ਐੱਨ.ਡੀ.ਪੀ. ਐੱਮ.ਪੀ. ''ਤੇ ਲੱਗੇ ਔਰਤਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼, ਜਗਮੀਤ ਵਲੋਂ ਜਾਂਚ ਦੇ ਹੁਕਮ
Saturday, Feb 03, 2018 - 02:24 AM (IST)

ਓਟਾਵਾ— ਸਿਆਸਤਦਾਨਾਂ ਵਲੋਂ ਔਰਤਾਂ ਨਾਲ ਛੇੜਛਾੜ ਤੇ ਜਿਣਸੀ ਸ਼ੋਸ਼ਣ ਦੀਆਂ ਘਟਨਾਵਾਂ ਕਾਰਨ ਕੈਨੇਡਾ ਦੀ ਸਿਆਸਤ ਇਸ ਵੇਲੇ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਓਨਟਾਰੀਓ 'ਚ ਪ੍ਰੋਗ੍ਰੇਸਿਵ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੈਟਰਿਕ ਬ੍ਰਾਊਨ ਨੂੰ ਜਿਣਸੀ ਸ਼ੋਸ਼ਣ ਦੇ ਦੋਸ਼ਾਂ ਤੋਂ ਬਾਅਦ ਅਸਤੀਫਾ ਦੇਣਾ ਪਿਆ ਸੀ ਤੇ ਹੁਣ ਔਰਤਾਂ ਵਲੋਂ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ਾਂ 'ਚ ਐੱਨ.ਡੀ.ਪੀ. ਦੇ ਐੱਮ.ਪੀ. ਕ੍ਰਿਸਟੀਨ ਮੂਰ ਨੇ ਇਕ ਈਮੇਲ ਰਾਹੀਂ ਇਸ ਸਬੰਧੀ ਸ਼ਿਕਾਇਤ ਕੀਤੀ ਹੈ, ਜਿਸ ਤੋਂ ਬਾਅਦ ਐੱਨ.ਡੀ.ਪੀ. ਆਗੂ ਜਗਮੀਤ ਸਿੰਘ ਨੇ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ।
ਮੰਗਲਵਾਰ ਸ਼ਾਮ ਨੂੰ ਐੱਨ.ਡੀ.ਪੀ. ਐੱਮ.ਪੀ. ਕ੍ਰਿਸਟੀਮ ਮੂਰ ਨੇ ਈਮੇਲ ਰਾਹੀਂ ਆਪਣੀ ਸ਼ਿਕਾਇਤ 'ਚ ਐੱਮ.ਪੀ. ਐਰਿਨ ਵੀਅਰ 'ਤੇ ਗੰਭੀਰ ਦੋਸ਼ ਲਾਏ। ਉਨ੍ਹਾਂ ਨੇ ਈਮੇਲ 'ਚ ਕਿਹਾ ਕਿ ਉਨ੍ਹਾਂ ਨੂੰ ਐਰਿਨ ਵਲੋਂ ਔਰਤਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੀਆਂ ਸ਼ਿਕਾਇਤਾਂ ਮਿਲੀਆਂ ਹਨ। ਵੀਅਰ ਵਲੋਂ ਐੱਨ.ਡੀ.