ਜਕਾਰਤਾ ''ਚ ਹੁਣ ਹਵਾਈ ਅੱਡੇ ਤੱਕ ਚੱਲੇਗੀ ਟਰੇਨ
Tuesday, Jan 02, 2018 - 04:46 PM (IST)

ਜਕਾਰਤਾ(ਭਾਸ਼ਾ)— ਆਵਾਜਾਈ ਦੀ ਸਮੱਸਿਆ ਨਾਲ ਨਜਿੱਠਣ ਦੀ ਦਿਸ਼ਾ ਵਿਚ ਅੱਗੇ ਵਧਦੇ ਹੋਏ ਜਕਾਰਤਾ ਨੇ ਸ਼ਹਿਰ ਦੇ ਮੱਧ ਤੋਂ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਪਹਿਲੀ ਟਰੇਨ ਸੇਵਾ ਸ਼ੁਰੂ ਕੀਤੀ ਹੈ। ਇਹ ਨਵੀਂ ਟਰੇਨ ਸੇਵਾ ਸੋਕੇਰਾਨੋ ਤੋਂ ਹੱਟਾ ਅੰਤਰਰਾਸ਼ਟਰੀ ਹਵਾਈਅੱਡੇ ਦਰਮਿਆਨ ਸ਼ੁਰੂ ਕੀਤੀ ਗਈ ਹੈ, ਜੋ ਦੋਵਾਂ ਸਥਾਨਾਂ ਵਿਚਕਾਰ ਦੀ ਦੂਰੀ ਨੂੰ ਤੈਅ ਕਰਨ ਵਿਚ ਲੱਗਣ ਵਾਲੇ ਸਮੇਂ ਨੂੰ ਕਰੀਬ 50 ਪ੍ਰਤੀਸ਼ਤ ਤੱਕ ਘੱਟ ਕਰ ਕੇ 55 ਮਿੰਟ ਕਰ ਦੇਵੇਗੀ। ਰਾਸ਼ਟਰਪਤੀ ਜੋਕੋ ਵਿਡੋਡੋ ਨੇ ਇਸ ਨਵੀਂ ਪ੍ਰਣਾਲੀ ਦਾ ਉਦਘਾਟਨ ਕੀਤਾ।
ਅਧਿਕਾਰੀਆਂ ਨੂੰ ਆਸ ਹੈ ਕਿ ਟਰੇਨ ਸੇਵਾ ਸ਼ੁਰੂ ਹੋਣ ਤੋਂ ਬਾਅਦ ਲੋਕ 38 ਕਿਲੋਮੀਟਰ ਲੰਬੀ ਇਸ ਯਾਤਰਾ ਨੂੰ ਤੈਅ ਕਰਨ ਲਈ ਨਿੱਜੀ ਵਾਹਨਾਂ ਦੇ ਸਥਾਨ 'ਤੇ ਜਨਤਕ ਆਵਾਜਾਈ ਦੀ ਵਰਤੋ ਕਰਨਗੇ। ਜਕਾਰਤਾ ਆਪਣੀ ਪਹਿਲੀ ਭੂਮੀਗਤ ਰੇਲ ਅਤੇ ਲਾਈਟ-ਰੇਲ ਪ੍ਰਣਾਲੀ 'ਤੇ ਕੰਮ ਕਰ ਰਿਹਾ ਹੈ। ਇਸ ਦਾ ਸੰਚਾਲਨ 2019 ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਰਾਸ਼ਟਰਪਤੀ ਨੇ ਕਿਹਾ, 'ਭਗਵਾਨ ਦਾ ਸ਼ੁਕਰ ਹੈ ਕਿ ਕਠਿਨ ਮਿਹਨਤ ਤੋਂ ਬਾਅਦ ਸੋਕੇਰਾਨੋ ਤੋਂ ਹੱਟਾ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਟਰੇਨ ਸੇਵਾ ਦਾ ਅੱਜ ਸਵੇਰੇ ਅਸੀਂ ਉਦਘਾਟਨ ਕਰ ਸਕੇ। ਅਸੀਂ ਜਾਣਦੇ ਹਾਂ ਕਿ ਇਹ ਟਰੇਨ ਜਕਾਰਤਾ ਨੂੰ ਆਵਾਜਾਈ ਦਾ ਸਾਧਨ ਮੁਹੱਈਆ ਕਰਾਏਗੀ ਅਤੇ ਟ੍ਰੈਫਿਕ ਜਾਮ ਵੀ ਘੱਟ ਕਰੇਗੀ।' ਕਰੀਬ 3.6 ਅਰਬ ਇੰਡੋਨੇਸ਼ਿਆਈ ਰੁਪਏ ਦੀ ਲਾਗਤ ਨਾਲ ਸ਼ੁਰੂ ਹੋਈ ਇਹ ਟਰੇਨ ਇਕ ਦਿਨ ਵਿਚ 42 ਫੇਰੇ ਲਗਾਏਗੀ। ਇਸ ਟਰੇਨ ਤੋਂ ਹਵਾਈ ਅੱਡੇ 'ਤੇ ਪਹੁੰਚਣ ਵਿਚ ਟੈਕਸੀ ਦੇ ਮੁਕਾਬਲੇ ਅੱਧੇ ਪੈਸੇ ਖਰਚ ਹੋਣਗੇ।