ਇਟਲੀ: ਨਰਸ ਤੇ ਉਸ ਦੇ ਪਤੀ ਦੀ ਕੋਰੋਨਾਵਾਇਰਸ ਕਾਰਨ ਮੌਤ, ਬੱਚੇ ਲੜ ਰਹੇ ਮੌਤ ਨਾਲ ਜੰਗ
Tuesday, Mar 24, 2020 - 11:59 AM (IST)
ਰੋਮ(ਕੈਂਥ)- ਇਟਲੀ ਵਿਚ ਕੋਰੋਨਾਵਾਇਰਸ ਦੇ ਕਹਿਰ ਨਾਲ ਹਰ ਰੋਜ਼ ਸੈਂਕੜੇ ਘਰਾਂ ਦੇ ਚਿਰਾਗ ਬੁੱਝ ਰਹੇ ਹਨ, ਜੋ ਕਿ ਮਨੁੱਖਤਾ ਲਈ ਬਹੁਤ ਵੱਡਾ ਘਾਟਾ ਹੈ। ਅਜਿਹੇ ਸੰਘਰਸ਼ਮਈ ਮਾਹੌਲ ਵਿਚ ਇਕ ਪਰਿਵਾਰ ਦੀ ਬਹੁਤ ਭਾਵੁਕਤਾ ਵਾਲੀ ਜਿੰਦਗੀ ਦੇ ਅੰਤ ਦੀ ਘਟਨਾ ਸਾਹਮ੍ਹਣੇ ਆਈ ਹੈ, ਜਿਹੜੀ ਕਿ ਇਸ ਜਾਨਲੇਵਾ ਵਾਇਰਸ ਕਾਰਨ ਘਟੀ ਹੈ।
ਮਿਲੀ ਜਾਣਕਾਰੀ ਅਨੁਸਾਰ ਇਟਲੀ ਦੇ ਗਰਲਾਸਤੀ ਇਲਾਕੇ ਵਿਚ ਰਹਿੰਦੀ ਲੂਸੇਤਾ ਅਮੇਲੋਤੀ (64) ਨਾਂ ਦੀ ਨਰਸ, ਜਿਹੜੀ ਕਿ ਕੋਰੋਨਾਵਾਇਰਸ ਦੇ ਮਰੀਜ਼ਾਂ ਲਈ ਆਪਣੀਆਂ ਸੇਵਾਵਾਂ ਦੇ ਰਹੀ ਸੀ, ਬਦਕਿਸਮਤੀ ਨਾਲ ਕੋਰੋਨਾਵਾਇਰਸ ਦੀ ਸ਼ਿਕਾਰ ਹੋ ਗਈ। ਇਸ ਕਾਰਨ ਇਸ ਨਰਸ ਦਾ ਕਿਸਾਨ ਪਤੀ ਤੇ ਦੋ ਬੱਚੇ ਵੀ ਕੋਰੋਨਾਵਾਇਰਸ ਦੇ ਸ਼ਿਕਾਰ ਹੋ ਗਏ, ਜਿਹੜੇ ਕਿ ਇਟਲੀ ਦੇ ਹਸਪਤਾਲਾਂ ਵਿਚ ਜੇਰੇ ਇਲਾਜ ਸਨ ਪਰ ਅਫ਼ਸੋਸ ਨਰਸ ਲੂਸੇਤ ਅਮੇਲੋਤੀ ਤੇ ਉਸ ਦਾ 66 ਸਾਲਾ ਪਤੀ ਦਾ ਦਿਹਾਂਤ ਹੋ ਗਿਆ। ਪਿਛਲੇ 15 ਦਿਨਾਂ ਤੋਂ ਇਕ ਹੀ ਹਸਤਪਾਲ ਵਿਚ ਜੇਰੇ ਇਲਾਜ ਹੁੰਦਿਆਂ ਹੋਇਆ ਵੀ ਉਹਨਾਂ ਦੁਨੀਆਂ ਤੋਂ ਜਾਣ ਲੱਗੇ ਇਕ ਦੂਜੇ ਨੂੰ ਮਿਲਣਾ ਤਾਂ ਦੂਰ ਦੀ ਗੱਲ ਦੇਖਣਾ ਵੀ ਨਸੀਬ ਨਹੀਂ ਹੋਇਆ। ਦੋਵਾਂ ਦੀ ਇਕ ਹੀ ਹਸਪਤਾਲ ਵਿਚ 4 ਘੰਟਿਆਂ ਦੇ ਫਰਕ ਨਾਲ ਮੌਤ ਹੋ ਗਈ ਜਦੋਂ ਕਿ ਇਹਨਾਂ ਦੇ ਦੋਨੋ ਬੱਚੇ ਕੁੜੀ, ਮੁੰਡਾ ਵੀ ਇਟਲੀ ਦੇ ਵੱਖ-ਵੱਖ ਹਸਪਤਾਲਾਂ ਵਿਚ ਜ਼ੇਰੇ ਇਲਾਜ ਹਨ। ਇਸ ਦੁਖਦਾਈ ਘਟਨਾ ਉਪਰ ਗਰਲਾਸਤੀ ਸ਼ਹਿਰ ਦੇ ਮੇਅਰ ਪੇਤਰੋ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਪਰਿਵਾਰ ਨਾਲ ਵਾਪਰਿਆ ਇਹ ਹਾਦਸਾ ਬਹੁਤ ਦੁੱਖਦਾਈ ਹੈ। ਨਰਸ ਲੂਸੇਤਾ ਅਮੇਲੋਤੀ ਤੇ ਉਸ ਦੇ ਪਤੀ ਸਦਾ ਹੀ ਮਨੁੱਖਤਾ ਦੀ ਸੇਵਾ ਵਿਚ ਸਮਰਪਿਤ ਤੇ ਚਿੰਤਤ ਰਹਿੰਦੇ ਸਨ। ਇਹਨਾਂ ਦੋਵਾਂ ਦੀ ਕੋਰੋਨਾਵਾਇਰਸ ਕਾਰਨ ਮੌਤ ਅਸਹਿ ਹੈ। ਇਹ ਘਟਨਾ ਇਟਲੀ ਦੇ ਰਾਸ਼ਟਰੀ ਮੀਡੀਏ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।