ਇਟਲੀ ਨੂੰ ਕੋਰੋਨਾ ਲਾਗ ਤੋਂ ਬਚਾਉਣ ਲਈ ਹਾਲੇ ਵੀ ਪਾਬੰਦੀਆਂ ਦੀ ਸਖ਼ਤ ਲੋੜ : ਸਿਹਤ ਮੰਤਰੀ
Tuesday, Jan 12, 2021 - 03:08 PM (IST)
ਰੋਮ (ਕੈਂਥ): ਭਾਵੇਂ ਇਟਲੀ ਵਿੱਚ ਕੋਰੋਨਾ ਵਾਇਰਸ ਦੇ ਕੇਸ ਅਕਤੂਬਰ ਨਵੰਬਰ ਤੋਂ ਕਾਫੀ ਘੱਟ ਆ ਰਹੇ ਹਨ ਪਰ ਸਰਕਾਰ ਹਾਲੇ ਵੀ ਕੋਰੋਨਾ ਵਾਇਰਸ ਸੰਬੰਧੀ ਪਾਬੰਦੀਆਂ ਜਾਰੀ ਰੱਖਣ ਲਈ ਅਗਲੇ ਕਾਨੂੰਨਾਂ 'ਤੇ ਵਿਚਾਰ ਕਰ ਰਹੀ ਹੈ। ਹਾਲਾਂਕਿ 27 ਦਸੰਬਰ ਤੋਂ ਇਟਲੀ ਵਿੱਚ ਕੋਰੋਨਾ ਵਾਇਰਸ ਦਾ ਟੀਕਾਕਰਨ ਸ਼ੁਰੂ ਹੋ ਚੁੱਕਾ ਹੈ। ਬੀਤੇ ਦਿਨ ਇਟਲੀ ਦੇ ਸਿਹਤ ਮੰਤਰੀ ਰੌਬੇਰਤੋ ਸੰਪਰੇਂਜ਼ਾ ਨੇ ਕਿਹਾ ਕਿ ਇਟਲੀ ਵਿੱਚ ਕੋਰੋਨਾ ਵਾਇਰਸ ਨੂੰ ਕੰਟਰੋਲ ਕਰਨ ਲਈ ਅਜੇ ਵੀ ਪਾਬੰਦੀਆਂ ਦੀ ਜ਼ਰੂਰਤ ਹੈ।
ਸੂਤਰਾਂ ਅਨੁਸਾਰ ਅਗਲੇ ਹਫਤੇ ਅਮਲ ਵਿੱਚ ਆਉਣ ਵਾਲੀਆਂ ਪਾਬੰਦੀਆਂ ਦੀ ਨਵੀਂ ਪ੍ਰਣਾਲੀ ਬਾਰੇ ਵਿਚਾਰ ਵਟਾਂਦਰੇ ਲਈ ਸਿਹਤ ਮੰਤਰੀ ਸਪਰੇਂਜ਼ਾ ਨੇ ਸੂਬਿਆਂ ਦੀਆਂ ਸਰਕਾਰਾਂ ਨਾਲ ਇੱਕ ਮੀਟਿੰਗ ਦੌਰਾਨ ਕਿਹਾ,“ਟੀਕਾ ਇਕ ਉਮੀਦ ਹੈ ਪਰ ਕੋਰੋਨਾ ਦੇ ਲਾਗਾ ਦੇ ਵਾਧੇ ਨੂੰ ਰੋਕਣ ਲਈ ਕੋਰੋਨਾ ਵਾਇਰਸ ਦੇ ਲਈ ਬਣਾਏ ਨਿਯਮਾਂ ਦੀ ਅਜੇ ਵੀ ਸਖ਼ਤ ਲੋੜ ਹੈ। ਕਿਸੇ ਨੂੰ ਵੀ ਸਥਿਤੀ ਦੀ ਗੰਭੀਰਤਾ ਨੂੰ ਘੱਟ ਨਹੀਂ ਸਮਝਣਾ ਚਾਹੀਦਾ।" ਸਿਹਤ ਮੰਤਰੀ ਨੇ ਇਹ ਵੀ ਕਿਹਾ ਕਿ ਇਟਲੀ ਵਿੱਚ ਕੋਰੋਨਾ ਵਾਇਰਸ ਨਾਲ ਸਬੰਧਤ “ਬਹੁਤ ਵੱਖਰੇ” ਅੰਕੜੇ ਹੁੰਦੇ ਜੇ ਇਹ ਕ੍ਰਿਸਮਿਸ ਦੀਆਂ ਛੁੱਟੀਆਂ ਉੱਤੇ ਲਗਾਈਆਂ ਗਈਆਂ ਪਾਬੰਦੀਆਂ ਨਾ ਹੁੰਦੀਆਂ ਤਾਂ ਸ਼ਾਇਦ ਕੇਸਾਂ ਵਿੱਚ ਹੋਰ ਵਾਧਾ ਹੋ ਸਕਦਾ ਸੀ।
ਪੜ੍ਹੋ ਇਹ ਅਹਿਮ ਖਬਰ- ਪੀ.ਐੱਮ. ਮੌਰੀਸਨ ਤੇ ਖਜ਼ਾਨਾ ਮੰਤਰੀ ਨੂੰ ਧਮਕੀ ਦੇਣ ਵਾਲਾ ਵਿਅਕਤੀ ਗ੍ਰਿਫ਼ਤਾਰ
