ਪਾਕਿ ਦੇ ਕਬਜ਼ੇ ਵਾਲੇ ਕਸ਼ਮੀਰ ''ਚ ਜਮਾਤ ਉਦ ਦਾਵਾ ਦੇ ਤਿੰਨ ਮੈਂਬਰ ਗ੍ਰਿਫ਼ਤਾਰ
Friday, Oct 09, 2020 - 04:52 PM (IST)
ਲਾਹੌਰ—ਗੈਰ ਕਾਨੂੰਨੀ ਸੰਗਠਨ ਜਮਾਤ ਉਦ ਦਾਵਾ ਦੇ ਦੋ ਸ਼ੱਕੀ ਮੈਂਬਰਾਂ ਨੂੰ ਅੱਤਵਾਦ ਦੇ ਵਿੱਤ ਪੋਸ਼ਣ ਦੇ ਦੋਸ਼ 'ਚ ਪਾਕਿਸਤਾਨ ਦੇ ਨਾਜਾਇਜ਼ ਕਬਜ਼ੇ ਵਾਲੇ ਕਸ਼ਮੀਰ 'ਚ ਵੀਰਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅੱਤਵਾਦ ਰੋਧੀ ਵਿਭਾਗ (ਸੀ.ਟੀ.ਡੀ.) ਨੇ ਇਕ ਬਿਆਨ 'ਚ ਕਿਹਾ ਕਿ ਉਸ ਦੀ ਪੰਜਾਬ ਇਕਾਈ ਨੇ ਮੁਜ਼ੱਫਰਗੜ੍ਹ 'ਚ ਖੁਫੀਆ ਸੂਚਨਾ ਦੇ ਆਧਾਰ 'ਤੇ ਇਕ ਮੁਹਿੰਮ ਚਲਾਈ। ਬਿਆਨ 'ਚ ਕਿਹਾ ਗਿਆ ਹੈ ਕਿ ਹਾਫਿਜ਼ ਸਈਦ ਵੱਲੋਂ ਸਥਾਪਿਤ ਸੰਗਠਨ ਦੇ ਦੋ ਮੈਂਬਰਾਂ ਨੂੰ ਅੱਤਵਾਦ ਦੇ ਵਿੱਤ ਪੋਸ਼ਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਬਿਆਨ ਮੁਤਾਬਕ ਗੈਰ ਕਾਨੂੰਨੀ ਸੰਗਠਨ ਜਮਾਤ ਉਦ ਦਾਵਾ ਦੇ ਲਈ ਪੈਸਾ ਇਕੱਠਾ ਕਰ ਰਹੇ ਸਨ। ਇਕ ਸੂਚਨਾ ਦੇ ਆਧਾਰ 'ਤੇ ਸੀ.ਟੀ.ਡੀ. ਦੇ ਦਲ ਨੇ ਛਾਪਾ ਮਾਰਿਆ ਅਤੇ ਵਜ਼ੀਦੁੱਲਾ ਅਤੇ ਮੁਹੰਮਦ ਅਲੀ ਨਾਂ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਦੋਸ਼ੀਆਂ ਦੇ ਕੋਲੋਂ ਅੱਤਵਾਦ ਦੇ ਵਿੱਤ ਪੋਸ਼ਣ ਸੰਬੰਧੀ ਪਰਚੇ ਅਤੇ ਰਸੀਦਾਂ ਬਰਾਮਦ ਕੀਤੀਆਂ ਗਈਆਂ ਹਨ। ਸੀ.ਟੀ.ਡੀ. ਨੇ ਕਿਹਾ ਕਿ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਮਾਤ ਉਦ ਦਾਵਾ ਅਤੇ ਫਲਹ ਏ ਇਨਸਾਨੀਅਤ ਫਾਊਂਡੇਸ਼ਨ (ਐੱਫ.ਆਈ.ਐੱਫ.) ਗਿਰੋਹ ਦੇ ਵਿਚਕਾਰ ਸੰਬੰਧਾਂ ਨੂੰ ਖੰਗਾਲਿਆ ਜਾ ਰਿਹਾ ਹੈ।
ਐੱਫ.ਆਈ.ਐੱਫ. ਜਮਾਤ ਉਦ ਦਾਵਾ ਦਾ ਹੀ ਇਕ ਸੰਗਠਨ ਹੈ ਜਿਸ ਦੀ ਸਥਾਪਨਾ ਸਈਦ ਨੇ ਕੀਤੀ ਸੀ। ਇਸ ਦੌਰਾਨ ਪਾਕਿਸਤਾਨ ਦੀ ਇਕ ਅਦਾਲਤ ਨੇ ਜਮਾਤ ਉਦ ਦਾਵਾ ਦੇ ਚਾਰ ਮੈਂਬਰਾਂ ਨੂੰ ਅੱਤਵਾਦ ਦੇ ਵਿੱਤ ਪੋਸ਼ਣ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੱਤਾ।