ਇਟਲੀ ''ਚ ਮੰਦਹਾਲੀ ਦਾ ਦੌਰ ਜਾਰੀ, ਅਪ੍ਰੈਲ ''ਚ 10.7% ਤੱਕ ਪਹੁੰਚੀ ਬੇਰੁਜ਼ਗਾਰੀ

06/02/2021 3:19:10 PM

ਰੋਮ(ਕੈਂਥ): ਇਟਲੀ ਦੀ ਗਿਣਤੀ ਭਾਵੇਂ ਵਿਕਸਿਤ ਦੇਸ਼ਾਂ ਵਿਚ ਹੁੰਦੀ ਹੈ ਪਰ ਇੱਥੋਂ ਦੇ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਦੀ ਦਰ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਇੱਥੋਂ ਦੇ ਨੌਜਵਾਨ ਚੰਗੀ ਨੌਕਰੀ ਦੀ ਭਾਲ ਵਿਚ ਦੂਸਰੇ ਦੇਸ਼ਾਂ ਵਿਚ ਜਾ ਰਹੇ ਹਨ। ਪਿਛਲੇ 10 ਸਾਲਾਂ ਵਿੱਚ ਲੱਖਾਂ ਨੌਜਵਾਨ ਚੰਗੇ ਭੱਵਿਖ ਲਈ ਇਟਲੀ ਤੋਂ ਕੂਚ ਕਰ ਚੁੱਕੇ ਹਨ।ਇਟਲੀ ਦੀ ਰਾਸ਼ਟਰੀ ਅੰਕੜਾ ਸੰਸਥਾ ਇਸਤਾਤ ਦੁਆਰਾ ਜਾਰੀ ਕੀਤੇ ਆਰਜ਼ੀ ਅੰਕੜਿਆਂ ਅਨੁਸਾਰ, ਇਟਲੀ ਦੀ ਬੇਰੁਜ਼ਗਾਰੀ ਦਰ ਅਪ੍ਰੈਲ ਵਿੱਚ 10.7% ਤੱਕ ਪਹੁੰਚ ਗਈ, ਜੋ ਕਿ 0.3% ਪ੍ਰਤੀਸ਼ਤ ਵੱਧ ਹੈ। ਰਾਸ਼ਟਰੀ ਅੰਕੜਾ ਏਜੰਸੀ ਨੇ ਕਿਹਾ ਕਿ 25 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਬੇਰੁਜ਼ਗਾਰੀ ਦੀ ਦਰ 33.7% ਸੀ ਜੋ ਕਿ 0.2 ਅੰਕ  ਹੇਠਾਂ ਹੈ।

ਇਸ ਵਿਚ ਕਿਹਾ ਗਿਆ ਹੈ ਕਿ ਅਪ੍ਰੈਲ ਵਿਚ ਦੋਨੋਂ ਰੁਜ਼ਗਾਰ ਪ੍ਰਾਪਤ ਅਤੇ ਬੇਰੁਜ਼ਗਾਰਾਂ ਦੀ ਗਿਣਤੀ ਵਧੀ ਹੈ। ਜਦੋਂ ਕਿ ਮਜ਼ਦੂਰ ਬਾਜ਼ਾਰ ਵਿਚ 'ਸਰਗਰਮ' ਲੋਕਾਂ ਦੀ ਗਿਣਤੀ ਵਿਚ ਗਿਰਾਵਟ ਆਈ। ਰਿਪੋਰਟ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਰੁਜ਼ਗਾਰ ਦੀ ਦਰ ਇਕ ਪੁਆਇੰਟ ਦੇ 0.1% ਵੱਧ ਕੇ 56.9% ਹੋ ਗਈ ਹੈ। ਮਾਰਚ ਵਿਚ 20,000 ਲੋਕਾਂ ਦੇ ਕੰਮ ਵਿਚ ਵਾਧਾ ਹੋਇਆ ਹੈ ਪਰ ਉਸ ਨਾਲ ਹੀ ਰੁਜ਼ਗਾਰ ਲੱਭਣ ਵਾਲਿਆਂ ਵਿੱਚ 88,000 ਦਾ ਵਾਧਾ ਹੋਇਆ ਹੈ।ਅਪ੍ਰੈਲ 2020 ਤੋਂ ਹੁਣ ਤੱਕ ਲੋਕਾਂ ਦੇ ਲਗਭਗ 177,000 ਰੁਜ਼ਗਾਰ ਉਜੜੇ ਹਨ ਜਦੋ ਕਿ ਪਿਛਲੇ 12 ਮਹੀਨਿਆਂ ਤੋਂ ਕੰਮ ਦੀ ਭਾਲ ਵਿੱਚ ਲੱਗੇ ਨੌਜਵਾਨਾਂ ਦੀ ਗਿਣਤੀ 870,000 ਤੱਕ ਪਹੁੰਚ ਚੁੱਕੀ ਹੈ ਮਤਲਬ 48.3% ਦਰ ਦਾ ਵਾਧਾ ਹੋਇਆ ਹੈ।