ਦੂਜੇ ਪਾਸੇ ਉਨ੍ਹਾਂ ਕਿਹਾ ਕਿ ਇਟਲੀ ਸੋਮਵਾਰ ਨੂੰ "ਯੈਲੋ ਜ਼ੋਨ" ਵਿੱਚ ਵਾਪਸ ਚਲੇ ਗਿਆ ਹੈ ਕਿਉਂਕਿ ਦੇਸ਼ ਵਿੱਚ ਕ੍ਰਿਸਮਿਸ ਦੀਆਂ ਜ਼ਿਆਦਾਤਰ ਛੁੱਟੀਆਂ ਨੂੰ ਤਾਲਾਬੰਦੀ ਵਿੱਚ ਬਿਤਾਉਣ ਤੋਂ ਬਾਅਦ ਕੁਝ ਖੇਤਰਾਂ ਵਿੱਚ ਕੋਰੋਨਾ ਵਾਇਰਸ ਦਾ ਪ੍ਰਭਾਵ ਘੱਟ ਹੋਣ ਕਰਕੇ ਪਾਬੰਦੀਆਂ ਪ੍ਰਣਾਲੀ ਨੂੰ ਵਾਪਸ ਲੈ ਲਿਆ ਹੈ ਪਰ ਬਾਰ, ਰੈਸਟੋਰੈਂਟ ਸਾਮ 6 ਵਜੇ ਤੱਕ ਆਪਣੀਆਂ ਗਾਹਕਾਂ ਪ੍ਰਤੀ ਸੇਵਾਵਾਂ ਦੇ ਸਕਦੇ ਹਨ।ਇਸ ਦੇ ਨਾਲ-ਨਾਲ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਦਾ ਕਰਫਿਊ ਜਾਰੀ ਰਹੇਗਾ। ਸਿਨੇਮਾ, ਅਜਾਇਬ ਘਰਾਂ,ਕਸਰਤ ਘਰਾਂ (ਜਿੰਮ) ਅਤੇ ਸਵੀਮਿੰਗ ਪੂਲ ਆਦਿ ਬੰਦ ਰੱਖਣ ਦੇ ਆਦੇਸ਼ ਜਾਰੀ ਰਹਿਣਗੇ।
ਹਾਲਾਂਕਿ, ਦੇਸ਼ ਦੇ ਪੰਜ ਸੂਬਿਆਂ ਜਿਨ੍ਹਾਂ ਵਿੱਚ ਕਲਾਬਰੀਆ, ਐਮਿਲਿਆ ਰੋਮਾਨੀਆ, ਲੰਮਬਾਰਦੀਆ, ਸ਼ਸੀਲੀਆ ਅਤੇ ਵੇਨੇਤੋ ਆਦਿ ਸ਼ਾਮਲ ਹਨ, ਨੂੰ ਇਸ ਹਫਤੇ ਸੰਤਰੀ ਖੇਤਰ ਦੇ ਰੂਪ ਵਿੱਚ ਸ਼੍ਰੇਣੀਬੱਧ ਕੀਤਾ ਗਿਆ ਹੈ। ਇਹਨਾਂ ਰਾਜਾਂ ਨੂੰ ਸਖ਼ਤ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਉਨ੍ਹਾਂ ਵਿੱਚ ਕੋਰੋਨਾ ਵਾਇਰਸ ਦਾ ਪ੍ਰਭਾਵ ਜ਼ਿਆਦਾ ਹੈ। ਸੂਬਾ ਲੰਮਬਾਰਦੀਆ ਦੇ ਰਾਜਪਾਲ ਆਟੀਲੀਓ ਫੌਨਤਾਨਾ ਨੇ ਸੋਮਵਾਰ ਨੂੰ ਕਿਹਾ ਕਿ ਇਹ ਸੂਬਾ ਇਟਲੀ ਵਿੱਚ ਕੋਰੋਨਾ ਵਾਇਰਸ ਦੇ ਸ਼ੁਰੂਆਤੀ ਸਮੇਂ ਦੌਰਾਨ ਤੋ ਲੈ ਕੇ ਹੁਣ ਤੱਕ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ ਅਤੇ ਅੱਗੇ ਵੀ ਹੋਰ ਪ੍ਰਭਾਵਿਤ ਹੋਣ ਦਾ ਖ਼ਤਰਾ ਹੈ ਪਰ ਉਨ੍ਹਾਂ ਨੇ ਉਮੀਦ ਜਤਾਈ ਹੈ ਕਿ ਇਸ ਸੂਬੇ ਨੂੰ ਅਤੇ ਪੂਰੇ ਦੇਸ਼ ਨੂੰ ਜਲਦੀ ਹੀ ਇਸ ਮਹਾਮਾਰੀ ਤੋਂ ਨਿਜਾਤ ਮਿਲ ਜਾਵੇਗੀ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।