ਇਟਲੀ 'ਚ ਦੂਜਾ ਕੋਵਿਡ-19 ਜਾਂਚ ਕੈਂਪ ਬੇਲਾਫਾਰਨੀਆ ਵਿਖੇ 6 ਮਈ ਨੂੰ ਹੋਵੇਗਾ ਆਯੋਜਿਤ
Wednesday, May 05, 2021 - 05:19 PM (IST)
ਰੋਮ (ਕੈਂਥ): ਇਟਲੀ ਸਰਕਾਰ ਵੱਲੋਂ ਦੇਸ਼ ਨੂੰ ਕੋਵਿਡ ਮੁਕਤ ਕਰਨ ਲਈ ਵਿਸ਼ੇਸ਼ ਕੋਵਿਡ-19 ਟੈਸਟ ਦੇ ਕੈਂਪ ਲਗਾਏ ਜਾ ਰਹੇ ਹਨ। ਇਸੇ ਲੜੀ ਵਿੱਚ ਲਾਸੀਓ ਸੂਬੇ ਦੇ ਜਿਲਾ ਲਾਤੀਨਾ ਦੇ ਸ਼ਹਿਰ ਸਬਾਊਦੀਆ ਨੇੜੇ ਬੇਲਾਫਾਰਨੀਆ ਵਿਖੇ ਦੂਜਾ ਕੋਵਿਡ-19 ਜਾਂਚ ਕੈਪ 6 ਮਈ ਦਿਨ ਵੀਰਵਾਰ 2021 ਨੂੰ ਦੁਪਿਹਰ 1 ਵਜੇ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਕੋਈ ਵੀ ਜਾਕੇ ਆਪਣਾ ਟੈਸਟ ਕਰਵਾ ਸਕਦਾ ਹੈ।ਪ੍ਰੈੱਸ ਨੂੰ ਇਹ ਜਾਣਕਾਰੀ ਐਨ ਆਰ ਆਈ ਸਭਾ ਇਟਲੀ ਦੇ ਪ੍ਰਧਾਨ ਕਰਮਜੀਤ ਸਿੰਘ ਢਿੱਲੋ ਨੇ ਦਿੰਦਿਆਂ ਕਿਹਾ ਕਿ ਇਟਲੀ ਦੇ ਭਾਰਤੀ ਲੋਕ ਕੋਵਿਡ-19 ਦੀ ਜੰਗ ਵਿੱਚ ਇਟਲੀ ਸਰਕਾਰ ਦਾ ਵੱਧ ਤੋਂ ਵੱਧ ਸਾਥ ਦੇਣ, ਤਾਂ ਜੋ ਜਲਦ ਦੇਸ਼ ਕੋਵਿਡ ਮੁਕਤ ਹੋ ਸਕੇ।
ਪੜ੍ਹੋ ਇਹ ਅਹਿਮ ਖਬਰ - ਕੈਨੇਡਾ 'ਚ ਐਸਟਰਾਜ਼ੈਨੇਕਾ ਟੀਕਾ ਲਗਵਾਉਣ ਤੋਂ ਬਾਅਦ ਦੂਜੀ ਮੌਤ ਦੀ ਪੁਸ਼ਟੀ
6 ਮਈ ਨੂੰ ਲੱਗ ਰਹੇ ਕੈਂਪ ਵਿੱਚ ਇਲਾਕੇ ਦੇ ਭਾਰਤੀ ਭਾਈਚਾਰੇ ਦੇ ਉਹ ਲੋਕ ਜ਼ਰੂਰ ਆਪਣਾ ਟੈਸਟ ਕਰਵਾਉਣ ਜਿਹੜੇ ਪਹਿਲੇ ਕੈਂਪ ਵਿੱਚ ਰਹਿ ਗਏ ਸਨ।ਪ੍ਰਸ਼ਾਸਨ ਪਹਿਲ ਦੇ ਆਧਾਰ 'ਤੇ ਕੋਵਿਡ ਨੂੰ ਖ਼ਤਮ ਕਰਨ ਲਈ ਕਾਰਵਾਈਆਂ ਨੂੰ ਅੰਜਾਮ ਦੇ ਰਿਹਾ ਹੈ ਜਿਸ ਤਹਿਤ ਸਰਕਾਰ ਇਹ ਵਿਸ਼ੇਸ਼ ਜਾਂਚ ਕੈਂਪ ਲਗਾ ਰਹੀ ਹੈ। ਜ਼ਿਕਰਯੋਗ ਕਿ ਪਹਿਲੇ ਲੱਗੇ ਕੈਂਪ ਵਿੱਚ ਜਿਹੜੇ ਪਹਿਲਾਂ ਕੋਵਿਡ ਪ੍ਰਭਾਵਿਤ ਭਾਰਤੀ ਨਿਕਲੇ ਸਨ ਉਹਨਾਂ ਵਿੱਚੋਂ ਬਹੁਤੇ ਠੀਕ ਹੋ ਚੁੱਕੇ ਹਨ ਤੇ ਜਿਹੜੇ ਕੁਝ ਰਹਿੰਦੇ ਵੀ ਹਨ ਉਹ ਵੀ ਜਲਦ ਤੰਦਰੁਸਤੀ ਵੱਲ ਜਾ ਰਹੇ ਹਨ । ਆਸ ਪ੍ਰਗਟਾਈ ਜਾ ਰਹੀ ਹੈ ਕੋਵਿਡ-19 ਦੇ ਬੇਲਾਫਾਰਨੀਆ ਵਿਚ ਪ੍ਰਭਾਵ ਨੂੰ ਘੱਟਦਾ ਦੇਖ ਪ੍ਰਸ਼ਾਸਨ ਵੱਲੋ ਕੀਤੀ ਸਖ਼ਤੀ ਵਿੱਚ ਢਿੱਲ ਆ ਜਾਵੇਗੀ।