ਇਟਲੀ ਰਹਿ ਰਹੇ ਭਾਰਤੀਆਂ ਲਈ ਅੰਬੈਸੀ ਦਾ ਖਾਸ ਸੁਨੇਹਾ, ਹੈਲਪ ਲਾਈਨ ਨੰਬਰ ਜਾਰੀ

03/28/2020 8:22:30 AM

ਰੋਮ, (ਕੈਂਥ)- ਇਟਲੀ ਕੁਦਰਤੀ ਕਹਿਰ ਕੋਰੋਨਾ ਵਾਇਰਸ ਨਾਲ ਇਸ ਸਮੇਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਇਸ ਕਾਰਨ ਬੀਤੇ ਦਿਨੀਂ ਇੱਥੇ ਸੈਂਕੜੇ ਭਾਰਤੀ ਵਿਦਿਆਰਥੀ ਤੇ ਸੈਲਾਨੀ ਫਸ ਗਏ ਸਨ ਜਿਨ੍ਹਾਂ ਨੂੰ ਵਿਦੇਸ਼ ਮੰਤਰਾਲਾ ਭਾਰਤ ਸਰਕਾਰ,ਇਟਲੀ ਦੇ ਸਥਾਨਕ ਪ੍ਰਸ਼ਾਸਨ ਅਤੇ ਏਅਰ ਇੰਡੀਆ ਦੇ ਸਮੁੱਚੇ ਸਟਾਫ਼ ਦੇ ਸਹਿਯੋਗ ਨਾਲ ਭਾਰਤੀ ਅੰਬੈਂਸੀ ਰੋਮ ਦੇ ਰਾਜਦੂਤ ਮੈਡਮ ਰੀਨਤ ਸੰਧੂ ਦੀਆਂ ਅਣਥੱਕ ਸ਼ਲਾਘਾਯੋਗ ਕਾਰਵਾਈਆਂ ਨਾਲ ਦੋ ਵਾਰ ਰੋਮ ਤੇ ਮਿਲਾਨ ਤੋਂ ਦਿੱਲੀ ਭੇਜਿਆ ਗਿਆ।

ਇਟਲੀ ਵਿੱਚ 3 ਅਪ੍ਰੈੱਲ ਤੱਕ ਰੈੱਡ ਅਲਰਟ ਜਾਰੀ ਹੈ ਜਿਸ ਦੇ ਚੱਲਦਿਆਂ ਸਭ ਸਰਕਾਰੀ ਅਦਾਰੇ ਬੰਦ ਹਨ ਤੇ ਭਾਰਤੀ ਅੰਬੈਂਸੀ ਰੋਮ ਅਤੇ ਮਿਲਾਨ ਵੱਲੋਂ ਵੀ ਆਪਣੀਆਂ ਸੇਵਾਵਾਂ ਅਸਥਾਈ ਤੌਰ ‘ਤੇ ਬੰਦ ਕਰ ਦਿੱਤੀਆਂ ਗਈਆਂ ਹਨ । ਅਜਿਹੇ ਹਾਲਾਤਾਂ ਵਿੱਚ ਭਾਰਤੀ ਭਾਈਚਾਰੇ ਨੂੰ ਪੇਸ਼ ਆਉਂਦੀਆਂ ਮੁਸ਼ਕਲਾਂ ਦੇ ਮੱਦੇ ਨਜ਼ਰ ਮੈਡਮ ਰੀਨਤ ਸੰਧੂ ਨੇ ਇਟਲੀ ਦੇ ਭਾਰਤੀ ਭਾਈਚਾਰੇ ਨੂੰ ਵਿਸ਼ੇਸ਼ ਸੁਨੇਹਾ ਦਿੰਦਿਆਂ ਕਿਹਾ ਕਿ ਇਟਲੀ ਸਰਕਾਰ ਬਹੁਤ ਸਖ਼ਤ ਕਦਮ ਚੁੱਕ ਰਹੀ ਹੈ। 
ਕੋਈ ਵੀ ਵਿਅਕਤੀ ਆਪਣੇ ਘਰ ਤੋਂ ਬਹੁਤ ਜ਼ਰੂਰੀ ਕੰਮ ਜਾਂ ਐਮਰਜੈਂਸੀ ਲਈ ਹੀ ਬਾਹਰ ਨਿਕਲ ਸਕਦਾ ਹੈ। ਜਿਹੜੇ ਲੋਕ ਅਜਿਹੇ ਖੇਤਰਾਂ ਵਿੱਚ ਕੰਮ ਕਰਦੇ ਹਨ ਜਿੱਥੇ ਕਿ ਹੁਣ ਵੀ ਕੰਮ ਚੱਲਦਾ ਹੈ ਜਿਵੇਂ ਖੇਤੀ-ਬਾੜੀ ਆਦਿ ਦਾ ਤਾਂ ਅਜਿਹੇ ਕੰਮ ਵਿੱਚ ਉਹ ਆਪਣਾ ਮਾਸਕ ਅਤੇ ਦਸਤਾਨੇ ਪਾ ਕੇ ਰੱਖਣ।

