ਜਾਪਾਨ ਸਰਕਾਰ ਦਾ ਵੱਡਾ ਕਦਮ, ਵਿਦੇਸ਼ੀ ਯਾਤਰੀਆਂ ਨੂੰ ਵੀਜ਼ਾ ਸਬੰਧੀ ਦੇਵੇਗੀ ਇਹ ਸਹੂਲਤ
Monday, Sep 12, 2022 - 11:12 AM (IST)
ਟੋਕੀਓ (ਏਜੰਸੀ) ਜਾਪਾਨ ਸਰਕਾਰ ਸੈਲਾਨੀਆਂ ਦੇ ਹਿੱਤ 'ਚ ਵੱਡਾ ਫ਼ੈਸਲਾ ਲੈਣ ਜਾ ਰਹੀ ਹੈ। ਜਾਪਾਨ ਸਰਕਾਰ ਨੇ ਬਾਰਡਰ ਕੰਟਰੋਲ 'ਚ ਢਿੱਲ ਦੇਣ ਦੀ ਗੱਲ ਕੀਤੀ ਹੈ, ਤਾਂ ਜੋ ਸੈਲਾਨੀਆਂ ਲਈ ਦੇਸ਼ 'ਚ ਆਉਣਾ ਆਸਾਨ ਹੋ ਸਕੇ। ਜਾਪਾਨ ਦੀ ਸਥਾਨਕ ਨਿਊਜ਼ ਏਜੰਸੀ ਫੂਜੀ ਨਿਊਜ਼ ਨੈੱਟਵਰਕ ਨੇ ਸੋਮਵਾਰ ਨੂੰ ਦੱਸਿਆ ਕਿ ਜਾਪਾਨ ਦੀ ਸਰਕਾਰ ਸਰਹੱਦੀ ਨਿਯੰਤਰਣ ਨੂੰ ਹੋਰ ਆਸਾਨ ਬਣਾਉਣ ਲਈ ਕੁਝ ਦੇਸ਼ਾਂ ਤੋਂ ਸੈਲਾਨੀ ਵੀਜ਼ਾ ਲੋੜਾਂ ਨੂੰ ਮੁਆਫ ਕਰਨ ਦੀ ਯੋਜਨਾ ਬਣਾ ਰਹੀ ਹੈ।
ਸੈਲਾਨੀਆਂ ਦੀ ਯਾਤਰਾ ਹੋਵੇਗੀ ਆਸਾਨ
ਨਿਊਜ਼ ਏਜੰਸੀ ਫੂਜੀ ਨਿਊਜ਼ ਨੈੱਟਵਰਕ ਨੇ ਕਿਹਾ ਕਿ ਪ੍ਰਧਾਨ ਮੰਤਰੀ ਫੂਮੀਓ ਕਿਸ਼ਿਦਾ ਇਸ ਹਫ਼ਤੇ ਦੇ ਸ਼ੁਰੂ ਵਿੱਚ ਇਸ ਮੁੱਦੇ 'ਤੇ ਕੋਈ ਫ਼ੈਸਲਾ ਲੈ ਸਕਦੇ ਹਨ, ਜਿਸ ਨਾਲ ਵਿਅਕਤੀਗਤ ਯਾਤਰੀਆਂ ਨੂੰ ਬਿਨਾਂ ਕਿਸੇ ਟ੍ਰੈਵਲ ਏਜੰਸੀ ਦੀ ਬੁਕਿੰਗ ਦੇ ਜਾਪਾਨ ਦੀ ਯਾਤਰਾ ਕਰਨ ਦੀ ਇਜਾਜ਼ਤ ਮਿਲੇਗੀ। ਜਾਪਾਨ ਸਰਕਾਰ ਦੇ ਇਸ ਕਦਮ ਨਾਲ ਜਾਪਾਨ ਆਉਣ ਵਾਲੇ ਸੈਲਾਨੀਆਂ ਲਈ ਯਾਤਰਾ ਆਸਾਨ ਹੋ ਜਾਵੇਗੀ। ਸਰਕਾਰ ਵੱਲੋਂ ਦਿੱਤੀ ਗਈ ਛੋਟ ਨਾਲ ਉਨ੍ਹਾਂ ਦੀ ਕਾਫੀ ਹੱਦ ਤੱਕ ਮਦਦ ਮਿਲ ਸਕੇਗੀ।
