ਕੋਰੋਨਾ ਦੇ ਕਹਿਰ 'ਚ ਇਟਲੀ ਦੇ ਖੇਤਾਂ 'ਚ ਜ਼ਿੰਦਗੀ ਜਿਊਣ ਦਾ ਸਮਾਨ ਇੱਕਠਾ ਕਰ ਰਹੇ ਭਾਰਤੀ
Wednesday, Mar 25, 2020 - 03:06 PM (IST)

ਰੋਮ (ਕੈਂਥ): ਇਟਲੀ ਵਿੱਚ ਇਸ ਵੇਲੇ ਜੋ ਹਾਲਾਤ ਹਨ ਉਹ ਕੋਰੋਨਾਵਾਇਰਸ ਕਾਰਨ ਬਣੇ ਹਨ। ਉਹ ਕਿਸੇ ਤੋਂ ਵੀ ਅਦ੍ਰਿਸ਼ ਨਹੀਂ।ਜ਼ਿਕਰਯੋਗ ਹੈ ਕਿ ਇਟਲੀ ਦੇ ਲਾਸੀਓ ਸੂਬੇ ਦੇ ਜ਼ਿਲਾ ਰੋਮ ਤੇ ਲਾਤੀਨਾ ਵਿੱਚ ਇਸ ਸਮੇਂ ਕੋਰੋਨਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਦਿਨੋ-ਦਿਨ ਵੱਧਦੀ ਹੀ ਜਾ ਰਹੀ ਹੈ। ਇਹ ਉਹ ਇਲਾਕਾ ਹੈ ਜਿਸ ਨੂੰ 'ਮਿੰਨੀ ਪੰਜਾਬ' ਨਾਲ ਵੀ ਜਾਣਿਆ ਜਾਂਦਾ ਹੈ ਤੇ ਇਹਨਾਂ ਇਲਾਕਿਆਂ ਵਿੱਚ ਹਜ਼ਾਰਾਂ ਪੰਜਾਬੀ ਤੇ ਹਰਿਆਣੀ ਭਾਰਤੀ ਰਹਿਣ ਬਸੇਰਾ ਕਰਦੇ ਹਨ।
ਬੀਤੇ ਦਿਨੀਂ ਰੋਮ ਅਤੇ ਲਾਤੀਨਾ ਇਲਾਕਿਆਂ ਵਿੱਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਤੇਜੀ ਨਾਲ ਵੱਧ ਰਹੀ ਹੈ। ਉਹ ਸਮੁੱਚੇ ਭਾਰਤੀ ਭਾਈਚਾਰੇ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ।ਜਿਹੜੇ ਸਾਡੇ ਭਾਰਤੀ ਭਰਾ ਇਲਾਕਿਆਂ ਵਿੱਚ ਖੇਤੀ-ਬਾੜੀ ਨਾਲ ਸੰਬੰਧਤ ਹੱਡ ਤੋੜਵੀਂ ਮਿਹਨਤ ਮਜ਼ਦੂਰੀ ਕਰਦੇ ਹਨ, ਉਹਨਾਂ ਨੂੰ ਲੋੜ ਹੈ ਕੋਰੋਨਾਵਾਇਰਸ ਵਰਗੇ ਕੁਦਰਤੀ ਕਹਿਰ ਤੋਂ ਆਪਣੇ ਆਪ ਨੂੰ ਬਚਾਉਣ ਦੀ ਤਾਂ ਜੋ ਕਿਸੇ ਵੀ ਮਾੜੀ ਸਥਿਤੀ ਨੂੰ ਪੈਦਾ ਹੋਣ ਤੋਂ ਰੋਕਿਆ ਜਾ ਸਕੇ।
