ਇਟਲੀ ਤੋਂ ਪੈਸੇ ਭੇਜਣ ਵਾਲੇ ਪ੍ਰਵਾਸੀਆਂ ਨੂੰ ਲੱਗ ਰਿਹੈ ਜੁਰਮਾਨੇ, ਜਾਣੋ ਪੂਰਾ ਮਾਮਲਾ

Tuesday, Feb 09, 2021 - 05:56 PM (IST)

ਇਟਲੀ ਤੋਂ ਪੈਸੇ ਭੇਜਣ ਵਾਲੇ ਪ੍ਰਵਾਸੀਆਂ ਨੂੰ ਲੱਗ ਰਿਹੈ ਜੁਰਮਾਨੇ, ਜਾਣੋ ਪੂਰਾ ਮਾਮਲਾ

ਰੋਮ (ਕੈਂਥ): ਇੱਕ ਤਾਂ ਉਂਝ ਹੀ ਕੋਵਿਡ-19 ਨੇ ਲੋਕਾਂ ਦੇ ਕੰਮ-ਕਾਰ ਠੱਪ ਕੀਤੇ ਹੋਏ ਹਨ, ਦੂਜਾ ਅਜਿਹੇ ਵਿੱਚ ਜੇਕਰ ਕਿਸੇ ਪ੍ਰਵਾਸੀ ਨੂੰ ਵਿਦੇਸ਼ ਵਿੱਚ ਹਜ਼ਾਰਾ ਯੂਰੋ ਜੁਰਮਾਨਾ ਆ ਜਾਵੇ ਤਾਂ ਉਸ ਪ੍ਰਵਾਸੀ ਦੀ ਕੀ ਹਾਲਾਤ ਹੋਵੇਗੀ। ਉਸ ਬਾਰੇ ਜ਼ਿਆਦਾ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਲੱਗਦੀ ਪਰ ਇਸ ਜੁਰਮਾਨੇ ਦਾ ਕਾਰਨ ਸਭ ਨੂੰ ਜਾਣਨ ਦੀ ਸਖ਼ਤ ਜ਼ਰੂਰਤ ਹੈ ਤਾਂ ਜੋ ਕਿਸੇ ਹੋਰ ਨੂੰ ਇਹ ਜੁਰਮਾਨਾ ਨਾ ਹੋਵੇ। ਮਿਲੀ ਜਾਣਕਾਰੀ ਅਨੁਸਾਰ ਇਟਲੀ ਦੇ ਵਿਰੋਨਾ ਜ਼ਿਲ੍ਹੇ ਵਿੱਚ ਕਈ ਭਾਰਤੀਆਂ ਨੂੰ ਪ੍ਰਸ਼ਾਸਨ ਵੱਲੋਂ ਇਸ ਲਈ ਹਜ਼ਾਰਾ ਯੂਰੋ ਜੁਰਮਾਨੇ ਭੇਜੇ ਜਾ ਰਹੇ ਹਨ ਕਿਉਂਕਿ ਸਬੰਧਤ ਭਾਰਤੀਆਂ ਨੇ ਭਾਰਤ ਵਿਚ ਹੱਦਬੰਦੀ ਤੋਂ ਵੱਧ ਪੈਸੇ ਭੇਜੇ ਹਨ।

ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ ਨਾਲ ਆਪਣਾ ਨਾਮ ਗੁਪਤ ਰੱਖਣ ਦੀ ਸਹਿਮਤੀ ਤੋਂ ਬਾਅਦ ਇੱਕ ਪੰਜਾਬੀ ਭਾਰਤੀ ਨੇ ਦੱਸਿਆ ਕਿ ਉਸ ਨੇ ਸੰਨ 2018 ਵਿੱਚ ਆਪਣੇ ਘਰ ਪੰਜਾਬ, ਭਾਰਤ ਵਿਚ ਕਰੀਬ 1500 ਯੂਰੋ ਭੇਜਿਆ ਸੀ ਪਰ ਕਾਨੂੰਨ ਮੁਤਾਬਕ ਇੱਕ ਬੰਦਾ ਇੱਕੋ ਸਮੇਂ ਇੱਕ ਕੰਪਨੀ ਦੁਆਰਾ ਭਾਰਤ ਨੂੰ ਸਿਰਫ 999 ਯੂਰੋ ਹੀ ਭੇਜ ਸਕਦਾ ਹੈ ਜਿਸ 'ਤੇ ਪੈਸੇ ਭੇਜਣ ਵਾਲੇ ਦੁਕਾਨਦਾਰ ਨੇ ਉਸ ਦੇ 981 ਯੂਰੋ ਮਨੀਗ੍ਰਾਮ ਵਿੱਚ ਅਤੇ 495 ਯੂਰੋ 10 ਪੈਸੇ ਵੈਸਟਰਨ ਯੂਨੀਅਨ ਵਿੱਚ ਪਾ ਦਿੱਤੇ। ਇਸ ਕਾਰਵਾਈ ਤੋਂ ਬਾਅਦ ਉਸ ਪੰਜਾਬੀ ਦੇ ਯਾਦ ਚਿੱਤ ਵੀ ਨਹੀ ਸੀ ਕਿ ਇਹਨਾਂ ਯੂਰੋ ਭੇਜਿਆਂ ਦਾ ਉਸ ਨੂੰ ਭੱਵਿਖ ਵਿੱਚ ਕੋਈ ਜੁਰਮਾਨਾ ਵੀ ਆ ਸਕਦਾ ਹੈ ਕਿਉਂਕਿ ਇਟਲੀ ਵਿੱਚ ਇਹ ਕਾਨੂੰਨ ਹੈ ਕਿ ਇੱਕ ਪ੍ਰਵਾਸੀ ਆਪਣੇ ਦੇਸ਼ ਨੂੰ ਹਫ਼ਤੇ ਵਿੱਚ ਸਿਰਫ 999 ਯੂਰੋ ਹੀ ਭੇਜ ਸਕਦਾ ਹੈ। 

ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ ਨੇ ਮਿਆਂਮਾਰ ਦੇ ਫ਼ੌਜੀ ਸ਼ਾਸਕਾਂ ਨਾਲ ਤੋੜੇ ਸਾਰੇ ਸੰਬੰਧ, ਲਗਾਈਆਂ ਇਹ ਪਾਬੰਦੀਆਂ

ਇਸ ਤੋਂ ਜ਼ਿਆਦਾ ਭੇਜਣ ਲਈ ਜਾਂ ਤਾਂ ਉਹ ਪ੍ਰਵਾਸੀ ਅਗਲੇ ਹਫ਼ਤੇ ਦਾ ਇੰਤਜ਼ਾਰ ਕਰੇ ਜਾਂ ਫਿਰ ਕਿਸੇ ਦੂਜੇ ਸਾਥੀ ਦੇ ਨਾਮ ਉਪੱਰ ਯੂਰੋ ਭੇਜੇ ਪਰ ਚਿੰਤਾ ਦੀ ਗੱਲ ਹੁਣ ਇਹ ਬਣ ਰਹੀ ਹੈ ਕਿ ਪਿਛਲੇ ਸਮੇਂ ਵਿੱਚ ਜਿਹੜੇ ਵੀ ਪ੍ਰਵਾਸੀਆਂ ਨੇ ਆਪਣੇ ਦੇਸ਼ ਇੱਕੋ ਸਮੇਂ 999 ਯੂਰੋ ਤੋਂ ਵੱਧ ਭੇਜੇ ਹਨ ਚਾਹੇ ਵੱਖ-ਵੱਖ ਕਪੰਨੀਆਂ ਵਿੱਚ ਹੀ ਭੇਜੇ ਹਨ ਉਹਨਾਂ ਸਭ ਪ੍ਰਵਾਸੀਆਂ ਨੂੰ ਇੱਕ ਵਾਰ ਕਾਨੂੰਨ ਦੀ ਉਲੰਘਣਾ ਕਰਨ 'ਤੇ 3000 ਯੂਰੋ ਤੱਕ ਜੁਰਮਾਨਾ ਭੇਜਿਆ ਜਾ ਰਿਹਾ ਹੈ ਜਿਹੜਾ ਕਿ ਪ੍ਰਵਾਸੀਆਂ ਨੂੰ ਭਰਨਾ ਔਖਾ ਹੀ ਨਹੀਂ ਸਗੋਂ ਅੰਸਭਵ ਵੀ ਲੱਗਦਾ ਹੈ ਕਿਉਂਕਿ ਕੰਮ-ਕਾਰ ਠੱਪ ਹੋਣ ਕਾਰਨ ਤਾਂ ਪਹਿਲਾਂ ਹੀ ਪ੍ਰਵਾਸੀ ਕਾਮੇ ਅਨੇਕਾਂ ਤਰ੍ਹਾਂ ਦੀਆਂ ਮੁਸੀਬਤਾਂ ਨਾਲ ਜੂਝ ਰਹੇ ਹਨ। ਅਜਿਹੇ ਵਿੱਚ ਇਹ ਜੁਰਮਾਨੇ ਪ੍ਰਵਾਸੀਆਂ ਦਾ ਸਾਹ ਕੱਢ ਰਹੇ ਹਨ। ਜਿਸ ਭਾਰਤੀ ਨੂੰ ਇਹ ਜੁਰਮਾਨਾ ਆਇਆ ਹੈ ਉਸ ਨੇ ਦੱਸਿਆ ਕਿ ਕਈ ਪ੍ਰਵਾਸੀਆਂ ਨੂੰ ਇੱਕ ਮਹੀਨੇ ਵਿੱਚ ਕਈ ਵਾਰ ਯੂਰੋ ਭੇਜਣ ਕਾਰਨ 30,000 ਯੂਰੋ ਤੱਕ ਵੀ ਜੁਰਮਾਨਾ ਆਇਆ ਹੈ।ਇਟਲੀ ਰਹਿਣ ਬਸੇਰਾ ਕਰਦੇ ਭਾਰਤੀ ਭਾਈਚਾਰੇ ਨੂੰ ਇਸ ਸੰਬਧੀ ਧਿਆਨ ਦੇਣ ਦੀ ਖ਼ਾਸ ਲੋੜ ਹੈ ਤਾਂ ਜੋ ਕਿਸੇ 'ਤੇ ਨਾਜਾਇਜ਼ ਕਾਰਵਾਈ ਨਾ ਹੋ ਜਾਵੇ।
 


author

Vandana

Content Editor

Related News