ਇਟਲੀ : ਰੋਮ ’ਚ ਪਬਲਿਕ ਟਰਾਂਸਪੋਰਟ ਕੰਪਨੀ ਦੇ ਡੀਪੂ ’ਚ ਲੱਗੀ ਭਿਆਨਕ ਅੱਗ, 20 ਤੋਂ ਵੱਧ ਬੱਸਾਂ ਸੜੀਆਂ
Tuesday, Oct 05, 2021 - 05:09 PM (IST)
ਰੋਮ/ਇਟਲੀ (ਕੈਂਥ)-ਇਟਲੀ ਦੀ ਰਾਜਧਾਨੀ ਰੋਮ ’ਚ ਸਥਿਤ ਸਭ ਤੋਂ ਵੱਡੀ ਪਬਲਿਕ ਟਰਾਂਸਪੋਰਟ ਕੰਪਨੀ ‘ਏ.ਟੀ.ਏ.ਸੀ.’ ਦੇ ਬੱਸਾਂ ਵਾਲੇ ਡੀਪੂ ’ਚ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਟਾਲੀਅਨ ਮੀਡੀਆ ਅਨੁਸਾਰ ਡੀਪੂ ’ਚ ਖੜ੍ਹੀਆਂ 20 ਤੋਂ ਜ਼ਿਆਦਾਂ ਬੱਸਾਂ ਅੱਗ ਦੀ ਲਪੇਟ ’ਚ ਆਉਣ ਕਾਰਨ ਸੜ ਕੇ ਸੁਆਹ ਹੋ ਗਈਆਂ ਹਨ। ਇਹ ਹਾਦਸਾ ਰੋਮ ਸ਼ਹਿਰ ਦੇ ਟੌਰ ਸੈਪੀਏਂਜ਼ਾ ਦੇ ‘ਏ.ਟੀ.ਏ.ਸੀ.’ ਡੀਪੂ ਦੇ ਅੰਦਰ ਵਾਪਰਿਆ ਹੈ। ਹਾਦਸਾ ਮੰਗਲਵਾਰ 5 ਅਕਤੂਬਰ ਨੂੰ ਤੜਕੇ ਤਕਰੀਬਨ 4 ਤੋਂ 4:30 ਵਜੇ ਦੌਰਾਨ ਵਾਪਰਿਆ, ਜਿਸ ਨਾਲ ਪੀ.ਕੇ.ਯੂ.ਆਰ.ਐੱਸ. ਸੈਕਟਰ ’ਚ ਧੀਆਂ ਪ੍ਰੈਨੇਸਟੀਨਾ ਦੇ ਗੈਰਾਜ ’ਚ ਖੜ੍ਹੀਆਂ ਬੱਸਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ । ਸੜਨ ਵਾਲੀਆਂ ਬੱਸਾਂ ਗੈਸ ਨਾਲ ਚੱਲਦੀਆਂ ਸਨ। ਇਹ ਸਪੱਸ਼ਟ ਨਹੀਂ ਹੋਇਆ ਕਿ ਅੱਗ ਦੇ ਕੀ ਕਾਰਨ ਹਨ। ਮਾਹਿਰਾਂ ਅਤੇ ਪੁਲਸ ਵੱਲੋਂ ਜਾਂਚ ਚੱਲ ਰਹੀ ਹੈ ।
ਸ਼ਹਿਰ ’ਚ ਜਨਤਕ ਆਵਾਜਾਈ ਸੇਵਾ ਦਾ ਪ੍ਰਬੰਧ ਕਰਨ ਵਾਲੀ ਕੰਪਨੀ ਨੇ ਘਟਨਾ ਨੂੰ ਸਪੱਸ਼ਟ ਕਰਨ ਲਈ ਅੰਦਰੂਨੀ ਖੋਜ ਦਾ ਅਧਿਐਨ ਕੀਤਾ ਹੈ। ਅੱਗ ਦੀ ਲਪੇਟ ’ਚ ਆਉਣ ਕਾਰਨ ਹੋਏ ਨੁਕਸਾਨ ਦੀ ਅਜੇ ਤੱਕ ਕੋਈ ਜਾਣਕਾਰੀ ਹਾਸਲ ਨਹੀਂ ਹੋ ਸਕੀ। ਖ਼ਬਰ ਲਿਖੇ ਜਾਣ ਤੱਕ ਅੱਗ ’ਚ ਕਿਸੇ ਵੀ ਜਾਨੀ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ। ਘਟਨਾ ਦੇ ਕਾਰਨਾਂ ਦੀ ਮਾਹਿਰਾਂ ਵਲੋਂ ਨਿਗਰਾਨੀ ਕੈਮਰਿਆਂ ਦੇ ਜ਼ਰੀਏ ਅਤੇ ਹੋਰ ਸਬੂਤਾਂ ਤੋਂ ਜਾਂਚ-ਪੜਤਾਲ ਕੀਤੀ ਜਾ ਰਹੀ ਹੈ ਤਾਂ ਜੋ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਚੱਲ ਸਕੇ।