ਇਟਲੀ : ਨਵੀਂ ਸਰਕਾਰ ਬਣਨ ਤੋਂ ਪਹਿਲਾਂ ਹੀ ਗੱਠਜੋੜ 'ਚ ਖੜਕੀ, ਮੰਤਰੀ ਮੰਡਲ ਨੂੰ ਲੈ ਕੇ ਵੀ ਖਿੱਚੋਤਾਣ
Friday, Sep 30, 2022 - 12:56 PM (IST)
ਮਿਲਾਨ/ਇਟਲੀ (ਸਾਬੀ ਚੀਨੀਆ): ਇਟਲੀ ਵਿਚ 25 ਸਤੰਬਰ ਨੂੰ ਨਵੀਂ ਸਰਕਾਰ ਲਈ ਹੋਈਆਂ ਵੋਟਾਂ ਵਿਚ ਵੋਟਰਾਂ ਨੇ ਸੱਜੇ ਪੱਖੀ ਗੱਠਜੋੜ ਦੇ ਪੱਖ ਵਿਚ ਫ਼ੈਸਲਾ ਦਿੰਦੇ ਹੋਏ ਪਹਿਲੀ ਵਾਰ ਕਿਸੇ ਔਰਤ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਲਈ ਰਾਹ ਪੱਧਰਾ ਕਰ ਦਿੱਤਾ। ਪਰ ਜੇ ਸਿਆਸੀ ਪਾਰਟੀਆਂ ਦੇ ਪ੍ਰਦਰਸ਼ਨ 'ਤੇ ਨਿਗਾਹ ਮਾਰੀ ਜਾਵੇ ਤਾਂ ਲੇਗਾ ਨੌਰਦ (ਸਿਆਸੀ ਪਾਰਟੀ) ਸਮੇਤ ਕਈ ਦੂਜੀਆਂ ਪਾਰਟੀਆਂ ਦਾ ਵੋਟ ਬੈਂਕ ਘੱਟ ਜਾਣ ਕਾਰਨ ਪਾਰਟੀਆਂ ਵਿਚ ਅੰਦਰਖਾਤੇ ਖਿੱਚੋਤਾਣ ਵੀ ਸ਼ੁਰੂ ਹੋ ਚੁੱਕੀ ਹੈ।
ਸੂਤਰਾਂ ਮੁਤਾਬਿਕ ਨਵੀਂ ਸਰਕਾਰ ਵਿਚ ਗ੍ਰਹਿ ਮੰਤਰਾਲੇ ਲੈਣ ਲਈ ਮਾਤੇਉ ਸਿਲਵੀਨੀ ਦੌੜ ਵਿਚ ਹਨ ਪਰ ਉਨਾਂ ਦੀ ਪਾਰਟੀ ਦਾ ਵੋਟ ਪ੍ਰਤੀਸ਼ਤ ਘੱਟ ਜਾਣ ਕਰਕੇ ਉਹਨਾਂ ਦੀ ਆਪਣੀ ਪਾਰਟੀ ਵਿਚੋਂ ਹੀ ਵਿਰੋਧਤਾ ਹੋਣੀ ਸ਼ੁਰੂ ਹੋ ਗਈ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਇੰਨਾਂ ਹਾਲਾਤ ਵਿਚ ਸਰਕਾਰ ਚਲਾਉਣਾ ਕੋਈ ਸੌਖੀ ਗੱਲ ਨਹੀ ਹੋਵੇਗੀ। ਫੋਰਸਾ ਇਟਾਲੀਆਂ ਦੇ ਸਿਲਵੀੳ ਬਰਲਸਕੋਨੀ ਵਰਗੇ ਕੱਦਵਾਰ ਲੀਡਰ ਦਾ ਸੱਜੇ ਪੱਖੀਆ ਨਾਲ ਗੱਠਜੋੜ ਹੋਣ ਕਰਕੇ ਉਹ ਵੀ ਵਿਦੇਸ਼ ਮੰਤਰਾਲੇ ਵਰਗੇ ਕਿਸੇ ਵੱਡੇ ਅਹੁੱਦੇ ਦੀ ਆਸ ਲਈ ਬੈਠੇ ਹੋਣਗੇ।
ਪੜ੍ਹੋ ਇਹ ਅਹਿਮ ਖ਼ਬਰ-ਰਾਹਤ ਦੀ ਖ਼ਬਰ, ਆਸਟ੍ਰੇਲੀਆ ਨੇ ਕੋਵਿਡ ਆਈਸੋਲੇਸ਼ਨ ਨਿਯਮ ਕੀਤਾ ਖ਼ਤਮ
ਹੁਣ ਵੇਖਣਾ ਹੋਵੇਗਾ ਕਿ ਇਟਲੀ ਵਿਚ 26 ਪਤੀਸ਼ਤ ਵੋਟਾਂ ਲੈਕੇ ਸਭ ਤੋਂ ਸ਼ਕਤੀਸ਼ਾਲੀ ਪਾਰਟੀ ਫਰਤੈਲੀ ਇਟਾਲੀਆਂ ਦੀ ਜਾਰਜੀਆ ਮੈਲੋਨੀ ਕਿਸ ਦਿਨ ਸਰਕਾਰ ਬਣਾਉਂਦੇ ਹਨ ਤੇ ਕਿਹੜੇ ਕਿਹੜੇ ਆਗੂ ਆਪਣੇ ਮਨਪੰਸਦ ਮੰਤਰਾਲੇ ਲੈਣ ਵਿਚ ਕਾਮਯਾਬ ਹੁੰਦੇ ਹਨ। ਜਾਰਜੀਆ ਮੈਲੋਨੀ ਲਈ ਨਵੀਂ ਸਰਕਾਰ ਬਣਾ ਕੇ ਪੂਰੇ ਪੰਜ ਸਾਲ ਚਲਾਉਣਾ ਅਤੇ ਦੇਸ਼ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਨਿਭਾਉਣਾ ਵੀ ਇਕ ਵੱਡੀ ਚੁਣੌਤੀ ਹੋਵੇਗਾ।