ਪੀ. ਕਾਕਸ ਚੇਅਰ ਲਈ ਲਾਏ ਜਾ ਰਹੇ ਜ਼ੋਰ ਦੇ ਵਿਚਕਾਰ ਇਹ ਮੇਲ ਭੇਜੀ ਗਈ। ਇਸ 'ਚ ਮੂਰ ਨੇ ਕਿਹਾ ਕਿ ਵੀਅਰ ਕਾਕਸ 'ਚ ਉਹ ਆਖਰੀ ਵਿਅਕਤੀ ਹੋਵੇਗਾ ਜਿਸ ਨੂੰ ਇਸ ਥਾਂ ਬੈਠਿਆਂ ਦੇਖਣਾ ਚਾਹੇਗੀ। ਉਸ ਨੇ ਨਾਲ ਹੀ ਇਹ ਵੀ ਕਿਹਾ ਕਿ ਔਰਤ ਹੋਣ ਦੇ ਨਾਤੇ ਉਹ ਉਸ ਨੂੰ ਇਕੱਲਿਆਂ ਮਿਲਣ 'ਚ ਸਹਿਜ ਮਹਿਸੂਸ ਨਹੀਂ ਕਰਦੀ। ਸਿਆਸੀ ਜਗਤ 'ਚ ਜੋ ਚੱਲ ਰਿਹਾ ਹੈ ਇਸ ਦੇ ਮੱਦੇਨਜ਼ਰ ਅਜਿਹੇ ਵਿਅਕਤੀ ਨੂੰ ਇਸ ਅਹੁਦੇ 'ਤੇ ਖੜ੍ਹਾ ਨਹੀਂ ਹੋਣਾ ਚਾਹੀਦਾ। ਮੂਰ ਨੇ ਕਿਹਾ ਕਿ ਉਸ ਦੀ ਟਿੱਪਣੀ ਬਹੁਤ ਸਖਤ ਹੈ ਪਰ ਉਹ ਝੂਠ ਵੀ ਨਹੀਂ ਬੋਲ ਸਕਦੀ।
ਉੱਧਰ ਵੀਅਰ ਨੇ ਕਿਹਾ ਕਿ ਉਸ 'ਤੇ ਲੱਗੇ ਸਾਰੇ ਦੋਸ਼ ਸਿਆਸੀ ਰੰਜ਼ਿਸ਼ ਦਾ ਨਤੀਜਾ ਹਨ। ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਪਤਾ ਸੀ ਕਿ ਮੂਰ ਵੀ ਕਾਕਸ ਚੇਅਰ ਅਹੁਦੇ ਨੂੰ ਲੈ ਕੇ ਦਿਲਚਸਪੀ ਰੱਖਦੀ ਹੈ। ਇਸ ਤੋਂ ਬਾਅਦ ਜਗਮੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਇਹ ਮੁੱਦਾ ਪ੍ਰੇਸ਼ਾਨ ਕਰਨ ਵਾਲਾ ਹੈ ਤੇ ਉਹ ਇਸ ਮਾਮਲੇ ਦੀ ਤਹਿ ਤੱਕ ਜਾਂਚ ਕਰਵਾਉਣਗੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਤਰ੍ਹਾਂ ਦੇ ਮਾਮਲੇ ਦੀ ਜਾਂਚ ਜ਼ਰੂਰੀ ਹੈ। ਇਸ ਤੋਂ ਇਕ ਦਿਨ ਪਹਿਲਾਂ ਵੀਅਰ ਨੇ ਕਿਹਾ ਸੀ ਕਿ ਉਸ ਨੂੰ ਨਹੀਂ ਪਤਾ ਕਿ ਉਸ 'ਤੇ ਅਜਿਹੇ ਦੋਸ਼ ਕਿਉਂ ਲਾਏ ਜਾ ਰਹੇ ਹਨ ਕਿਉਂਕਿ ਉਸ ਨੇ ਕਿਸੇ ਨੂੰ ਤੰਗ ਪ੍ਰੇਸ਼ਾਨ ਨਹੀਂ ਕੀਤਾ ਹੈ। ਵੀਅਰ ਨੇ ਕਿਹਾ ਕਿ ਉਹ ਜਾਂਚ ਪ੍ਰਕਿਰਿਆ ਦਾ ਸਵਾਗਤ ਕਰਦੇ ਹਨ ਤੇ ਉਹ ਚਾਹੁੰਦੇ ਹਨ ਕਿ ਜਲਦੀ ਤੋਂ ਜਲਦੀ ਸੱਚ ਸਾਰਿਆਂ ਦੇ ਸਾਹਮਣੇ ਹੋਵੇ।