ਇਟਲੀ ''ਚ ਸਿੱਖ ਧਰਮ ਨੂੰ ਕਾਨੂੰਨੀ ਮਾਨਤਾ ਦਿਵਾਉਣ ਲਈ ਸਿੱਖ ਜੱਥੇਬੰਦੀਆਂ ਦੀ 12 ਸਤੰਬਰ ਨੂੰ ਹੋਵੇਗੀ ਮੀਟਿੰਗ
Thursday, Sep 09, 2021 - 10:52 AM (IST)
ਮਿਲਾਨ/ਇਟਲੀ (ਸਾਬੀ ਚੀਨੀਆ)- ਇਟਲੀ ਵਿਚ ਸਿੱਖ ਧਰਮ ਨੂੰ ਕਾਨੂੰਨੀ ਮਾਨਤਾ ਦਿਵਾਉਣ ਲਈ ਲੱਗੇ ਹੋਏ ਕੇਸ ਦੀ ਪੈਰਵੀ ਕਰ ਰਹੀ 'ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ' ਇਟਲੀ ਵੱਲੋਂ ਇਟਲੀ ਦੀਆਂ ਸਮੂਹ ਸਿੱਖ ਜੱਥੇਬੰਦੀਆਂ ਦੀ ਭਰਵੀਂ ਇਕਤੱਰਤਾ ਗੁਰਦੁਆਰਾ ਸਿੰਘ ਸਭਾ ਸਬੋਧੀਆ ਜ਼ਿਲ੍ਹਾ ਲਾਤੀਨਾ (ਰੋਮ) ਵਿਖੇ 12 ਸਤੰਬਰ ਦਿਨ ਐਤਵਾਰ ਬਾਅਦ ਦੁਪਹਿਰ 1 ਵਜੇ ਹੋਣ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਈ ਰਵਿੰਦਰਜੀਤ ਸਿੰਘ ਬਲਜਾਨੋ ਮੁੱਖ ਸੇਵਾਦਾਰ ਐੱਸ.ਜੀ.ਪੀ.ਸੀ. ਇਟਲੀ ਅਤੇ ਸ. ਕਰਮਜੀਤ ਸਿੰਘ ਢਿੱਲੋਂ ਮੁੱਖ ਸੇਵਾਦਾਰ ਗੁਰਦੁਆਰਾ ਸਿੰਘ ਸਭਾ ਸਬੋਧੀਆ ਨੇ ਦੱਸਿਆ ਕਿ ਸੈਂਟਰ ਅਤੇ ਦੱਖਣੀ ਇਟਲੀ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਅਹਿਮ ਮੀਟਿੰਗ ਬੁਲਾਈ ਗਈ ਹੈ। ਇਸ ਵਿਚ ਸਿੱਖ ਧਰਮ ਦੀ ਰਜਿਸਟੇਸ਼ਨ ਸਬੰਧੀ ਲੱਗੇ ਕੇਸ ਤੋਂ ਸੰਗਤਾਂ ਜਾਣੂ ਕਰਵਾਇਆ ਜਾਵੇਗਾ।
ਸਿੱਖ ਸੰਗਤਾਂ ਦੇ ਸਬੋਧੀਆ ਵਿਖੇ ਹੋਣ ਜਾ ਰਹੇ ਵਿਸ਼ਾਲ ਇਕੱਠ ਸਬੰਧੀ ਆਪਣੇ ਸੁਝਾਅ ਪੇਸ਼ ਕਰਦਿਆਂ ਵੱਖ-ਵੱਖ ਸਿੱਖ ਆਗੂਆਂ ਨੇ ਆਖਿਆ ਹੈ ਕਿ ਕੌਮ ਦੇ ਸਾਂਝੇ ਕਾਰਜਾਂ ਨਾਲ ਸਬੰਧਤ ਸਿੱਖ ਸੰਗਤਾਂ ਦਾ ਇਤਿਹਾਸਿਕ ਇਕੱਠ ਹੋਣ ਜਾ ਰਿਹਾ ਹੈ ਤੇ ਹਰ ਗੁਰਸਿੱਖ ਦਾ ਫਰਜ਼ ਬਣਦਾ ਹੈ ਕਿ ਬਿਨਾਂ ਕਿਸੇ ਭੇਦ-ਭਾਵ ਦੇ ਭਾਈਚਾਰਕ ਸਾਂਝ ਨੂੰ ਵਧਾਉਣ ਅਤੇ ਆਪਸੀ ਏਕਤਾ ਦਾ ਸਬੂਤ ਦਿੰਦੇ ਹੋਏ ਹੁੰਮ ਹੁੰਮਾ ਕੇ ਹਾਜ਼ਰੀਆਂ ਭਰਨ। ਇਸ ਤੋਂ ਇਲਾਵਾ ਇਟਲੀ ਸਰਕਾਰ ਕੋਲ ਧਰਮ ਦੀ ਰਜਿਸਟੇਸ਼ਨ ਸਬੰਧੀ ਲੱਗੇ ਕੇਸ ਦੀ ਜਾਣਕਾਰੀ ਪ੍ਰਾਪਤ ਕਰਕੇ ਆਪਣੇ ਕੀਮਤੀ ਸੁਝਾਅ ਸਾਂਝੇ ਕਰਨ।