ਇਟਲੀ ਦੀਆਂ 45% ਬੀਬੀਆਂ ''ਚ ਘਟਿਆ ਮਾਂ ਬਣਨ ਦਾ ਰੁਝਾਨ, ਨੌਜਵਾਨ ਵਰਗ ਵੀ ਉਦਾਸੀਨ

Sunday, Dec 27, 2020 - 04:59 PM (IST)

ਇਟਲੀ ਦੀਆਂ 45% ਬੀਬੀਆਂ ''ਚ ਘਟਿਆ ਮਾਂ ਬਣਨ ਦਾ ਰੁਝਾਨ, ਨੌਜਵਾਨ ਵਰਗ ਵੀ ਉਦਾਸੀਨ

ਰੋਮ (ਕੈਂਥ): ਮਾਂ ਬਣਨਾ ਹਮੇਸ਼ਾ ਹਰੇਕ ਬੀਬੀ ਲਈ ਸਭ ਤੋਂ ਖੂਬਸੂਰਤ ਅਤੇ ਦਿਲਚਸਪ ਤਜ਼ਰਬਿਆਂ ਵਿਚੋਂ ਇਕ ਮੰਨਿਆ ਜਾਂਦਾ ਹੈ। ਹਰੇਕ ਬੀਬੀ ਆਪਣੀ ਕੁੱਖ ਵਿੱਚੋਂ ਬੱਚੇ ਨੂੰ ਜਨਮ ਦੇਣਾ ਚਾਹੁੰਦੀ ਹੈ ਅਤੇ ਆਪਣੇ ਬੱਚੇ ਦਾ ਚੰਗਾ ਪਾਲਣ ਪੋਸ਼ਣ ਵੀ ਕਰਨਾ ਚਾਹੁੰਦੀ ਹੈ। ਇਕ ਬੀਬੀ ਮਾਂ ਬਣਨ ਬਿਨ੍ਹਾਂ ਅਧੂਰੀ ਸਮਝੀ ਜਾਂਦੀ ਹੈ ਪਰ ਅਜੋਕੇ ਸਮੇਂ ਵਿਚ ਜਿੱਥੇ ਮਨੁੱਖੀ ਫ਼ਿਤਰਤ ਬਦਲ ਰਹੀ ਹੈ ਉੱਥੇ ਜਗਤ ਜਣਨੀ ਵਿੱਚ ਵੀ ਬਦਲਾਅ ਆਉਂਦਾ ਪ੍ਰਤੀਤ ਹੁੰਦਾ ਹੈ।ਸਮਾਜ ਵਿੱਚ ਅਜਿਹੀਆਂ ਵੀ ਬੀਬੀਆਂ ਹਨ ਜੋ ਆਪਣੇ ਪਰਿਵਾਰ ਨੂੰ ਤਿਆਗਣ ਦਾ ਫੈਸਲਾ ਕਰਦੀਆਂ ਹਨ। 

ਇਟਲੀ ਦੀ ਰਾਸ਼ਟਰੀ ਅੰਕੜਾ ਏਜੰਸੀ ਆਈ.ਐਸ.ਟੀ.ਏ.ਟੀ. ਦੇ ਅੰਕੜਿਆਂ ਦੁਆਰਾ ਇਹ ਪ੍ਰਦਰਸ਼ਿਤ ਕੀਤਾ ਗਿਆ ਹੈ। ਜਿਸ ਦੇ ਮੁਤਾਬਕ, ਸਾਲ 2016 ਤੋਂ ਬਾਅਦ ਵਿੱਚ "ਚਾਈਲਡ ਫ੍ਰੀ” ਬੀਬੀਆਂ ਦੀ ਗਿਣਤੀ ਨਿਰੰਤਰ ਵੱਧ ਰਹੀ ਹੈ, ਜਿਸ ਵਿੱਚ 18 ਤੋਂ 49 ਸਾਲਾਂ ਦਰਮਿਆਨ 45% ਇਟਾਲੀਅਨ ਬੀਬੀਆਂ ਵੱਲੋਂ  ਬੱਚੇ ਪੈਦਾ ਨਾ ਕਰਨ ਦਾ ਫ਼ੈਸਲਾ ਲਿਆ ਰਿਹਾ ਹੈ। ਇਹ ਗਤੀਸ਼ੀਲ, ਆਤਮ-ਵਿਸ਼ਵਾਸੀ, ਸਭਿਆਚਾਰ ਵਾਲੀਆਂ ਬੀਬੀਆਂ ਹਨ, ਜੋ ਨਿੱਜੀ ਪੂਰਤੀ ਲਈ ਵਚਨਬੱਧ ਹਨ ਅਤੇ ਯਕੀਨ ਦਿਵਾਉਂਦੀਆਂ ਹਨ ਕਿ ਉਹ ਆਪਣੀ ਆਜ਼ਾਦੀ ਨੂੰ ਬਣਾਈ ਰੱਖਣਾ ਚਾਹੁੰਦੀਆਂ ਹਨ। ਭਾਵੇਂਕਿ ਆਰਥਿਕ ਅਸਪਸ਼ਟਤਾ ਵੀ ਇਹਨਾਂ ਨੂੰ ਕਿਤੇ ਨਾ ਕਿਤੇ ਪ੍ਰਭਾਵਿਤ ਕਰਦੀ ਹੈ।