ਪੜ੍ਹੋ ਇਹ ਅਹਿਮ ਖ਼ਬਰ- PNP ਜ਼ਰੀਏ ਕੈਨੇਡਾ 'ਚ ਪੱਕੇ ਹੋਣ ਦਾ ਸੁਨਹਿਰੀ ਮੌਕਾ, ਇੰਝ ਕਰੋ ਅਪਲਾਈ
ਅਕਤੂਬਰ ਤੱਕ ਫ਼ੈਸਲਾ ਆਉਣ ਦੀ ਉਮੀਦ
ਦੱਸ ਦਈਏ ਕਿ ਕੋਰੋਨਾ ਵਾਇਰਸ ਮਹਾਮਾਰੀ ਤੋਂ ਪਹਿਲਾਂ ਜਾਪਾਨ ਨੂੰ 68 ਦੇਸ਼ਾਂ ਅਤੇ ਸੂਬਿਆਂ ਲਈ ਟੂਰਿਸਟ ਵੀਜ਼ੇ ਦੀ ਲੋੜ ਨਹੀਂ ਸੀ ਪਰ ਜਦੋਂ ਇਹ ਮਹਾਮਾਰੀ ਪੂਰੀ ਦੁਨੀਆ 'ਚ ਫੈਲਣ ਲੱਗੀ ਤਾਂ ਸਰਕਾਰ ਨੇ ਇਸ ਸਬੰਧ 'ਚ ਫ਼ੈਸਲਾ ਲਿਆ ਅਤੇ ਸਾਰਿਆਂ ਲਈ ਟੂਰਿਸਟ ਵੀਜ਼ਾ ਲਾਜ਼ਮੀ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਜਾਪਾਨ ਸਰਕਾਰ ਅਕਤੂਬਰ ਤੱਕ ਦੇਸ਼ 'ਚ ਸੈਲਾਨੀਆਂ ਦੀ ਰੋਜ਼ਾਨਾ ਸੀਮਾ ਖ਼ਤਮ ਕਰ ਸਕਦੀ ਹੈ।
ਵਿਦੇਸ਼ੀ ਯਾਤਰੀ ਹੋਣਗੇ ਆਕਰਸ਼ਿਤ
ਜਾਪਾਨ ਦੇ ਉਪ ਮੁੱਖ ਸਕੱਤਰ ਸੇਜੀ ਕਿਹਾਰਾ ਨੇ ਐਤਵਾਰ ਨੂੰ ਇੱਕ ਟੈਲੀਵਿਜ਼ਨ ਪ੍ਰੋਗਰਾਮ ਵਿੱਚ ਕਿਹਾ ਕਿ ਵਿਦੇਸ਼ੀ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਕਦਮ ਚੁੱਕੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸੈਰ-ਸਪਾਟੇ ਨੂੰ ਆਕਰਸ਼ਿਤ ਕਰਨ ਲਈ ਸਾਧਾਰਨ ਨੀਤੀ ਸਭ ਤੋਂ ਪ੍ਰਭਾਵਸ਼ਾਲੀ ਹੈ। ਜਾਪਾਨ ਨੇ ਪਿਛਲੇ ਹਫਤੇ ਵਿਦੇਸ਼ੀ ਯਾਤਰੀਆਂ ਲਈ ਰੋਜ਼ਾਨਾ ਸੀਮਾ 20,000 ਤੋਂ ਵਧਾ ਕੇ 50,000 ਕਰ ਦਿੱਤੀ ਹੈ ਅਤੇ ਪ੍ਰੀ-ਡਿਪਾਰਚਰ ਕੋਵਿਡ ਟੈਸਟਾਂ ਦੀ ਜ਼ਰੂਰਤ ਨੂੰ ਖ਼ਤਮ ਕਰ ਦਿੱਤਾ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।