ਪੜ੍ਹੋ ਇਹ ਅਹਿਮ ਖਬਰ- ਪਾਕਿਸਤਾਨ ਨੇ ਲਾਂਚ ਕੀਤੀ ਹੋਮਮੇਡ ਕੋਰੋਨਾ ਵੈਕਸੀਨ 'PakVac' (ਵੀਡੀਓ)

ਉਧਰ ਦੂਸਰੇ ਪਾਸੇ ਇਟਲੀ ਦੀ ਕੋਰਟ ਆਫ ਆਰਡਰਜ ਦੀ ਯੂਨੀਵਰਸਿਟੀਆਂ ਦੇ ਸਿਸਟਮ ਬਾਰੇ 2021 ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਸਾਲਾਂ ਵਿੱਚ 2013 ਦੇ ਮੁਕਾਬਲੇ ਇਟਲੀ ਦਾ ਪ੍ਰਤਿਭਾ ਪਲਾਇਨ 41.8% ਵੱਧਿਆ ਹੈ। ਰੁਜ਼ਗਾਰ ਦੀ ਸੀਮਤ ਸੰਭਾਵਨਾ ਅਤੇ ਘੱਟ ਤਨਖਾਹ ਹੋਰ ਵੀ ਗ੍ਰੈਜੂਏਟਾਂ ਨੂੰ ਦੇਸ਼ ਛੱਡਣ ਲਈ ਦਬਾਅ ਪਾ ਰਹੀ ਹੈ। ਅਦਾਲਤ ਨੇ ਕਿਹਾ ਕਿ ਹੋਰਨਾਂ ਦੇਸ਼ਾਂ ਦੀ ਤਰ੍ਹਾਂ ਇਟਲੀ ਵੀ ਵੱਧ ਤੋਂ ਵੱਧ ਨੌਜਵਾਨਾਂ ਨੂੰ ਗ੍ਰੈਜੂਏਟ ਕਰਨਾ ਵੇਖ ਰਿਹਾ ਹੈ।ਕੋਵਿਡ-19 ਨੇ ਵੀ ਇਟਲੀ ਵਿੱਚ ਬੇਰੁਜ਼ਗਾਰੀ ਦੀ ਅੱਗ ਨੂੰ ਪ੍ਰਚੰਡ ਕਰਨ ਵਿੱਚ ਬੱਲਦੀ ਉਪੱਰ ਤੇਲ ਪਾਉਣ ਦਾ ਕੰਮ ਕੀਤਾ ਹੈ।

ਬੇਰੁਜ਼ਗਾਰ ਦੀ ਮਾਰ ਨਾਲ ਇਟਲੀ ਦਾ ਕੋਈ ਇੱਕ ਤਬਕਾ ਨਹੀ ਸਗੋਂ ਸਮੁੱਚਾ ਸਮਾਜ ਪ੍ਰਭਾਵਿਤ ਹੋ ਰਿਹਾ ਹੈ ਤੇ ਇਸ ਮੰਦਹਾਲੀ ਵਿੱਚੋਂ ਬਾਹਰ ਨਿਕਲਣ ਲਈ ਲੋਕ ਸੜਕਾਂ 'ਤੇ ਆਕੇ ਸਰਕਾਰ ਤੋਂ ਆਰਥਿਕ ਮਦਦ ਦੀ ਗੁਹਾਰ ਨਿਰੰਤਰ ਲਗਾ ਰਹੇ ਹਨ।ਆਰਥਿਕਤਾ ਤੇ ਕੋਰੋਨਾ ਵਾਇਰਸ ਦੇ ਵਿਨਾਸ਼ਕਾਰੀ ਪ੍ਰਭਾਵਾਂ ਨੂੰ ਉਜਾਗਰ ਕਰਦੇ ਹੋਏ ਇਟਲੀ ਦਾ ਕੁੱਲ ਘਰੇਲੂ ਉਤਪਾਦ ਪਿਛਲੇ ਸਾਲ 8.9% ਘਟਿਆ ਜਿਹੜਾ ਕਿ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਵਾਲਾ ਮੰਦੀ ਦਾ ਸਭ ਤੋਂ ਬੁਰਾ ਦੌਰ ਮੰਨਿਆ ਜਾ ਰਿਹਾ ਹੈ।

ਨੋਟ- ਇਟਲੀ 'ਚ ਮੰਦਹਾਲੀ ਦਾ ਦੌਰ ਜਾਰੀ, ਅਪ੍ਰੈਲ 'ਚ 10.7% ਤੱਕ ਪਹੁੰਚੀ ਬੇਰੁਜ਼ਗਾਰੀ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News