ਇਟਲੀ: ਪਾਲਤੂ ਕੁੱਤਿਆਂ ਨੇ 74 ਸਾਲਾ ਬਜ਼ੁਰਗ ਨੂੰ ਉਤਾਰਿਆ ਮੌਤ ਦੇ ਘਾਟ

Saturday, Oct 26, 2019 - 06:24 PM (IST)

ਇਟਲੀ: ਪਾਲਤੂ ਕੁੱਤਿਆਂ ਨੇ 74 ਸਾਲਾ ਬਜ਼ੁਰਗ ਨੂੰ ਉਤਾਰਿਆ ਮੌਤ ਦੇ ਘਾਟ

ਰੋਮ (ਕੈਂਥ)— ਦੁਨੀਆ ਭਰ 'ਚ ਕੁੱਤਿਆਂ ਨੂੰ ਘਰਾਂ 'ਚ ਰੱਖਣਾ ਲੋਕਾਂ ਲਈ ਜਨੂੰਨ ਬਣਿਆ ਹੋਇਆ ਹੈ। ਕੁਝ ਲੋਕ ਕੁੱਤੇ ਨੂੰ ਆਪਣੇ ਘਰਾਂ ਦੀ ਰਾਖ਼ੀ ਲਈ ਰੱਖਦੇ ਹਨ ਤੇ ਕੁਝ ਲੋਕ ਆਪਣੇ ਜੀਵਨ ਦਾ ਇਕੱਲਾਪਣ ਦੂਰ ਕਰਨ ਲਈ। ਇਟਲੀ 'ਚ ਵੀ ਕੁੱਤੇ ਰੱਖਣ ਦਾ ਸ਼ੌਕ ਪੂਰੇ ਜੋਬਨ 'ਤੇ ਹੈ ਪਰ ਕਈ ਵਾਰ ਇਨਸਾਨ ਵਲੋਂ ਕੁੱਤਾ ਰੱਖਣ ਦਾ ਸ਼ੌਕ ਲੋਕਾਂ ਦੀ ਜਾਨ ਦਾ ਖੌਅ ਬਣ ਜਾਂਦਾ ਹੈ। ਅਜਿਹੀ ਹੀ ਘਟਨਾ ਕੱਲ ਇਟਲੀ ਦੇ ਸ਼ਹਿਰ ਪੋਰਦੀਨੋਨੇ ਨੇੜੇ ਦੇਖਣ ਨੂੰ ਮਿਲੀ ਜਿੱਥੇ ਦੋ ਪਾਲਤੂ ਕੁੱਤਿਆਂ ਵਲੋਂ ਇਕ 74 ਸਾਲਾ ਬਜ਼ੁਰਗ ਨੂੰ ਨੋਚ-ਨੋਚ ਕੇ ਮਾਰਨ ਦੀ ਦਰਦਨਾਕ ਘਟਨਾ ਵਾਪਰੀ ਹੈ।

ਮਿਲੀ ਜਾਣਕਾਰੀ ਅਨੁਸਾਰ ਇਕ 74 ਸਾਲਾ ਬਜ਼ੁਰਗ ਆਪਣੀ ਘਰ ਵਾਲੀ ਨਾਲ ਉਸ ਦੇ ਰਿਸ਼ਤੇਦਾਰਾਂ ਕੋਲ ਗਿਆ ਸੀ ਜਿੱਥੇ ਉਸ ਨੇ ਘਰ ਵਾਲੀ ਦੇ ਰਿਸ਼ਤੇਦਾਰਾਂ ਵੱਲੋਂ ਰੱਖੇ ਦੋ ਕੁੱਤਿਆਂ ਨੂੰ ਖਾਣਾ-ਪਾਉਣਾ ਚਾਹਿਆ ਅਤੇ ਇਸ ਕੰਮ ਲਈ ਉਹ ਕੁੱਤਿਆਂ ਲਈ ਬਣੇ ਘਰ ਅੰਦਰ ਜਦੋਂ ਵੜਿਆ ਤਾਂ ਕੁੱਤਿਆਂ ਨੇ ਅਣਜਾਣ ਬੰਦਾ ਸਮਝ ਕੇ ਉਸ ਉੱਪਰ ਹਮਲਾ ਕਰ ਦਿੱਤਾ। ਬਜ਼ੁਰਗ ਦੀਆਂ ਚੀਕਾਂ ਸੁਣ ਉਸ ਦੀ ਪਤਨੀ ਸਹਾਇਤਾ ਕਰਨ ਅੱਗੇ ਆਈ ਤਾਂ ਕੁੱਤਿਆਂ ਨੇ ਉਸ ਨੂੰ ਵੀ ਜ਼ਖ਼ਮੀ ਕਰ ਦਿੱਤਾ। ਇਸ ਬਜ਼ੁਰਗ ਜੋੜੇ ਨੂੰ ਜ਼ਖ਼ਮੀ ਹਾਲਤ ਵਿਚ ਤੁਰੰਤ ਐਂਬੂਲੈਂਸ ਰਾਹੀਂ ਸਥਾਨਕ ਹਸਪਤਾਲ ਲਿਜਾਇਆ ਗਿਆ ਜਿੱਥੇ ਕਿ ਡਾਕਟਰਾਂ ਨੇ 74 ਸਾਲਾ ਬਜ਼ੁਰਗ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਦੋਂ ਕਿ ਉਸ ਦੀ ਪਤਨੀ ਦੀ ਜਾਨ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਕੁੱਤਿਆਂ ਦੇ ਮਾਲਕਾਂ ਨੇ ਇਸ ਘਟਨਾ ਉਪਰ ਹੈਰਾਨੀ ਪ੍ਰਗਟਾਉਂਦਿਆਂ ਕਿਹਾ ਕਿ ਪਹਿਲਾਂ ਕਦੀ ਵੀ ਅਜਿਹਾ ਨਹੀਂ ਹੋਇਆ ਹੈ। ਇਲਾਕੇ ਵਿਚ ਇਨ੍ਹਾਂ ਪਾਲਤੂ ਕੁੱਤਿਆਂ ਵੱਲੋਂ ਬਜ਼ੁਰਗ ਨੂੰ ਬੇਦਰਦੀ ਨਾਲ ਮਾਰ ਦੇਣ ਦੀ ਘਟਨਾ ਕਾਫ਼ੀ ਚਰਚਾ ਵਿਚ ਹੈ।


author

Baljit Singh

Content Editor

Related News