ਕੋਰੋਨਾਵਾਇਰਸ ਤੋਂ ਬਚਣ ਲਈ ਇਟਲੀ ਹਵਾਈ ਅੱਡੇ ''ਤੇ ਲੱਗੀਆਂ ਵਿਸ਼ੇਸ਼ ਜਾਂਚ ਮਸ਼ੀਨਾਂ

Friday, Jan 24, 2020 - 03:33 PM (IST)

ਕੋਰੋਨਾਵਾਇਰਸ ਤੋਂ ਬਚਣ ਲਈ ਇਟਲੀ ਹਵਾਈ ਅੱਡੇ ''ਤੇ ਲੱਗੀਆਂ ਵਿਸ਼ੇਸ਼ ਜਾਂਚ ਮਸ਼ੀਨਾਂ

ਰੋਮ/ ਇਟਲੀ (ਕੈਂਥ): ਦੁਨੀਆ ਭਰ ਵਿੱਚ ਕਈ ਅਜਿਹੀਆਂ ਬੀਮਾਰੀਆਂ ਹਨ ਜਿਹੜੀਆਂ ਕਿ ਲਾ-ਇਲਾਜ ਤਾਂ ਨਹੀਂ ਹੁੰਦੀਆਂ ਪਰ ਕਈ ਵਾਰ ਮਰੀਜ਼ ਉਪੱਰ ਅਜਿਹਾ ਗੰਭੀਰ ਹਮਲਾ ਕਰਦੀਆਂ ਹਨ ਕਿ ਮਰੀਜ਼ ਡਾਕਟਰਾਂ ਦੇ ਹੱਥਾਂ ਵਿੱਚ ਹੀ ਦਮ ਤੋੜ ਦਿੰਦਾ ਹੈ।ਮੌਸਮ ਵਿਚ ਤਬਦੀਲੀ ਅਜਿਹੀਆਂ ਬਿਮਾਰੀਆਂ ਨੂੰ ਪੈਦਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ।ਅਜਿਹੀ ਹੀ ਇੱਕ ਬੀਮਾਰੀ ਕੋਰੋਨਾ ਵਾਇਰਸ ਕਾਰਨ ਚੀਨ ਵਿੱਚ ਤਹਿਲਕਾ ਮਚਿਆ ਹੋਇਆ ਹੈ। ਹੁਣ ਤੱਕ 25 ਲੋਕਾਂ ਲਈ ਇਹ ਬੀਮਾਰੀ ਕਾਲ ਦਾ ਦੈਂਤ ਬਣ ਚੁੱਕੀ ਹੈ ਤੇ 800 ਤੋਂ ਵੱਧ ਕੋਰੋਨਾ ਵਾਇਰਸ ਦੇ ਪ੍ਰਭਾਵ ਵਿੱਚ ਦੱਸੇ ਜਾ ਰਹੇ ਹਨ।

ਇਸ ਵਾਇਰਸ ਤੋਂ ਬਚਣ ਲਈ ਜਿੱਥੇ ਪੂਰੀ ਦੁਨੀਆ ਚੌਕੰਨੀ ਹੋ ਗਈ ਹੈ ਉੱਥੇ ਹੀ ਯੂਰਪ ਵਿੱਚ ਵੀ ਇਸ ਵਾਇਰਸ ਤੋਂ ਬਚਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ।ਇਟਲੀ ਨੇ ਵੀ ਇਸ ਵਾਇਰਸ ਤੋਂ ਬਚਣ ਲਈ ਆਪਣੇ ਅੰਤਰਰਾਸ਼ਟਰੀ ਹਵਾਈ ਅੱਡਿਆਂ 'ਤੇ ਖਾਸ ਪ੍ਰਬੰਧ ਕੀਤੇ ਹਨ ਕਿਉਂਕਿ ਇਹ ਖਦਸਾ ਹੈ ਕਿ ਕੋਰੋਨਾ ਵਾਇਰਸ ਚੀਨ ਤੋਂ ਆਉਣ ਵਾਲੇ ਯਾਤਰੀਆਂ ਨਾਲ ਇਟਲੀ ਵਿੱਚ ਵੀ ਦਾਖਲ ਹੋ ਸਕਦਾ ਹੈ ।ਇਸ ਕਾਰਵਾਈ ਅਧੀਨ ਹੀ ਰਾਜਧਾਨੀ ਰੋਮ ਸਥਿਤ ਏਅਰਪੋਰਟ ਫਿਊਮੀਚੀਨੋ ਵਿਖੇ ਕੋਰੋਨਾ ਵਾਇਰਸ ਦੀ ਜਾਂਚ-ਪੜਤਾਲ ਲਈ ਵਿਸ਼ੇਸ਼ ਸਕੈਨ ਮਸ਼ੀਨਾਂ ਲਗਾ ਦਿੱਤੀਆਂ ਗਈਆਂ ਹਨ ਤਾਂ ਜੋ ਬਾਅਦ ਵਿੱਚ ਪਛਤਾਉਣਾ ਨਾ ਪਵੇ।

ਕਲ੍ਹ ਏਅਰਪੋਰਟ ਉਪੱਰ ਚੀਨ ਤੋਂ 202 ਯਾਤਰੀ ਜਿਹੜੇ ਕਿ ਚੀਨ ਤੋਂ ਜਹਾਜ਼ ਰਾਹੀਂ ਆਏ ਸਨ ਉਹਨਾਂ ਦੀ ਵਿਸ਼ੇਸ਼ ਜਾਂਚ ਕੀਤੀ ਗਈ ਪਰ ਇਹਨਾਂ ਵਿੱਚੋ ਕੋਈ ਵੀ ਯਾਤਰੀ ਅਜਿਹੀ ਨਹੀਂ ਸੀ ਜਿਹੜਾ ਕਿ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਹੋਵੇ।ਇਸ ਗੱਲ ਦੀ ਪੁਸ਼ਟੀ ਰੋਮ ਏਅਰਪੋਰਟਜ਼ ਕੰਪਨੀ ਦੇ ਹੈਲਥ ਡਾਇਰੈਕਟਰ ਕਾਰਲੋ ਰਕਾਨੀ ਨੇ ਕੀਤੀ।ਵਿਸ਼ਵ ਸਿਹਤ ਸੰਗਠਨ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਜੰਗੀ ਪੱਧਰ ਉੱਤੇ ਕੰਮ ਕਰ ਰਿਹਾ ਹੈ। ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਜਲਦ ਹੀ ਇਸ ਨਵੀਂ ਮੁਸੀਬਤ ਦਾ ਹੱਲ ਕੱਢ ਲਿਆ ਜਾਵੇਗਾ।


author

Vandana

Content Editor

Related News