ਇਟਲੀ ਨੇ ਬੰਗਲਾਦੇਸ਼ ਤੋਂ ਆਉਣ ਵਾਲੇ ਜਹਾਜ਼ਾਂ ਨੂੰ ਮੁਲਤਵੀ ਕਰਨ ਦੇ ਦਿੱਤੇ ਹੁਕਮ
Tuesday, Jul 07, 2020 - 09:36 PM (IST)

ਰੋਮ, (ਏਜੰਸੀ)- ਇਟਲੀ ਨੇ ਬੰਗਲਾਦੇਸ਼ ਤੋਂ ਆਉਣ ਵਾਲੀਆਂ ਉਡਾਣਾਂ ਨੂੰ ਇਕ ਹਫ਼ਤੇ ਲਈ ਮੁਲਤਵੀ ਕਰਨ ਦਾ ਹੁਕਮ ਦਿੱਤਾ ਹੈ। ਇਹ ਫ਼ੈਸਲਾ ਰੋਮ ਨੇੜੇ ਕੋਵਿਡ-19 ਦੇ ਮਾਮਲੇ ਵਧਣ ਅਤੇ ਉਸ ਦਾ ਸਬੰਧ ਹਾਲ ਹੀ ਵਿਚ ਇਟਲੀ ਪਰਤੇ ਬੰਗਲਾਦੇਸ਼ੀ ਯਾਤਰੀਆਂ ਨਾਲ ਹੋਣ ਦੇ ਬਾਅਦ ਲਿਆ ਗਿਆ।
ਸਿਹਤ ਮੰਤਰੀ ਰਾਬਰਟੋ ਸਪਰੇਂਜ਼ਾ ਨੇ ਕਿਹਾ ਕਿ ਹਾਲ ਹੀ ਦੇ ਦਿਨਾਂ ਵਿਚ ਤਕਰੀਬਨ ਇਕ ਦਰਜਨ ਮਾਮਲੇ ਸਾਹਮਣੇ ਆਏ ਹਨ ਅਤੇ ਇਸ ਸਬੰਧੀ ਜਾਂਚ ਕਰਨ ’ਤੇ ਪਤਾ ਲੱਗਾ ਕਿ ਉਹ ਸੋਮਵਾਰ ਨੂੰ ਜਹਾਜ਼ ਰਾਹੀਂ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਰੋਮ ਵਿਚ ਤਕਰੀਬਨ 20 ਹਜ਼ਾਰ ਬੰਗਲਾਦੇਸ਼ ਤੋਂ ਆਏ ਪ੍ਰਵਾਸੀ ਰਹਿੰਦੇ ਹਨ। ਇਟਲੀ ਦੇ ਹੋਰ ਦੇਸ਼ਾਂ ਦੇ ਪ੍ਰਵਾਸੀ ਭਾਈਚਾਰਿਆਂ ਦੀ ਤਰ੍ਹਾਂ ਉਨ੍ਹਾਂ ਨੇ ਆਪਣੇ ਦੇਸ਼ ਤੋਂ ਵਾਪਸੀ ਚਾਰਟਰਡ ਜਹਾਜ਼ ਰਾਹੀਂ ਕੀਤੀ।
ਰੋਮ ਵਿਚ ਕੋਵਿਡ-19 ਦਾ ਨਵਾਂ ਕੇਂਦਰ ਉਦੋਂ ਬਣਿਆ ਜਦੋਂ ਬੰਗਲਾਦੇਸ਼ ਦੇ ਇਕ ਰੈਸਟੋਰੈਂਟ ਦਾ ਇਕ ਕਰਮਚਾਰੀ ਸੰਕਰਮਿਤ ਹੋ ਕੇ ਵਾਪਸ ਆਇਆ ਅਤੇ ਉਸ ਨਾਲ ਰੈਸਟੋਰੈਂਟ ਦੇ ਮਾਲਕ ਅਤੇ ਹੋਰ ਕਰਮਚਾਰੀਆਂ ਨੂੰ ਵੀ ਵਾਇਰਸ ਹੋਇਆ ਸੀ । ਤਾਜ਼ਾ ਘਟਨਾ ਦੇ ਮੱਦੇਨਜ਼ਰ ਜਨਤਕ ਸਿਹਤ ਅਧਿਕਾਰੀਆਂ ਨੇ ਬੰਗਲਾਦੇਸ਼ੀ ਭਾਈਚਾਰੇ ਦੇ ਮੈਂਬਰਾਂ ਨੂੰ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ।