ਇਟਲੀ : ਵਿਆਹ ਪਾਰਟੀ ''ਚ ਉਡਾਈਆਂ ਕੋਰੋਨਾ ਪਾਬੰਦੀਆਂ ਦੀਆਂ ਧੱਜੀਆਂ, 80 ਮਹਿਮਾਨਾਂ ''ਤੇ ਹੋਏ ਪਰਚੇ
Sunday, Oct 18, 2020 - 11:06 AM (IST)
ਰੋਮ, (ਕੈਂਥ)- ਇਟਲੀ ਵਿਚ ਕੋਰੋਨਾ ਵਾਇਰਸ ਦੇ ਅੰਕੜਿਆਂ ਵਿਚ ਦਿਨ ਬ ਦਿਨ ਵਾਧਾ ਹੋ ਰਿਹਾ ਹੈ। ਇਸ ਦੇ ਮੱਦੇਨਜ਼ਰ ਸਰਕਾਰ ਵਲੋਂ ਸਖ਼ਤ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਕਿ ਜੋ ਕੋਰੋਨਾ ਵਾਇਰਸ ਦੇ ਨਿਯਮਾਂ ਦੀ ਉਲੰਘਣਾ ਕਰੇਗਾ, ਉਸ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਤਹਿਤ ਇਟਲੀ ਦੇ ਲਾਸੀਓ ਸੂਬੇ ਦੇ ਜ਼ਿਲ੍ਹਾ ਲਾਤੀਨਾ ਦੇ ਸ਼ਹਿਰ ਪੁਨਤੀਨੀਆ ਵਿਖੇ ਸੈਸੈ ਅਤੇ ਬੋਰਗੋ ਸਾਬੋਤੀਨੋ ਅਤੇ ਲਾਤੀਨਾ ਕਾਰਾਬਨੇਰੀ ਪੁਲਸ ਵਲੋਂ ਸਾਂਝੇ ਤੌਰ 'ਤੇ ਕਾਰਵਾਈ ਕੀਤੀ ਗਈ।
ਬੀਤੇ ਦਿਨੀਂ ਇਕ ਰੈਸਟੋਰੈਂਟ ਵਿਚ ਵਿਆਹ ਦੀ ਪਾਰਟੀ ਕਰ ਰਹੇ ਲੋਕਾਂ ਉੱਤੇ ਪਰਚੇ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਟਲੀ ਸਰਕਾਰ ਵਲੋਂ ਅਤੇ ਲਾਸੀਓ ਸੂਬੇ ਦੇ ਰਾਜਪਾਲ ਵਲੋਂ ਬੀਤੇ ਕੁਝ ਦਿਨ ਪਹਿਲਾਂ ਆਦੇਸ਼ ਜਾਰੀ ਕੀਤੇ ਗਏ ਸਨ, ਜਿਸ ਵਿਚ ਖੁਸ਼ੀ, ਗਮੀ ਅਤੇ ਹੋਰ ਧਾਰਮਿਕ ਆਦਿ ਪ੍ਰੋਗਰਾਮਾਂ ਵਿਚ ਸਿਰਫ 30 ਲੋਕਾਂ ਦੇ ਸ਼ਾਮਲ ਹੋਣ ਦਾ ਕਾਨੂੰਨ ਪਾਸ ਕੀਤਾ ਗਿਆ ਸੀ ਪਰ ਵਿਆਹ ਦੀ ਖੁਸ਼ੀ ਵਿਚ ਵਿਅਸਤ ਲੋਕਾਂ ਨੇ ਐਂਟੀ ਕੋਵਿਡ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਿਚ ਕੋਈ ਕਸਰ ਨਹੀਂ ਛੱਡੀ। ਇਸ 'ਤੇ ਪੁਲਸ ਵਲੋਂ ਕਾਰਵਾਈ ਕਰਦਿਆਂ ਵਿਆਹ ਦੇ ਪ੍ਰੋਗਰਾਮ ਵਿਚ ਸ਼ਾਮਲ 80 ਲੋਕਾਂ ਵਿਰੁੱਧ ਕੋਰੋਨਾ ਵਾਇਰਸ ਦੇ ਬਣਾਏ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਪਰਚੇ ਦਰਜ ਕਰਕੇ ਜੁਰਮਾਨੇ ਕੀਤੇ ਹਨ।
ਦੱਸਣਯੋਗ ਹੈ ਕਿ ਇਟਲੀ ਦੇ ਲਾਸੀਓ ਸੂਬੇ ਵਿਚ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ 15 ਦਿਨਾਂ ਦਾ ਮਿੰਨੀ ਲਾਕਡਾਊਨ ਲੱਗਾ ਹੋਇਆ ਹੈ, ਜਿਸ ਵਿਚ ਸੂਬੇ ਦੇ ਰਾਜਪਾਲ ਵਲੋਂ ਸਖ਼ਤ ਆਦੇਸ਼ ਜਾਰੀ ਕੀਤੇ ਗਏ ਸਨ ਪਰ ਇਹ ਲੋਕ ਸ਼ਾਇਦ ਵਿਆਹ ਦੀ ਖੁਸ਼ੀ ਵਿਚ ਸਰਕਾਰ ਵਲੋਂ ਬਣਾਏ ਨਿਯਮਾਂ ਨੂੰ ਹੀ ਭੁੱਲ ਬੈਠੇ ਸਨ,ਹੁਣ ਉਨ੍ਹਾਂ ਨੂੰ ਨਤੀਜੇ ਭੁਗਤਣੇ ਪੈ ਰਹੇ ਹਨ।