ਪੜ੍ਹੋ ਇਹ ਅਹਿਮ ਖਬਰ- ਪੰਜਾਬ ਦੀ ਹੋਣਹਾਰ ਧੀ ਨੇ ਵਧਾਇਆ ਮਾਣ, ਰੋਮ ਯੂਨੀਵਰਸਿਟੀ 'ਚ ਬਣੀ ਟੌਪਰ

ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ 2016 ਤੋਂ ਅੱਜ ਤੱਕ, ਬੀਬੀਆਂ ਜੋ ਬੱਚੇ ਨਹੀਂ ਲੈਣਾ ਚਾਹੁੰਦੀਆਂ, ਉਨ੍ਹਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਆਜ਼ਾਦੀ ਅਤੇ ਵਿਅਕਤੀਗਤ ਪੂਰਤੀ ਦੀ ਇੱਛਾ ਤੋਂ ਪਰੇ, ਭਵਿੱਖ ਲਈ ਅਨਿਸ਼ਚਿਤਤਾ ਵੀ ਕਿਤੇ ਨਾ ਕਿਤੇ ਦਖਲਅੰਦਾਜ਼ੀ ਕਰਦੀ ਹੈ। ਉਧਰ ਇਸਤਾਤ ਦੀ ਪਿਛਲੇ ਦਿਨ ਜਾਰੀ ਰਿਪੋਰਟ ਵਿਚ ਇਟਲੀ ਦੀ ਆਬਾਦੀ ਬਾਰੇ ਹੋਰ ਵੀ ਕਾਫ਼ੀ ਤੱਥ ਸਾਹਮਣੇ ਆਏ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਟਲੀ ਦੀ ਆਬਾਦੀ ਘੱਟ ਗਈ ਹੈ ਅਤੇ ਬਜ਼ੁਰਗ ਵੱਧ ਰਹੇ ਹਨ। ਰਾਸ਼ਟਰੀ ਅੰਕੜਾ ਏਜੰਸੀ ਨੇ ਕਿਹਾ ਕਿ ਸਾਲ 2019 ਦੇ ਅੰਤ ਤੱਕ ਇਟਲੀ ਵਿੱਚ 59,641,488 ਲੋਕਾਂ ਦੀ ਆਬਾਦੀ ਹੈ, ਜੋ ਕਿ ਦਸੰਬਰ 2018 ਦੇ ਮੁਕਾਬਲੇ ਲਗਭਗ 1,75,000 ਘੱਟ ਹੈ।   
ਪਿਛਲੇ ਸਾਲ ਦੇ ਅਖੀਰ ਵਿਚ ਆਬਾਦੀ ਲਗਭਗ 2011 ਦੇ ਮੁਤਾਬਕ ਸੀ।

ਪਰ ਉਸ ਸਮੇਂ ਤੋਂ ਬਾਅਦ ਆਬਾਦੀ ਦੀ ਔਸਤ ਉਮਰ 43 ਤੋਂ 45 ਹੋ ਗਈ ਹੈ। ਆਈ.ਐਸ.ਟੀ.ਏ.ਟੀ. ਨੇ ਇਹ ਵੀ ਕਿਹਾ ਕਿ ਇਟਲੀ ਵਿਚ ਰਹਿਣ ਵਾਲੇ ਵਿਦੇਸ਼ੀ ਨਾਗਰਿਕਾਂ ਦੀ ਗਿਣਤੀ ਸਾਲ 2019 ਵਿਚ 43,480 ਤੋਂ ਵੱਧ ਕੇ 5,039,637 ਦੇ ਪੰਜ ਮਿਲੀਅਨ ਦੇ ਅੰਕੜੇ ਨੂੰ ਪਾਰ ਕਰ ਗਈ ਸੀ।ਇੱਥੇ ਇਹ ਵੀ ਜ਼ਿਕਰਯੋਗ ਹੈ ਇੱਕ ਸਰਵੇਖਣ ਮੁਤਾਬਕ ਇਟਲੀ ਵਿੱਚ ਨੌਜਵਾਨ ਵਰਗ ਵਿੱਚ ਵਿਆਹ ਕਰਵਾਉਣ ਦੀ ਦਿਲਚਸਪੀ ਵੀ ਪਿਛਲੇ ਤਿੰਨ ਦਹਾਕਿਆਂ ਤੋਂ ਘੱਟ ਰਹੀ ਹੈ ਜੋ ਕਿ ਇਟਲੀ ਵਿੱਚ ਘੱਟ ਰਹੀ ਆਬਾਦੀ ਦਾ ਕਾਰਨ ਮੰਨਿਆ ਜਾ ਰਿਹਾ ਹੈ।


 


author

Vandana

Content Editor

Related News