ਬੇਸ਼ੱਕ ਇਟਲੀ ਭਰ ਵਿੱਚ ਲਾਕਡਾਊਨ ਚੱਲ ਰਿਹਾ ਹੈ ਪਰ ਲਾਸੀਓ ਸੂਬੇ ਜਾਂ ਕਈ ਹੋਰ ਸੂਬਿਆਂ ਵਿੱਚ ਖੇਤੀ-ਬਾੜੀ ਦਾ ਕੰਮਕਾਜ ਚੱਲ ਰਿਹਾ ਹੈ ਜਿਸ ਨੂੰ ਕਰਨ ਵਾਲੇ ਬਹੁਤੇ ਭਾਰਤੀ ਹੀ ਹਨ ।ਇਹ ਭਾਰਤੀ ਜਿਹੜੇ ਕਿ ਭਾਰਤ ਤੋਂ ਇਟਲੀ ਕਰਜ਼ੇ ਚੁੱਕ ਕੇ ਘਰ ਦੀ ਗਰੀਬੀ ਦੂਰ ਕਰਨ ਅਤੇ ਪਰਿਵਾਰ ਦਾ ਭੱਵਿਖ ਉੱਜਵਲ ਕਰਨ ਆਏ ਹਨ ਉਹਨਾਂ ਪ੍ਰਤੀ ਡੂੰਘੀਆਂ ਚਿੰਤਾਵਾਂ ਭਾਰਤ ਬੈਠੈ ਉਹਨਾਂ ਦੇ ਪਰਿਵਾਰਾਂ ਨੂੰ ਸਤਾ ਰਹੀਆਂ ਹਨ ਪਰ ਅਜਿਹੇ ਹਲਾਤਾਂ ਦੇ ਬਾਵਜੂਦ ਇਟਲੀ ਦੇ ਖੇਤਾਂ ਵਿੱਚ ਭਾਰਤੀ ਕਾਮੇ ਕੰਮ ਕਰ ਰਹੇ ਹਨ।
ਉਂਝ ਤਾਂ ਭਾਰਤੀ ਖਾਸਕਰ ਪੰਜਾਬੀ ਸਦਾ ਹੀ ਲੋਕਾਂ ਦੇ ਬੁਰੇ ਵਕਤ ਵਿੱਚ ਮੋਢੇ ਨਾਲ ਮੋਢਾ ਲਾਕੇ ਖੜ੍ਹਦੇ ਹਨ ਫਿਰ ਵੀ ਜੇਕਰ ਇਹ ਭਾਰਤੀ ਇਸ ਸਮੇਂ ਖੇਤਾਂ ਵਿੱਚ ਕੰਮ ਕਰਨਾ ਬੰਦ ਕਰ ਦਿੰਦੇ ਹਨ ਤਾਂ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਸਕਦੇ ਹਨ ਕਿਉਂਕਿ ਇਟਲੀ ਭਰ ਵਿੱਚ ਭਾਰਤੀ ਲੋਕ ਡੇਅਰੀਫਾਰਮਾਂ, ਖੇਤੀ-ਬਾੜੀ ਫਾਰਮਾਂ ਤੇ ਕਈ ਹੋਰ ਅਜਿਹੇ ਕੰਮ ਕਰਦੇ ਹਨ ਜਿਹਨਾਂ ਦੇ ਬੰਦ ਹੋਣ ਨਾਲ ਇਟਲੀ ਵਾਸੀਆਂ ਦੀ ਰੋਜ਼ਾਨਾ ਦੀ ਜ਼ਿੰਦਗੀ ਅਧੂਰੀ ਹੈ।ਭਾਰਤੀ ਕਾਮੇ ਇਟਲੀ ਵਿੱਚ ਚੱਲ ਰਹੇ ਬੁਰੇ ਸਮੇਂ ਵਿੱਚ ਦੇਸ਼ ਵਾਸੀਆਂ ਲਈ ਆਪਣੀਆਂ ਸੇਵਾਵਾਂ ਦੇ ਕੇ ਬਹੁਤ ਸ਼ਲਾਘਾਯੋਗ ਕਾਰਜ ਕਰ ਹਨ, ਜਿਸ ਲਈ ਇਹ ਵਧਾਈ ਦੇ ਪਾਤਰ ਹਨ ਪਰ ਲਾਸੀਓ ਸੂਬੇ ਵਿੱਚ ਖੇਤੀਬਾੜੀ ਦਾ ਕੰਮ ਕਰਨ ਵਾਲੇ ਭਾਰਤੀਆਂ ਨੂੰ ਕੋਰੋਨਵਾਇਰਸ ਤੋਂ ਬਚਣ ਲਈ ਸਾਵਧਾਨੀਆਂ ਵਰਤਣ ਦੀ ਵੀ ਸਖ਼ਤ ਜਰੂਰਤ ਹੈ ।