ਇਟਲੀ 'ਚ ਪਸਰੀ ਸੁੰਨਸਾਨ, 631 ਮੌਤਾਂ, 6 ਕਰੋੜ ਤੋਂ ਵੱਧ ਲੋਕ ਲਾਕਡਾਊਨ (ਵੀਡੀਓ)
Wednesday, Mar 11, 2020 - 04:40 PM (IST)
ਰੋਮ— ਇਟਲੀ 'ਚ ਸੜਕਾਂ, ਗਲੀਆਂ-ਮੁਹੱਲਿਆਂ, ਬਾਜ਼ਾਰਾਂ 'ਚ ਸੁੰਨਸਾਨ ਪੱਸਰ ਗਈ ਹੈ। 6 ਕਰੋੜ ਤੋਂ ਵੱਧ ਲੋਕਾਂ ਨੂੰ ਲਾਕਡਾਊਨ ਕਰ ਦਿੱਤਾ ਗਿਆ ਹੈ, ਯਾਨੀ ਬਿਨਾਂ ਇਜਾਜ਼ਤ ਦੇ ਲੋਕ ਬਾਜ਼ਾਰ, ਸੜਕਾਂ 'ਤੇ ਗੱਡੀ ਲੈ ਕੇ ਜਾਂ ਘੁੰਮਣ-ਫਿਰਨ ਨਹੀਂ ਨਿਕਲ ਸਕਦੇ। ਇਟਲੀ 'ਚ ਕੋਰੋਨਾ ਵਾਇਰਸ ਕਾਰਨ ਪਿਛਲੇ 24 ਘੰਟਿਆਂ 'ਚ 168 ਹੋਰ ਮੌਤਾਂ ਨਾਲ ਕੁੱਲ ਗਿਣਤੀ 631 'ਤੇ ਪਹੁੰਚ ਗਈ ਹੈ ਅਤੇ ਦੇਸ਼ ਭਰ 'ਚ ਇਨਫੈਕਟਡ ਮਾਮਲੇ 10,000 ਤੋਂ ਵੱਧ ਹੋ ਗਏ ਹਨ।
ਕੋਰੋਨਾ ਵਾਇਰਸ ਨੂੰ ਹੋਰ ਲੋਕਾਂ 'ਚ ਫੈਲਣ ਤੋਂ ਰੋਕਣ ਲਈ ਇਟਲੀ ਸਰਕਾਰ ਨੇ ਪੂਰਾ ਦੇਸ਼ ਹੀ ਲਾਕਡਾਊਨ ਕਰ ਦਿੱਤਾ ਹੈ, ਜਦੋਂ ਕਿ ਪਹਿਲਾਂ ਲੋਂਬਾਰਡੀ 'ਚ ਪਾਬੰਦੀ ਲਾਈ ਗਈ ਸੀ। ਉੱਥੇ ਹੀ, ਆਸਟਰੀਆ ਨੇ ਇਟਲੀ ਤੋਂ ਆਉਣ ਵਾਲੇ ਲੋਕਾਂ ਲਈ ਸਰਹੱਦਾਂ ਨੂੰ ਬੰਦ ਕਰ ਦਿੱਤਾ ਹੈ। ਸਲੋਵੇਨੀਆ ਨੇ ਬਾਅਦ 'ਚ ਐਲਾਨ ਕੀਤਾ ਕਿ ਉਹ ਵੀ ਇਟਲੀ ਨਾਲ ਆਪਣੀ ਸਰਹੱਦ ਬੰਦ ਕਰ ਰਹੀ ਹੈ। ਆਸਟਰੀਆ ਨੇ ਕਿਹਾ ਕਿ ਸਿਰਫ ਉਨ੍ਹਾਂ ਨੂੰ ਹੀ ਦਾਖਲ ਹੋਣ ਦਿੱਤਾ ਜਾਵੇਗਾ ਜੋ ਮੈਡੀਕਲ ਸਰਟੀਫਿਕੇਟ ਦਿਖਾਉਣਗੇ ਕਿ ਉਨ੍ਹਾਂ ਨੂੰ ਕੋਰੋਨਾ ਵਾਇਰਸ ਨਹੀਂ ਹੈ। ਇਸ ਤੋਂ ਇਲਾਵਾ ਰੇਯਾਨ ਏਅਰ ਨੇ 8 ਅਪ੍ਰੈਲ ਤੱਕ ਇਟਲੀ ਜਾਣ ਤੇ ਆਉਣ ਵਾਲੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਹੈ। ਬ੍ਰਿਟਿਸ਼ ਏਅਰਵੇਜ਼ ਨੇ 4 ਅਪ੍ਰੈਲ ਤੱਕ ਲਈ ਆਪਣੀਆਂ ਸੇਵਾਵਾਂ ਨੂੰ ਰੱਦ ਕਰ ਦਿੱਤਾ ਹੈ।

 
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            