ਲਾਕਡਾਊਨ ਦੌਰਾਨ ਇਟਲੀ ਸਰਕਾਰ ਤੇ ਲੋਕਾਂ ਦਾ ਨੁਕਸਾਨ ਪਰ ਇਟਾਲੀਅਨ ਮਾਫੀਏ ਨੂੰ ਫਾਇਦਾ

05/09/2020 5:23:30 PM

ਰੋਮ (ਕੈਂਥ): ਇਟਲੀ ਵਿੱਚ ਕੋਵਿਡ-19 ਤੋਂ ਬਚਾਅ ਲਈ ਲਾਕਡਾਊਨ ਨੇ ਬੇਸ਼ੱਕ ਇਟਲੀ ਦੇ ਬਾਸ਼ਿੰਦਿਆਂ ਨੂੰ ਮਾਨਸਿਕ ਪ੍ਰੇਸ਼ਾਨੀ ਦਿੰਦਿਆਂ ਆਰਥਿਕ ਪੱਖੋ ਝੰਜੋੜਿਆ ਪਰ ਇਟਲੀ ਵਿੱਚ ਅਜਿਹੇ ਲੋਕ ਵੀ ਹਨ ਜਿਹਨਾਂ ਲਈ ਇਹ ਲਾਕਡਾਊਨ ਬੇਹੱਦ ਫਾਇਦੇਮੰਦ ਰਿਹਾ। ਉਹ ਲੋਕ ਹਨ ਮਾਫ਼ੀਏ ਦੇ, ਜਿਹਨਾਂ ਨੂੰ ਲਾਕਡਾਊਨ ਦੌਰਾਨ ਸਰਕਾਰ ਨੂੰ ਮਜਬੂਰੀ ਵੱਸ ਛੱਡਣਾ ਪਿਆ।ਜਾਰੀ ਹੋਈ ਇੱਕ ਸਰਕਾਰੀ ਰਿਪੋਰਟ ਅਨੁਸਾਰ ਇਟਲੀ ਭਰ ਵਿੱਚ ਜਦੋਂ ਕੋਵਿਡ-19 ਕਾਰਨ 60 ਦਿਨ ਦਾ ਲਾਕਡਾਊਨ ਕੀਤਾ ਗਿਆ ਸੀ ਤਾਂ ਮਾਫ਼ੀਏ ਦੇ 400 ਮੈਂਬਰ ਜਿਹੜੇ ਕਿ ਬਜੁਰਗ ਅਤੇ ਕਮਜ਼ੋਰ ਸਨ ਉਹਨਾਂ ਦੀ ਸਿਹਤ ਦੇ ਮੱਦੇ ਨਜ਼ਰ ਮਾਰਚ ਵਿੱਚ ਹੀ ਸਰਕਾਰ ਨੂੰ ਉਹ ਜੇਲ੍ਹ ਵਿੱਚੋਂ ਰਿਹਾਅ ਕਰਨੇ ਸੁਰੂ ਕਰ ਦਿੱਤੇ ਪਰ ਇਹਨਾਂ ਸਭ ਨੂੰ ਘਰਾਂ ਵਿੱਚ ਹੀ ਨਜ਼ਰ ਬੰਦ ਕੀਤਾ ਗਿਆ।

ਰਿਪੋਰਟ ਅਨੁਸਾਰ 376 ਮਾਫ਼ੀਏ ਦੇ ਕਰਿੰਦਿਆਂ ਅਤੇ ਨਸ਼ਾ ਤਸਕਰਾਂ ਨੂੰ ਭੀੜ ਵਾਲੀਆਂ ਜੇਲਾਂ ਵਿੱਚੋਂ ਘਰ ਦੀ ਜੇਲ ਵਿੱਚ ਬਦਲਿਆ ਗਿਆ ਜਦੋਂ ਕਿ ਮਾਨਯੋਗ ਅਦਾਲਤ 456 ਹੋਰ ਅਜਿਹੇ ਲੋਕਾਂ ਵੱਲੋਂ ਸਜ਼ਾ ਦੀ ਮਾਫ਼ੀ ਲਈ ਕੀਤੀ ਅਪੀਲ ਨੂੰ ਘੋਖ ਰਹੀ ਹੈ। ਜੇਲ ਪ੍ਰਸ਼ਾਸ਼ਨ ਮੰਨ ਰਿਹਾ ਹੈ ਕਿ ਜਿਹੜੇ ਮਾਫੀਏ ਦੇ ਲੋਕ ਵਧੇਰੀ ਉਮਰ ਦੇ ਹਨ ਤੇ ਇਟਲੀ ਦੀਆਂ ਜੇਲਾਂ ਵਿੱਚ ਬੰਦ ਹਨ, ਉਹਨਾਂ ਦੀ ਸਿਹਤ ਵੀ ਪੂਰੀ ਤਰ੍ਹਾਂ ਠੀਕ ਨਹੀਂ ਰਹਿੰਦੀ। ਉਹ ਅਕਸਰ ਹੀ ਕਿਸੇ ਨਾ ਕਿਸੇ ਬਿਮਾਰੀ ਤੋਂ ਪ੍ਰਭਾਵਿਤ ਰਹਿੰਦੇ ਹਨ। ਅਜਿਹੇ ਲੋਕਾਂ ਲਈ ਜੇਲ ਵਿੱਚ ਕੋਵਿਡ-19 ਹੋਣ ਦਾ ਵਧੇਰੇ ਖਤਰਾ ਹੈ।

