ਰਿਟਾਇਰਮੈਂਟ ਮੈਚ ਖੇਡ ਰਿਹਾ ਇਟਾਲੀਅਨ ਫੁੱਟਬਾਲਰ ਹੋਇਆ ਅਗਵਾ, ਵੀਡੀਓ
Friday, Apr 05, 2019 - 05:19 PM (IST)

ਰੋਮ (ਬਿਊਰੋ)— ਹਰੇਕ ਖਿਡਾਰੀ ਚਾਹੁੰਦਾ ਹੈ ਕਿ ਉਸ ਦੇ ਕਰੀਅਰ ਦਾ ਆਖਰੀ ਮੈਚ ਯਾਦਗਾਰ ਹੋਵੇ। ਇਸ ਲਈ ਉਹ ਖਿਡਾਰੀ ਪੂਰੀ ਮਿਹਨਤ ਵੀ ਕਰਦਾ ਹੈ। ਉਸ ਦੇ ਸਾਥੀ ਖਿਡਾਰੀ ਪੂਰੀ ਤਾਕਤ ਨਾਲ ਇਸ ਪਲ ਨੂੰ ਯਾਦਗਾਰ ਬਣਾਉਣ ਲਈ ਕਾਫੀ ਕੁਝ ਕਰਦੇ ਹਨ। ਪਰ ਇਟਲੀ ਦੇ ਫੁੱਟਬਾਲਰ ਦੇ ਰਿਟਾਇਰਮੈਂਟ ਮੈਚ ਦੌਰਾਨ ਕੁਝ ਅਜਿਹਾ ਹੋਇਆ ਕਿ ਉਸ ਲਈ ਭੁਲਾ ਪਾਉਣਾ ਮੁਸ਼ਕਲ ਹੋਵੇਗਾ। ਹੇਠਲੀ ਲੀਗ ਵਿਚ ਖੇਡਣ ਵਾਲੇ ਇਗਨਾਜ਼ੋ ਬਾਰਬਾਗਲੋ ਦੇ ਰਿਟਾਇਰਮੈਂਟ ਮੈਚ ਦੌਰਾਨ ਉਨ੍ਹਾਂ ਨੂੰ ਅਗਵਾ ਕਰ ਲਿਆ ਗਿਆ। ਲਿਹਾਜਾ ਉਹ ਆਪਣਾ ਆਖਰੀ ਮੈਚ ਪੂਰਾ ਨਹੀਂ ਕਰ ਸਕੇ।
— JohnSmith1988 (@Smith1988John) April 4, 2019
ਵੀਆਗ੍ਰਾਂਡ ਅਤੇ ਨੇਬੋਰਡੀ ਸ਼ਹਿਰ ਦੇ ਵਿਚ ਕੈਟਾਨੀਜ਼ ਥਰਡ ਕੈਟੀਗਰੀ ਚੈਂਪੀਅਨਸ਼ਿਪ ਫੁੱਟਬਾਲ ਮੈਚ ਖੇਡ ਰਿਹਾ ਸੀ। ਇਸੇ ਦੌਰਾਨ ਇਕ ਹੈਲੀਕਾਪਟਰ ਤੋਂ ਤਿੰਨ ਬਦਮਾਸ਼ ਉਤਰੇ ਜਿਨ੍ਹਾਂ ਵਿਚੋਂ ਦੋ ਨੇ ਨਕਾਬ ਪਹਿਨਿਆ ਹੋਇਆ ਸੀ। ਉਨ੍ਹਾਂ ਦੇ ਹੱਥਾਂ ਵਿਚ ਬੰਦੂਕਾਂ ਸਨ। ਇਹ ਤਿੰਨੇ ਬਾਰਬਾਗਲੋ ਕੋਲ ਪਹੁੰਚੇ ਅਤੇ ਉਸ ਨੂੰ ਖਿੱਚਦੇ ਹੋਏ ਹੈਲੀਕਾਪਟਰ ਵਿਚ ਲੈ ਗਏ। ਉਸ ਦੇ ਬਾਅਦ ਹੈਲੀਕਾਪਟਰ ਉੱਥੋਂ ਚਲਾ ਗਿਆ ਅਤੇ ਲੋਕ ਦੇਖਦੇ ਰਹਿ ਗਏ। ਮੈਦਾਨ ਵਿਚੋਂ ਖਿਡਾਰੀ ਦੇ ਅਗਵਾ ਹੋਣ ਕਾਰਨ ਸਾਰੇ ਲੋਕ ਹੈਰਾਨ ਸਨ। ਪਰ ਬਾਅਦ ਵਿਚ ਪਤਾ ਚੱਲਿਆ ਇਕ ਇਹ ਅਸਲੀ ਅਗਵਾ ਹੋਣਾ ਨਹੀਂ ਸੀ ਸਗੋਂ ਇਕ ਪ੍ਰੈਂਕ (ਮਜ਼ਾਕ) ਸੀ।
ਇਸ ਯੋਜਨਾ ਨੂੰ ਖੁਦ ਬਾਰਬਾਗਲੋ ਨੇ ਪਲਾਨ ਕੀਤਾ ਸੀ ਤਾਂ ਜੋ ਆਪਣੇ ਆਖਰੀ ਮੈਚ ਨੂੰ ਯਾਦਗਾਰ ਬਣਾਇਆ ਜਾ ਸਕੇ। ਭਾਵੇਂਕਿ ਸਿਸਿਲੀ ਦੇ ਅਧਿਕਾਰੀਆਂ ਨੂੰ ਇਹ ਮਜ਼ਾਕ ਪਸੰਦ ਨਹੀਂ ਆਇਆ ਅਤੇ ਉਨ੍ਹਾਂ ਨੇ ਵੀਆਗ੍ਰਾਂਡ ਸ਼ਹਿਰ 'ਤੇ 200 ਯੂਰੋ ਦਾ ਜੁਰਮਾਨਾ ਲਗਾਉਂਦੇ ਹੋਏ ਉਸ ਨੂੰ 31 ਮਈ ਤੱਕ ਸਾਰੇ ਮੁਕਾਬਲਿਆਂ ਵਿਚੋਂ ਬਾਹਰ ਕਰ ਦਿੱਤਾ। ਪਰ ਜਦੋਂ ਗੱਲ ਮੌਕੇ ਨੂੰ ਯਾਦਗਾਰ ਬਣਾਉਣ ਦੀ ਹੋਵੇ ਤਾਂ ਇਹ ਜੁਰਮਾਨਾ ਕੋਈ ਮਤਲਬ ਨਹੀਂ ਰੱਖਦਾ।