ਇਟਲੀ : ਸਮਾਜ ਸੇਵੀ ਸੰਸਥਾ ਨੇ 2 ਪੰਜਾਬੀ ਨੌਜਵਾਨਾਂ ਦਾ ਕੀਤਾ ਅੰਤਿਮ ਸੰਸਕਾਰ

1/21/2021 4:54:45 PM

ਰੋਮ/ਇਟਲੀ (ਕੈਂਥ): ਭਾਰਤੀ ਨੌਜਵਾਨ ਸੁਨਿਹਰੇ ਭਵਿੱਖ ਲਈ ਆਪਣੀ ਜਨਮ ਭੂਮੀ ਨੂੰ ਛੱਡ ਕੇ ਵਿਦੇਸ਼ਾਂ ਦੀ ਧਰਤੀ ਵੱਲ ਰੁੱਖ਼ ਕਰਦੇ ਹਨ ਪਰ ਕਈ ਨੌਜਵਾਨਾਂ ਨੂੰ ਵਿਦੇਸ਼ਾਂ ਦੀ ਧਰਤੀ ਉੱਤੇ ਆ ਕੇ ਵੀ ਕਿਸਮਤ ਦਾ ਸਾਥ ਨਹੀਂ ਮਿਲਦਾ। ਇਸ ਕਾਰਨ ਕਈ ਵਾਰ ਉਨ੍ਹਾਂ ਨੂੰ ਦੁੱਖਾ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਵਿਦੇਸ਼ਾਂ ਵਿੱਚ ਹੱਢ ਭੰਨਵੀ ਮਿਹਨਤ ਕਰਕੇ ਹੀ ਗੁਜ਼ਾਰਾ ਕਰਨਾ ਪੈਂਦਾ ਹੈ। ਵਿਦੇਸ਼ਾਂ ਦੀ ਧਰਤੀ ਉੱਤੇ ਬਹੁਤ ਸਾਰੇ ਕਾਮਯਾਬ ਹੋ ਜਾਂਦੇ ਹਨ ਪਰ ਕਈਆਂ ਦੇ ਆਪਣੇ ਸੁਨਿਹਰੀ ਭਵਿੱਖ ਲਈ ਵੇਖੇ ਸੁਪਨੇ ਅਧੂਰੇ ਰਹਿ ਜਾਂਦੇ ਹਨ। ਅਜਿਹਾ ਹੀ ਇਟਲੀ ਵਿੱਚ ਬੀਤੇ ਮਹੀਨਿਆਂ ਵਿੱਚ 2 ਵੱਖ-ਵੱਖ ਭਾਰਤੀ ਨੌਜਵਾਨ ਨਾਲ ਵਾਪਰਿਆ ਜਿਹੜੇ ਕਿ ਬੇਵਕਤੀ ਮੌਤ ਕਾਰਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ ਪਰ ਕੋਰੋਨਾ ਵਾਇਰਸ ਕਾਰਨ ਉਨ੍ਹਾਂ ਦੀਆ ਮ੍ਰਿਤਕ ਦੇਹਾਂ ਨੂੰ ਭਾਰਤ ਨਹੀਂ ਭੇਜਿਆ ਜਾ ਸਕਿਆ। ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਦਾ ਸੰਸਕਾਰ ਬੀਤੇ ਦਿਨੀਂ ਇਟਲੀ ਦੀ ਸਮਾਜ ਸੇਵੀ ਸੰਸਥਾ ਆਸ ਦੀ ਕਿਰਨ ਨੇ ਭਾਰਤੀ ਭਾਈਚਾਰੇ ਦੇ ਸਹਿਯੋਗ ਨਾਲ ਕੀਤਾ।

