ਖੇਤਰ ਵਿਚ ਚੀਨ ਦੇ ਵੱਧਦੇ ਪ੍ਰਭਾਵ 'ਤੇ ਆਪਣੀ ਚਿੰਤਾ ਜ਼ਾਹਰ ਕੀਤੀ। ਨਾਲ ਹੀ ਇਹਨਾਂ ਚਿੰਤਾਵਾਂ ਨੂੰ ਸਾਂਝਾ ਕਰਨ ਵਾਲੇ ਦੇਸ਼ਾਂ ਦੇ ਵਿਚ ਸਹਿਯੋਗ ਦੇ ਮਹੱਤਵ ਨੂੰ ਵੀ ਰੇਖਾਂਕਿਤ ਕੀਤਾ।
ਪੋਂਪਿਓ ਨੇ ਨਾਲ ਆਪਣੇ ਦੁਪਹਿਰ ਦੇ ਭੋਜਨ ਵਿਚ ਮੋਟੇਗੀ ਨੇ ਕਿਹਾ,''ਮੈਨੂੰ ਆਸ ਹੈ ਕਿ ਜਾਪਾਨ ਅਤੇ ਅਮਰੀਕਾ ਮੁਕਤ ਅਤੇ ਖੁੱਲ੍ਹੇ ਹਿੰਦ-ਪ੍ਰਸ਼ਾਂਤ ਦੇ ਲਈ ਅੰਤਰਰਾਸ਼ਟਰੀ ਭਾਈਚਾਰੇ ਦੀ ਅਗਵਾਈ ਕਰਨਗੇ।'' ਉਹਨਾਂ ਨੇ ਕਿਹਾ ਕਿ ਜਾਪਾਨ ਦੇ ਨਵੇਂ ਪ੍ਰਧਾਨ ਮੰਤਰੀ ਯੋਸ਼ਿਹਿਦੇ ਸੁਗਾ ਦੀ ਅਗਵਾਈ ਵਿਚ ਜਾਪਾਨ-ਅਮਰੀਕਾ ਗਠਜੋੜ ਖੇਤਰ ਵਿਚ ਸ਼ਾਂਤੀ ਤੇ ਸਥਿਰਤਾ ਦੇ ਲਈ ਮਹੱਤਵਪੂਰਨ ਬਣਿਆ ਰਹੇਗਾ। ਸੁਗਾ ਨੇ ਆਪਣੇ ਪੂਰਵਗਾਮੀ ਸ਼ਿੰਜ਼ੋ ਆਬੇ ਦੇ ਸੁਰੱਖਿਆ ਅਤੇ ਕੂਟਨੀਤਕ ਰੁੱਖ਼ ਨੂੰ ਬਰਕਰਾਰ ਰੱਖਣ ਦੀ ਵਚਨਬੱਧਤਾ ਜ਼ਾਹਰ ਕੀਤੀ ਸੀ। ਪੋਂਪਿਓ ਨੇ ਸੁਗਾ ਦੇ ਸੁੰਤਤਰ ਅਤੇ ਖੁੱਲ੍ਹੇ ਹਿੰਦ-ਪ੍ਰਸ਼ਾਂਤ ਖੇਤਰ ਨੂੰ ਖੇਤਰੀ ਸ਼ਾਂਤੀ ਅਤੇ ਸਥਿਰਤਾ ਦੀ ਨੀਂਹ ਦੱਸਣ ਦਾ ਵੀ ਸਵਾਗਤ ਕੀਤਾ ਅਤੇ ਕਿਹਾ ਕਿ ਮੈਂ ਉਹਨਾਂ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ।