ਇਟਲੀ ''ਚ ਭਾਰਤੀ ਅੰਬੈਂਸੀ ਵੱਲੋਂ ਮਨਾਇਆ ਗਿਆ ''ਪ੍ਰਵਾਸੀ ਭਾਰਤੀ ਦਿਵਸ''

01/10/2020 4:47:41 PM

ਰੋਮ /ਇਟਲੀ (ਕੈਂਥ): ਦੁਨੀਆ ਭਰ ਵਿੱਚ 9 ਜਨਵਰੀ ਨੂੰ ਪ੍ਰਵਾਸੀ ਭਾਰਤੀ ਦਿਵਸ ਵਜੋਂ ਮਨਾਇਆ ਜਾਂਦਾ ਹੈ, ਜਿਸ ਲਈ ਭਾਰਤ ਤੋਂ ਇਲਾਵਾ ਵਿਦੇਸ਼ਾਂ ਵਿੱਚ ਸਥਿਤ ਭਾਰਤੀ ਅੰਬੈਂਸੀਆਂ ਵੱਲੋਂ ਭਾਰਤੀ ਭਾਈਚਾਰੇ ਦੇ ਸਹਿਯੋਗ ਨਾਲ ਵਿਸ਼ੇਸ਼ ਸਮਾਰੋਹ ਆਯੋਜਿਤ ਕੀਤੇ ਜਾਂਦੇ ਹਨ। ਭਾਰਤ ਦੀ ਰਾਜਧਾਨੀ ਦਿੱਲੀ ਵਿਖੇ ਭਾਰਤ ਸਰਕਾਰ ਵੱਲੋਂ ਪ੍ਰਵਾਸੀ ਭਾਰਤੀ ਦਿਵਸ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਮਨਾਇਆ ਗਿਆ, ਜਿਸ ਦਾ ਸਿੱਧਾ ਪ੍ਰਸਾਰਣ ਇੰਟਰਨੈੱਟ 'ਤੇ ਕੀਤਾ ਗਿਆ। ਇਸ ਦੇ ਨਾਲ-ਨਾਲ ਵਿਦੇਸ਼ ਮੰਤਰੀ ਡਾ: ਸੁਬਰਾਮਨੀਅਮ ਜੈਸ਼ੰਕਰ ਨੇ ਪ੍ਰਵਾਸੀ ਭਾਰਤੀਆਂ ਦੀਆਂ ਦਰਪੇਸ਼ ਮੁਸ਼ਕਲਾਂ ਵੀ ਸੁਣੀਆਂ ਅਤੇ ਕਈ ਹੋਰ ਪੇਚੀਦਾ ਮਾਮਲਿਆਂ ਉਪੱਰ ਵਿਚਾਰ-ਵਟਾਂਦਰੇ ਕੀਤੇ। ਕਈ ਅਜਿਹੀਆਂ ਮੁਸ਼ਕਿਲਾਂ ਵੀ ਸਨ ਜਿਹੜੀਆਂ ਕਿ ਇਟਲੀ ਦੇ ਭਾਰਤੀਆਂ ਨਾਲ ਵੀ ਸੰਬੰਧਤ ਹਨ।

ਇਟਲੀ ਦੀ ਰਾਜਧਾਨੀ ਰੋਮ ਵਿਖੇ ਵੀ ਭਾਰਤੀ ਅੰਬੈਂਸੀ ਰੋਮ ਵੱਲੋਂ ਪ੍ਰਵਾਸੀ ਭਾਰਤੀ ਦਿਵਸ ਮਨਾਇਆ ਗਿਆ, ਜਿਸ ਵਿੱਚ ਬਹੁ-ਗਣਿਤੀ ਭਾਰਤੀ ਭਾਈਚਾਰੇ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਮੈਡਮ ਰੀਨਤ ਸੰਧੂ ਰਾਜਦੂਤ ਭਾਰਤੀ ਅੰਬੈਂਸੀ ਰੋਮ ਨੇ ਪ੍ਰਵਾਸੀ ਭਾਰਤੀ ਦਿਵਸ ਸੰਬੰਧੀ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਬੜੇ ਮਾਣ ਅਤੇ ਖ਼ੁਸ਼ੀ ਦੀ ਗੱਲ ਹੈ ਕਿ ਭਾਰਤੀ ਮੂਲ ਦੇ ਲੋਕਾਂ ਨੇ ਆਪਣੀ ਕਾਬਲੀਅਤ ਨਾਲ ਦੁਨੀਆ ਭਰ ਵਿੱਚ ਆਪਣਾ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਆਪਣੇ ਬੁਲੰਦ ਹੌਸਲਿਆਂ ਅਤੇ ਆਪਣੀ ਮਿਹਨਤ ਦੇ ਨਾਲ ਵੱਖ-ਵੱਖ ਖੇਤਰਾਂ ਵਿੱਚ ਸਫਲਤਾ ਹਾਸਲ ਕੀਤੀ ਹੈ ਜਿਸ ਦੇ ਕਾਰਨ ਭਾਰਤ ਅਤੇ ਭਾਰਤੀਆਂ ਦਾ ਨਾਂ ਸੰਸਾਰ ਭਰ ਵਿੱਚ ਉੱਚਾ ਹੈ । 

ਇਸ ਮੌਕੇ 'ਤੇ ਇਟਲੀ ਦੇ ਭਾਰਤੀਆਂ ਨੇ ਖੁੱਲ੍ਹ ਕੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਆਪਣੀਆਂ ਦਰਪੇਸ਼ ਸਮੱਸਿਆਵਾਂ ਦਾ ਜ਼ਿਕਰ ਕੀਤਾ।ਮੈਡਮ ਸੰਧੂ ਨੇ ਕਿਹਾ ਕਿ ਉਹਨਾ ਨੂੰ ਇਟਲੀ ਵਿੱਚ ਹਮੇਸ਼ਾ ਭਾਰਤੀ ਭਾਈਚਾਰੇ ਸੰਬੰਧੀ ਚੰਗੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਹਨ। ਉਹਨਾਂ ਕਿਹਾ ਕਿ ਅੰਬੈਂਸੀ ਭਾਰਤੀ ਭਾਈਚਾਰੇ ਦੇ ਸਹਿਯੋਗ ਨਾਲ ਉਹਨਾਂ ਦੇ ਹਿੱਤ ਲਈ ਕੰਮ ਕਰਨ ਲਈ ਹਮੇਸ਼ਾ ਤਿਆਰ ਹੈ । ਇਸ ਵਾਰ ਇਹ ਪ੍ਰਵਾਸੀ ਭਾਰਤੀ ਦਿਵਸ ਪਹਿਲਾਂ ਨਾਲੋਂ ਵੀ ਜਿਆਦਾ ਲਾਹੇਵੰਦ ਰਿਹਾ।ਇਸ ਪ੍ਰਵਾਸੀ ਭਾਰਤੀ ਦਿਵਸ ਮੌਕੇ ਪ੍ਰਵਾਸੀ ਭਾਰਤੀਆਂ ਦੇ ਹੱਕਾਂ ਦੀ, ਅਧਿਕਾਰਾਂ ਦੀ, ਉਹਨਾਂ ਦੇ ਦੁੱਖਾਂ ਅਤੇ ਸੁੱਖਾਂ ਸੰਬੰਧੀ ਵਿਚਾਰ-ਵਟਾਂਦਰੇ ਕੀਤੇ ਗਏ।ਸਮਾਰੋਹ ਵਿੱਚ ਭਾਰਤੀ ਭਾਈਚਾਰੇ ਦੀਆਂ ਕਈ ਅਹਿਮ ਸਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ।


Vandana

Content Editor

Related News