ਕੁਝ ਦਿਨਾਂ ਲਈ ਅੰਬੈਂਸੀ ਦੀਆਂ ਕੌਂਸਲਰ ਸੇਵਾਵਾਂ ਵੀ ਬੰਦ ਕੀਤੀਆਂ ਗਈਆਂ ਹਨ। ਇਸ ਔਖੀ ਘੜੀ ਵਿਚ ਮਦਦ ਲਈ ਅੰਬੈਸੀ ਵੱਲੋਂ 4 ਫੋਨ ਹੈਲਪ ਲਾਈਨਾਂ ਵੀ ਖੋਲ੍ਹੀਆਂ ਗਈਆਂ ਹਨ , ਜੋ ਇਸ ਤਰ੍ਹਾਂ ਹਨ- (1)00393201749773 (2)00393248390031 (3)00393316142085 (4)00393311928713

ਰਾਜਦੂਤ ਮੈਡਮ ਰੀਨਤ ਨੇ ਕਿਹਾ ਕਿ ਜੇਕਰ ਤੁਹਾਨੂੰ ਕੋਈ ਪ੍ਰੇਸ਼ਾਨੀ ਹੈ ਤਾਂ ਤੁਸੀ ਇਨ੍ਹਾਂ ਨੰਬਰਾਂ ਉਪੱਰ ਫੋਨ ਕਰ ਸਕਦੇ ਹੋ।ਅੰਬੈਸੀ ਆਪਣੇ ਵੱਲੋਂ ਜਿੰਨਾ ਹੋ ਸਕੇ ਤੁਹਾਡੀ ਜ਼ਰੂਰ ਸਹਾਇਤਾ ਕਰੇਗੀ।ਅੰਬੈਂਸੀ ਵੱਲੋਂ ਆਪਣੇ ਫੇਸਬੁੱਕ ਪੇਜ਼ ਅਤੇ ਟਵਿੱਟਰ ਉਪੱਰ ਵੀ ਜਾਣਕਾਰੀ ਸਾਂਝੀ ਹੁੰਦੀ ਰਹਿੰਦੀ ਹੈ। ਕੋਰੋਨਾਵਾਇਰਸ ਨਾਲ ਸੰਬਧਤ ਤੁਹਾਨੂੰ ਕੋਈ ਲੱਛਣ ਲੱਗਦੇ ਹਨ ਤਾਂ ਇਸ ਸੰਬਧੀ ਇਤਾਲੀਅਨ ਸਰਕਾਰ ਨੇ ਵੀ ਸਹਾਇਤਾ ਲਾਈਨ ਖੋਲੀ ਹੋਈ ਹੈ ਜਿਵੇਂ 1500 ਨੰਬਰ ‘ਤੇ ਹਰ ਸਮੱਸਿਆ ਦੇ ਵੱਖ-ਵੱਖ ਨੰਬਰ ਹਨ ਜਿਨ੍ਹਾਂ ਉੱਤੇ ਤੁਸੀਂ ਫੋਨ ਕਰ ਸਕਦੇ ਹੋ।
ਉਨ੍ਹਾਂ ਕਿਹਾ ਕਿ ਜਦੋਂ ਵੀ ਸਥਿਤੀ ਵਿਚ ਸੁਧਾਰ ਆਉਂਦਾ ਹੈ ਤਾਂ ਅੰਬੈਂਸੀ ਆਪਣੀਆਂ ਕੌਂਸਲਰ ਸੇਵਾਵਾਂ ਸ਼ੁਰੂ ਕਰ ਦੇਵੇਗੀ। ਜੇਕਰ ਤੁਹਾਡਾ ਪਾਸਪੋਰਟ ਜਾਂ ਕੋਈ ਹੋਰ ਕਿਸੇ ਪੇਪਰ ਦੀ ਮਿਆਦ ਖਤਮ ਹੋ ਰਹੀ ਹੈ ਤਾਂ ਤੁਸੀਂ ਬਿਲਕੁਲ ਫਿਕਰ ਨਾ ਕਰੋ ਜਦੋਂ ਵੀ ਅੰਬੈਸੀ ਆਪਣੀਆਂ ਕੌਂਸਲਰ ਸੇਵਾਵਾਂ ਸ਼ੁਰੂ ਕਰਦੀ ਹੈ ਤਾਂ ਤੁਹਾਡੇ ਸਾਰੇ ਕੰਮਾਂ ਦਾ ਉਹ ਧਿਆਨ ਰੱਖਣਗੇ।


Lalita Mam

Content Editor

Related News