ਨਿਊਜ਼ੀਲੈਂਡ ''ਚ ਸੰਸਦ ਮੈਂਬਰ ''ਤੇ ਹਮਲਾ, ਪ੍ਰਧਾਨ ਮੰਤਰੀ ਨੇ ਕੀਤੀ ਨਿੰਦਾ

03/14/2019 11:49:36 AM

ਵੈਲਿੰਗਟਨ, (ਭਾਸ਼ਾ)— ਨਿਊਜ਼ੀਲੈਂਡ ਦੇ ਇਕ ਉੱਚ ਮੰਤਰੀ 'ਤੇ ਵੀਰਵਾਰ ਤੜਕੇ ਇਕ ਵਿਅਕਤੀ ਨੇ ਹਮਲਾ ਕਰ ਦਿੱਤਾ, ਜਿਸ ਦੀ ਦੇਸ਼ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਹੈ। ਗ੍ਰੀਨ ਪਾਰਟੀ ਦੇ ਨੇਤਾ ਜੇਮਜ਼ ਸ਼ਾਅ ਸੰਸਦ ਭਵਨ ਵੱਲ ਜਾ ਰਹੇ ਸਨ। ਉਸੇ ਸਮੇਂ ਇਕ ਵਿਅਕਤੀ ਨੇ ਉਨ੍ਹਾਂ ਦੇ ਚਿਹਰੇ 'ਤੇ ਮੁੱਕਾ ਮਾਰ ਦਿੱਤਾ, ਜਿਸ ਨੂੰ ਦਫਤਰ ਨੇ ਬਿਨਾਂ ਉਕਸਾਉਣ ਦੇ ਕੀਤਾ ਗਿਆ ਹਮਲਾ ਦੱਸਿਆ ਹੈ। ਹਾਲਾਂਕਿ ਸ਼ਾਅ ਦੇ ਦਫਤਰ ਨੇ ਹਮਲੇ ਪਿੱਛੇ ਕਿਸੇ ਰਾਜਨੀਤਕ ਪਹਿਲੂ ਦੇ ਹੋਣ ਤੋਂ ਇਨਕਾਰ ਕੀਤਾ ਹੈ ਪਰ ਵਪਾਰ ਮੰਤਰੀ ਡੇਵਿਡ ਪਾਰਕਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਮਲਾਵਰ ਸੰਯੁਕਤ ਰਾਸ਼ਟਰ ਦੇ ਬਾਰੇ ਚੀਖ-ਚੀਖ ਕੇ ਕੁਝ ਗੱਲਾਂ ਕਰ ਰਿਹਾ ਸੀ।


ਵਾਤਾਵਰਣ ਬਦਲਾਅ ਮੰਤਰੀ ਸ਼ਾਅ ਨੂੰ ਗੰਭੀਰ ਸੱਟ ਨਹੀਂ ਲੱਗੀ ਪਰ ਉਨ੍ਹਾਂ ਦੀ ਅੱਖ ਕੋਲ ਕਾਲਾ ਘੇਰਾ ਬਣ ਗਿਆ ਹੈ। ਉਨ੍ਹਾਂ ਦੇ ਦਫਤਰ ਨੇ ਦੱਸਿਆ ਕਿ ਸ਼ਾਅ ਦੋ ਲੋਕਾਂ ਦੀ ਮਦਦ ਨਾਲ ਸੰਸਦ ਪੁੱਜੇ ਅਤੇ ਬੈਠਕ 'ਚ ਸ਼ਾਮਲ ਹੋਣ ਮਗਰੋਂ ਸੁਰੱਖਿਆ ਕਾਰਨਾਂ ਕਰਕੇ ਉਨ੍ਹਾਂ ਨੂੰ ਹਸਪਤਾਲ ਲੈ ਜਾਇਆ ਗਿਆ। ਪੁਲਸ ਨੇ ਦੱਸਿਆ ਕਿ 47 ਸਾਲਾ ਵਿਅਕਤੀ ਨੂੰ ਹਿਰਾਸਤ 'ਚ  ਲੈ ਲਿਆ ਗਿਆ ਹੈ। ਉਸ ਨੂੰ ਸ਼ੁੱਕਰਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਜੈਸਿੰਡਾ ਨੇ ਘਟਨਾ ਦੀ ਨਿੰਦਾ ਕਰਦੇ ਹੋਏ ਕਿਹਾ,''ਨਿਊਜ਼ੀਲੈਂਡ 'ਚ ਅਜਿਹਾ ਮਾਹੌਲ ਹੈ ਕਿ ਨੇਤਾਵਾਂ ਤਕ ਸਭ ਦੀ ਪਹੁੰਚ ਹੈ। ਅਸੀਂ ਇਸ ਗੱਲ 'ਤੇ ਮਾਣ ਕਰਦੇ ਹਾਂ। ਨਿਊਜ਼ੀਲੈਂਡ 'ਚ ਅਸੀਂ ਅਜਿਹੀ ਘਟਨਾ ਬਾਰੇ ਸੋਚ ਨਹੀਂ ਸਕਦੇ ਪਰ ਅੱਜ ਦੀ ਘਟਨਾ ਨੂੰ ਹਲਕੇ 'ਚ ਨਹੀਂ ਲਿਆ ਜਾ ਸਕਦਾ। ਇਹ ਅਪਮਾਨਜਨਕ ਵਤੀਰਾ ਹੈ ਜੇਕਰ ਅਜਿਹਾ ਕਿਸੇ ਵੈਲਿੰਗਟਨ ਵਾਸੀ ਨੇ ਕੀਤਾ ਹੈ ਤਾਂ ਇਹ ਹੋਰ ਵੀ ਸ਼ਰਮਨਾਕ ਹੈ।''


Related News