ਇਸ ਸਾਲ ਜਾਪਾਨ ''ਚ ਬੱਚਿਆਂ ਦੀ ਜਨਮ ਦਰ ਰਹੀ ਸਭ ਤੋਂ ਘੱਟ
Wednesday, Dec 25, 2019 - 10:33 AM (IST)

ਟੋਕੀਓ (ਬਿਊਰੋ): ਜਾਪਾਨ ਵਿਚ ਇਸ ਸਾਲ 9 ਲੱਖ ਤੋਂ ਵੀ ਘੱਟ ਬੱਚਿਆਂ ਦਾ ਜਨਮ ਹੋਇਆ। ਜਾਪਾਨ ਦੇ ਜਨਕਲਿਆਣ ਮੰਤਰਾਲੇ ਵੱਲੋਂ ਮੰਗਲਵਾਰ ਨੂੰ ਜਾਰੀ ਅੰਕੜਿਆਂ ਦੇ ਮੁਤਾਬਕ 2019 ਵਿਚ ਦੇਸ਼ ਵਿਚ ਸਿਰਫ 8 ਲੱਖ 64 ਹਜ਼ਾਰ ਬੱਚਿਆਂ ਨੇ ਜਨਮ ਲਿਆ। ਦੇਸ਼ ਵਿਚ 1899 ਤੋਂ ਆਬਾਦੀ ਸੰਬੰਧੀ ਅੰਕੜੇ ਇਕੱਠੇ ਕਰਨ ਦੀ ਵਿਵਸਥਾ ਸ਼ੁਰੂ ਹੋਈ ਸੀ। ਉਦੋਂ ਤੋਂ ਇਹ ਬੱਚਿਆਂ ਦੇ ਜਨਮ ਦਰ ਦਾ ਸਭ ਤੋਂ ਘੱਟ ਅੰਕੜਾ ਹੈ। ਸਾਲ 2018 ਵਿਚ ਦੇਸ਼ ਵਿਚ 9,18,400 ਬੱਚੇ ਪੈਦਾ ਹੋਏ। ਮੌਜੂਦਾ ਸਮੇਂ ਵਿਚ ਇਹ ਦੇਸ਼ ਘੱਟਦੀ ਆਬਾਦੀ ਦੀ ਸਮੱਸਿਆ ਨਾਲ ਜੂਝ ਰਿਹਾ ਹੈ।
ਤਾਜ਼ਾ ਅੰਕੜਿਆਂ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਜਾਪਾਨ ਵਿਚ ਇਸ ਸਾਲ ਜਨਮ ਦੀ ਤੁਲਨਾ ਵਿਚ ਮੌਤ ਦਾ ਅੰਕੜਾ 5 ਲੱਖ 12 ਹਜ਼ਾਰ ਜ਼ਿਆਦਾ ਰਿਹਾ। ਇਹ ਵੀ ਜਨਮ ਅਤੇ ਮੌਤ ਵਿਚ ਹੁਣ ਤੱਕ ਦਾ ਸਭ ਤੋਂ ਵੱਡਾ ਫਰਕ ਹੈ। ਘੱਟਦੀ ਆਬਾਦੀ ਦੀ ਚਿੰਤਾ ਦੇ ਵਿਚ ਜਾਪਾਨ ਸਰਕਾਰ ਨੇ ਆਸ ਜ਼ਾਹਰ ਕੀਤੀ ਹੈ ਕਿ ਇਸ ਸਾਲ ਜਨਮ ਦਰ ਪਿਛਲੇ ਸਾਲ ਦੇ 1.42 ਫੀਸਦੀ ਤੋਂ ਕੁਝ ਵੱਧ 1.8 ਫੀਸਦੀ ਰਹੇਗੀ। ਜਾਪਾਨ ਦੀ ਮੌਜੂਦਾ ਆਬਾਦੀ ਕਰੀਬ 12.68 ਕਰੋੜ ਹੈ।
ਜਾਪਾਨ ਦੀ ਆਬਾਦੀ ਵਿਚ ਬਜ਼ੁਰਗਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਇਸ ਦਾ ਅਸਰ ਦੇਸ਼ ਦੀ ਸਮਾਜਿਕ ਅਤੇ ਆਰਥਿਕ ਸਥਿਤੀ 'ਤੇ ਵੀ ਪਿਆ ਹੈ। ਇਕ ਰਿਪੋਰਟ ਦੇ ਮੁਤਾਬਕ ਜਾਪਾਨ ਵਿਚ ਜ਼ਿਆਦਾਤਰ ਨੌਜਵਾਨ ਵਿਆਹ ਤੋਂ ਇਨਕਾਰ ਕਰ ਰਹੇ ਹਨ। ਘੱਟ ਬੱਚੇ ਅਤੇ ਨੌਜਵਾਨਾਂ ਦੀ ਘੱਟ ਆਬਾਦੀ ਦੇਸ਼ ਲਈ ਸੰਕਟ ਬਣੀ ਹੋਈ ਹੈ। ਇਸ ਕਾਰਨ ਵਿਆਹੁਤਾ ਔਰਤਾਂ 'ਤੇ ਦੂਜਾ ਬੱਚਾ ਪੈਦਾ ਕਰਨ ਲਈ ਦਬਾਅ ਬਣਾਇਆ ਜਾ ਰਿਹਾ ਹੈ ਤਾਂ ਜੋ ਆਬਾਦੀ ਵੱਧ ਸਕੇ ਅਤੇ ਦਸ਼ ਦੀ ਜਨਮ ਦਰ ਵਿਚ ਵਾਧਾ ਹੋ ਸਕੇ।