PunjabKesari

ਇਸ ਸੰਬੰਧੀ ਸੰਸਥਾ ਦੇ ਮੈਂਬਰਾਂ ਵੱਲੋਂ ਪ੍ਰੈੱਸ ਨੂੰ ਜਾਣਕਾਰੀ ਸਾਂਝੀ ਕਰਦਿਆਂ ਹੋਇਆਂ ਦੱਸਿਆ ਕਿ ਬੀਤੇ ਦਿਨੀਂ ਸੰਸਥਾ ਵਲੋਂ ਸਮੂਹ ਭਾਰਤੀ ਭਾਈਚਾਰੇ ਦੇ ਸਹਿਯੋਗ ਨਾਲ ਤਲਵਿੰਦਰ ਸਿੰਘ ਅਤੇ ਸੁਖਵਿੰਦਰ ਸਿੰਘ ਦੀਆਂ ਮ੍ਰਿਤਕ ਦੇਹਾਂ ਦਾ ਸੰਸਕਾਰ ਕੀਤਾ ਗਿਆ ਸੀ। ਜਿਨ੍ਹਾਂ ਵਿੱਚ ਤਲਵਿੰਦਰ ਸਿੰਘ ਦੀ ਮੌਤ 28 ਦਸੰਬਰ, 2020 ਨੂੰ ਇਟਲੀ ਦੀ ਰਾਜਧਾਨੀ ਰੋਮ ਦੇ ਸ਼ਹਿਰ ਲਵੀਨੀਓ ਵਿਖੇ ਦਿਲ ਦੀ ਧੜਕਣ ਰੁਕ ਜਾਣ ਕਰਕੇ ਅਤੇ ਸੁਖਵਿੰਦਰ ਸਿੰਘ ਦੀ ਮੌਤ 19 ਦਸੰਬਰ, 2020 ਨੂੰ ਇਟਲੀ ਦੇ ਸ਼ਹਿਰ ਵਿਤੇਰਬੋ ਵਿਖੇ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆ ਜਾਣ ਕਰਕੇ ਹੋ ਗਈ ਸੀ। 

ਪੜ੍ਹੋ ਇਹ ਅਹਿਮ ਖਬਰ- ਐੱਮ.ਪੀ. ਢੇਸੀ ਨੇ ਬ੍ਰਿਟਿਸ਼ ਸੰਸਦ 'ਚ ਚੁੱਕਿਆ ਕਿਸਾਨੀ ਅਤੇ NIA ਦੇ ਨੋਟਿਸਾਂ ਦਾ ਮੁੱਦਾ

ਉਨ੍ਹਾਂ ਦੱਸਿਆ ਕਿ ਮ੍ਰਿਤਕ ਤਲਵਿੰਦਰ ਸਿੰਘ ਪੰਜਾਬ ਦੇ ਜ਼ਿਲ੍ਹਾ ਰੋਪੜ ਅਤੇ ਤਹਿਸੀਲ ਮੋਹਾਲੀ ਦੇ ਪਿੰਡ ਖੇਹੜੀ ਦਾ ਰਹਿਣ ਵਾਲਾ ਸੀ ਅਤੇ ਸੁਖਵਿੰਦਰ ਸਿੰਘ ਜੋ ਕਿ ਪੰਜਾਬ ਦੇ ਜ਼ਿਲ੍ਹਾ ਅਤੇ ਤਹਿਸੀਲ ਗੁਰਦਾਸਪੁਰ ਦੇ ਪਿੰਡ ਬੁੱਲੇ ਚੱਕ ਦਾ ਰਹਿਣ ਵਾਲਾ ਸੀ। ਇਹ ਦੋਵੇਂ ਨੌਜਵਾਨ ਪਿਛਲੇ ਲੰਮੇ ਸਮੇਂ ਤੋਂ ਇਟਲੀ ਵਿੱਚ ਰਹਿ ਰਹੇ ਸਨ। ਇਨ੍ਹਾਂ ਦੋਵਾਂ ਵੀਰਾਂ ਦੀਆਂ ਅੰਤਿਮ ਰਸਮਾਂ ਸਮੂਹ ਭਾਈਚਾਰੇ ਦੇ ਸਹਿਯੋਗ ਨਾਲ ਅਤੇ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਨਾਲ ਆਸ ਦੀ ਕਿਰਨ ਸੰਸਥਾ ਵਲੋਂ ਨਿਭਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਵੀਰਾਂ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਆਖਰੀ ਪਲਾਂ ਵਿੱਚ ਉਨ੍ਹਾਂ ਦੇ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਨਹੀਂ ਦੇਖ ਸਕਣਗੇ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor Vandana