ਇਟਲੀ : ਭਾਰਤੀ ਨੌਜਵਾਨਾਂ ਦੁਆਰਾ ਕਿਸਾਨਾਂ ਦੇ ਹੱਕ ''ਚ ਜ਼ਬਰਦਸਤ ਪ੍ਰਦਰਸ਼ਨ
Monday, Dec 07, 2020 - 06:01 PM (IST)
ਮਿਲਾਨ/ਰੋਮ (ਕੈਂਥ): ਪੂਰੀ ਦੁਨੀਆ ਵਿੱਚ ਭਾਰਤ ਦੀ ਕਿਸਾਨੀ ਦਾ ਮੁੱਦਾ ਦਿਨ ਭਰ ਦਿਨ ਵੱਧਦਾ ਜਾ ਰਿਹਾ ਹੈ, ਜਿੱਥੇ ਵੀ ਭਾਰਤੀ ਭਾਈਚਾਰੇ ਦੇ ਲੋਕ ਵੱਸਦੇ ਹਨ, ਉਨ੍ਹਾਂ ਵਲੋਂ ਕਿਸਾਨਾਂ ਦੇ ਅੰਦੋਲਨ ਦਾ ਡੱਟ ਕੇ ਸਮਰਥਨ ਕੀਤਾ ਜਾ ਰਿਹਾ ਹੈ।ਕੇਂਦਰ ਸਰਕਾਰ ਦੁਆਰਾ ਬਣਾਏ ਖੇਤੀਬਾੜੀ ਬਿੱਲਾਂ ਦਾ ਜਿੱਥੇ ਭਾਰਤ ਦੇ ਵਿੱਚ ਵਿਰੋਧ ਹੋ ਰਿਹਾ ਹੈ ਉੱਥੇ ਹੀ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਰਹਿੰਦੇ ਪਰਵਾਸੀ ਭਾਰਤੀ ਭਾਈਚਾਰੇ ਦੁਆਰਾ ਵੀ ਕਿਸਾਨਾਂ ਦੇ ਹੱਕ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਭਾਵੇਂ ਕਿ ਕੋਰੋਨਾਵਾਇਰਸ ਦੇ ਕਾਰਨ ਸਰਕਾਰਾਂ ਦੁਆਰਾ ਸਖ਼ਤੀ ਕੀਤੀ ਗਈ ਹੈ।ਫਿਰ ਵੀ ਭਾਰਤੀ ਭਾਈਚਾਰੇ ਦੁਆਰਾ ਪ੍ਰਸ਼ਾਸਨ ਕੋਲੋਂ ਮਨਜ਼ੂਰੀ ਲੈ ਕੇ ਇਹ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
ਇਟਲੀ ਦੇ ਸ਼ਹਿਰ ਬਰੇਸ਼ੀਆ ਵਿੱਚ ਵੀ ਨੌਜਵਾਨਾਂ ਦੁਆਰਾ ਸਰਕਾਰ ਦੇ ਵਿਰੋਧ ਵਿੱਚ ਅਤੇ ਕਿਸਾਨਾਂ ਦੇ ਹੱਕਾਂ ਦੀ ਰਾਖੀ ਲਈ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਵਿੱਚ ਭਾਰੀ ਸੰਖਿਆ ਵਿੱਚ ਨੌਜਵਾਨਾਂ ਦੁਆਰਾ ਹਿੱਸਾ ਲਿਆ ਗਿਆ। ਨੌਜਵਾਨਾਂ ਦੁਆਰਾ ਕੀਤੇ ਇਸੇ ਇਕੱਠ ਵਿੱਚ ਬਰੇਸ਼ੀਆ ਇਲਾਕੇ ਅਤੇ ਹੋਰ ਆਸ ਪਾਸ ਦੇ ਰਹਿੰਦੇ ਭਾਰਤੀ ਭਾਈਚਾਰੇ ਦੁਆਰਾ ਹਿੱਸਾ ਲਿਆ ਗਿਆ। ਪ੍ਰਦਰਸ਼ਨ ਵਿੱਚ ਭਾਰਤੀ ਭਾਈਚਾਰੇ ਨਾਲ ਸਬੰਧਤ ਬੀਬੀਆਂ ਵੀ ਮੌਜੂਦ ਸਨ. ਭਾਰੀ ਮੀਂਹ ਦੇ ਬਾਵਜੂਦ ਨੌਜਵਾਨਾਂ ਦੇ ਹੌਸਲੇ ਬੁਲੰਦ ਰਹੇ। ਉਨ੍ਹਾਂ ਵੱਲੋਂ ਮੀਂਹ ਜਾਂ ਠੰਡ ਦੀ ਪ੍ਰਵਾਹ ਕੀਤੇ ਬਿਨਾਂ ਸਰਕਾਰ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ ਅਤੇ ਉਨ੍ਹਾਂ ਵੱਲੋਂ ਕਿਸਾਨਾਂ ਨੂੰ ਸਮਰਥਨ ਕਰਨ ਦੇ ਨਾਲ ਕਿਸਾਨ ਏਕਤਾ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਭਾਰਤੀ ਮੂਲ ਦੇ ਲੋਕਾਂ ਵੱਲੋ ਕਿਸਾਨਾਂ ਦੀ ਹਮਾਇਤ 'ਚ ਭਰਵਾਂ ਮੁਜ਼ਾਹਰਾ
ਇਸ ਪ੍ਰੋਗਰਾਮ ਨੂੰ ਕਿਸੇ ਵੀ ਰਾਜਨੀਤਕ, ਸਮਾਜਿਕ ਤੇ ਧਾਰਮਿਕ ਜਥੇਬੰਦੀ ਦੁਆਰਾ ਨਾ ਉਲੀਕਿਆ ਹੋ ਕੇ ਇਟਲੀ ਰਹਿੰਦੇ ਨੌਜਵਾਨ ਮਨਵੀਰ ਸਿੰਘ ਅਤੇ ਗੁਰਪ੍ਰੀਤ ਵਿਰਕ ਦੁਆਰਾ ਕਰਵਾਇਆ ਗਿਆ ਸੀ, ਜਿਸ ਵਿੱਚ ਇਟਲੀ ਤੋਂ ਬਹੁਤ ਸਾਰੀਆਂ ਉੱਘੀਆਂ ਸ਼ਖ਼ਸੀਅਤਾਂ ਨੇ ਵੀ ਹਿੱਸਾ ਲਿਆ। ਤਕਰੀਬਨ 2 ਘੰਟੇ ਚੱਲੇ ਇਸ ਪ੍ਰਦਰਸ਼ਨ ਸਮੇਂ ਭਾਵੇਂ ਮੀਂਹ ਬਹੁਤ ਤੇਜ ਸੀ ਪਰ ਇਹ ਨੌਜਵਾਨ ਆਪਣੇ ਇਰਾਦੇ ਤੋਂ ਟੱਸ ਤੋਂ ਮੱਸ ਨਾ ਹੋਏ ਅਤੇ ਸਰਕਾਰ ਦੇ ਵਿਰੋਧ ਅਤੇ ਕਿਸਾਨਾਂ ਦੇ ਹੱਕ ਵਿੱਚ ਨਾਅਰੇਬਾਜ਼ੀ ਕਰਦੇ ਰਹੇ। ਇਨ੍ਹਾਂ ਨੌਜਵਾਨਾਂ ਦਾ ਇਹ ਵੀ ਕਹਿਣਾ ਸੀ ਕਿ ਜੇਕਰ ਭਾਰਤ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਸਮੇਂ ਦੇ ਵਿਚ ਇਟਲੀ ਵਿਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ਨੋਟ- ਇਟਲੀ ਵਿਚ ਭਾਰਤੀ ਨੌਜਵਾਨਾਂ ਵੱਲੋਂ ਕਿਸਾਨ ਅੰਦਲੋਨ ਨੂੰ ਭਰਵਾਂ ਸਮਰਥਨ ਦੇਣ ਸੰਬੰਧੀ ਖ਼ਬਰ ਬਾਰੇ ਦੱਸੋ ਆਪਣੀ ਰਾਏ।