ਜਿਹੜੇ ਮਾਫੀਏ ਦੇ ਲੋਕ ਬਹੁਤ ਜ਼ਿਆਦਾ ਖਤਰਨਾਕ ਹਨ ਜੇਕਰ ਉਹ ਜੇਲ ਵਿੱਚ ਦੰਗਾ ਕਰਦੇ ਹਨ ਤਾਂ ਉਹਨਾਂ ਨੂੰ ਫੜ੍ਹਨਾ ਔਖਾ ਹੋ ਜਾਂਦਾ ਹੈ ਕਿਉਂਕਿ ਪਤਾ ਨਹੀਂ ਕਿਹੜਾ ਕੋਵਿਡ-19 ਤੋਂ ਪ੍ਰਭਾਵਿਤ ਹੋਵੇ।ਕੈਦੀਆਂ ਨੂੰ ਕੋਵਿਡ-19 ਹੋਣ ਤੋਂ ਬਚਾਉਣ ਲਈ ਹੀ ਘਰ ਦੀ ਜੇਲ ਕੀਤੀ ਗਈ ਹੈ ਕਿਉਂਕਿ ਇਟਲੀ ਵਿੱਚ ਹੁਣ ਤੱਕ 30000 ਲੋਕ ਕੋਵਿਡ-19 ਕਾਰਨ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ।ਪਿਛਲੇ ਮਹੀਨਿਆਂ ਵਿੱਚ ਜਿਹਨਾਂ ਮਾਫ਼ੀਏ ਦੇ 6000 ਲੋਕਾਂ ਨੂੰ 18 ਮਹੀਨਿਆਂ ਤੋਂ ਘੱਟ ਸਜ਼ਾ ਹੋਈ ਹੈ ਉਹਨਾਂ ਸਭ ਨੂੰ ਮਾਨਯੋਗ ਅਦਾਲਤ ਨੇ ਘਰ ਦੀ ਜੇਲ ਵਿੱਚ ਰੱਖਣ ਦਾ ਹੁਕਮ ਜਾਰੀ ਕੀਤੇ ਸਨ।

ਪੜ੍ਹੋ ਇਹ ਅਹਿਮ ਖਬਰ- ਸਿੰਗਾਪੁਰ 'ਚ ਮਾਸਕ ਪਾਉਣ ਤੋਂ ਇਨਕਾਰ ਕਰਨ 'ਤੇ ਭਾਰਤੀ ਮੂਲ ਦੀ ਮਹਿਲਾ ਦੋਸ਼ੀ ਕਰਾਰ

ਇੱਕ ਹੋਰ ਰਿਪੋਰਟ ਅਨੁਸਾਰ ਦੁਨੀਆ ਭਰ ਵਿੱਚ ਮਸ਼ਹੂਰ ਇਟਲੀ ਦਾ ਮਾਫੀਆ ਕੋਰੋਨਾ ਸੰਕਟ ਦੌਰਾਨ ਇਟਲੀ ਵਿੱਚ ਗਰੀਬ ਅਤੇ ਲਾਚਾਰ ਲੋਕਾਂ ਲਈ ਖਾਣੇ ਦਾ ਪ੍ਰਬੰਧ ਵੀ ਕਰ ਰਿਹਾ ਹੈ।ਜਿਸ ਬਾਰੇ ਮਾਹਿਰ ਲੋਕ ਮੰਨਦੇ ਹਨ ਕਿ ਮਾਫੀਆ ਅਜਿਹੇ ਕੰਮਾਂ ਤੋਂ ਵੀ ਨਫਾ ਹੀ ਕਮਾਵੇਗਾ। ਦੂਜੇ ਪਾਸੇ ਮਾਫੀਏ ਦੇ ਲੋਕਾਂ ਨੂੰ ਛੱਡਣ ਦੀ ਨਿਖੇਧੀ ਵੀ ਹੋ ਰਹੀ ਹੈ ਕਿਉਂਕਿ ਇਟਲੀ ਦੇ ਇਨਸਾਫ਼ ਪੰਸਦ ਲੋਕ ਜਾਣਦੇ ਹਨ ਕਿ ਇਹ ਲੋਕ ਸਮਾਜ ਲਈ ਘਾਤਕ ਹਨ ਜਿਹਨਾਂ ਨੂੰ ਜੇਲ ਤੋਂ ਬਾਹਰ ਕੱਢਣਾ ਨੁਕਸਾਨਦਾਇਕ ਹੋ ਸਕਦਾ ਹੈ।


Vandana

Content Editor

Related News