ਇਟਲੀ ’ਚ ਪੁੱਤ ਦੀਆਂ ਪ੍ਰਾਪਤੀਆਂ ਬਦਲੇ ਮਾਂ ਨੂੰ ਮਿਲਿਆ ਵੱਡਾ ਸਨਮਾਨ

09/01/2019 5:07:48 PM

ਮਿਲਾਨ/ਇਟਲੀ (ਸਾਬੀ ਚੀਨੀਆ)— ਪੰਜਾਬੀ ਦੀ ਇਕ ਕਹਾਵਤ ਹੈ “ਪੁੱਤ ਉੱਠਣ ਤੇ ਦਾਲਦ ਟੁੱਟਣ’’। ਇਸ ਗੱਲ ਨੂੰ ਬਿਲਕੁਲ ਸਹੀ ਕਰ ਵਿਖਾਇਆ ਹੈ ਹਲਕਾ ਸ਼ਾਹਕੋਟ ਦੇ ਨਾਲ ਲੱਗਦੇ ਪਿੰਡ ਬੱਗਾ ਦੇ ਇਟਲੀ ਰਹਿੰਦੇ ਸੁੱਖਾਂ ਗਿੱਲ ਨੇ। ਸੁੱਖਾਂ ਗਿੱਲ ਨੇ ਇਟਲੀ ਦੀ ਡੁੱਬਦੀ ਕਬੱਡੀ ਨੂੰ ਏਦਾਂ ਦਾ ਮੋਢਾ ਲਾਇਆ ਕਿ ਇਸ ਖੇਡ ਸੀਜ਼ਨ ਵਿਚ ਕਬੱਡੀ ਦੀ ਬੱਲੇ-ਬੱਲੇ ਕਰਵਾ ਦਿੱਤੀ। ਨਹੀ ਤਾਂ ਇਕ ਸਮੇਂ ਲੱਗ ਰਿਹਾ ਸੀ ਕਿ ਸ਼ਾਇਦ ਇਸ ਸਾਲ ਇਟਲੀ ਵਿਚ ਖੇਡ ਪ੍ਰੇਮੀਆਂ ਨੂੰ ਕਬੱਡੀ ਦੇ ਮੇਲੇ ਵੇਖਣ ਨੂੰ ਨਹੀ ਮਿਲਣਗੇ। 

ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਆਰਸੋ ਵਲੋਂ ਕਬੱਡੀ ਦੀ ਭਲਾਈ ਲਈ ਕੀਤੇ ਉਪਰਾਲਿਆਂ ਕਰਕੇ ਇਸ ਸਾਲ ਦੇ ਖੇਡ ਸੀਜ਼ਨ ਨੂੰ ਸਾਲਾਂ ਤੱਕ ਯਾਦ ਰੱਖਿਆ ਜਾਵੇਗਾ। ਉਨਾਂ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਬੈਰਗਾਮੋ ਕਬੱਡੀ ਕਲੱਬ ਦੇ ਨੌਜਵਾਨਾਂ ਵੱਲੋਂ ਸੁੱਖੇ ਗਿੱਲ ਦੀ ਮਾਤਾ ਦਰਸ਼ਨ ਕੌਰ ਨੂੰ ਸੋਨੇ ਦੀ ਮੁੰਦਰੀ ਪਾਕੇ ਉਨ੍ਹਾਂ ਦੇ ਪੈਰ ਛੂਹ ਕੇ ਆਸ਼ੀਰਵਾਦ ਲਿਆ ਗਿਆ। ਉਨਾਂ ਦਾ ਕਹਿਣਾ ਸੀ ਕਿ ਇਟਲੀ ਵਿਚ ਕਬੱਡੀ ਮੁੜ ਪ੍ਰਫੁਲਿਤ ਹੋਈ ਹੈ ਤਾਂ ਉਸ ਵਿਚ ਖੇਡ ਪ੍ਰਮੋਟਰ ਸੁੱਖ ਗਿੱਲ ਦਾ ਬੜਾ ਵੱਡਾ ਯੋਗਦਾਨ ਹੈ। 

ਇਟਲੀ ਦੇ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋ ਪੁੱਤ ਦੀਆਂ ਪ੍ਰਾਪਤੀਆਂ ਦੇ ਬਦਲੇ ਕਿਸੇ ਨੂੰ ਇੰਨੇ ਵੱਡੇ ਪੱਧਰ ਤੇ ਸਨਮਾਨ ਮਿਲਿਆ ਹੋਵੇ। ਇਸ ਮੌਕੇ ਮਾਤਾ ਦਰਸ਼ਨ ਕੌਰ ਨੇ ਭਾਵੁਕ ਹੁੰਦੇ ਹੋਏ ਆਖਿਆ,‘‘ਰੱਬ ਮੇਰੇ ਪੁੱਤ ਵਰਗਾ ਸ਼ੇਰ ਪੁੱਤ ਹਰ ਮਾਂ ਨੂੰ ਦੇਵੇ।’’ ਇਸ ਮੌਕੇ ਕਬੱਡੀ ਖਿਡਾਰੀ ਦੀਪ ਗੜ੍ਹੀਬਖਸ਼, ਝੁਜਾਰ ਸਿੰਘ ਜਾਰੀ, ਪਲਵਿੰਦਰ ਸਿੰਘ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕਰਨ, ਜੋਧਾ ਚੱਕ ਚੇਲੇ, ਹਰਪ੍ਰੀਤ ਸਿੰਘ ਜੀਰ੍ਹਾਂ, ਬੱਬੂ ਜਲੰਧਰੀ, ਨਰਿੰਦਰ ਸਿੰਘ ਤਾਜਪੁਰੀ ਤੇ ਅੰਮਿ੍ਰਤ ਕਾਹਲੋ ਆਦਿ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ। 
 


Vandana

Content Editor

Related News