ਕੋਰੋਨਾ ਦਾ ਕਹਿਰ, ਇਟਲੀ ''ਚ ਮਰਨ ਵਾਲਿਆਂ ਦੀ ਗਿਣਤੀ 1 ਲੱਖ ਤੋਂ ਪਾਰ

Tuesday, Mar 09, 2021 - 05:59 PM (IST)

ਰੋਮ/ਇਟਲੀ (ਕੈਂਥ): ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦਾ ਪ੍ਰਭਾਵ ਰੁਕਣ ਦਾ ਨਾਮ ਨਹੀਂ ਲੈ ਰਿਹਾ।ਇੱਕ ਸਾਲ ਤੋਂ ਜ਼ਿਆਦਾ ਸਮਾਂ ਬਤੀਤ ਹੋ ਚੁੱਕਾ ਹੈ ਕੋਰੋਨਾ ਵਾਇਰਸ ਨਾਮ ਦੀ ਮਹਾਮਾਰੀ ਨੇ ਪੂਰੀ ਦੁਨੀਆ ਵਿੱਚ ਆਪਣੇ ਪੈਰ ਪਸਾਰੇ ਹੋਏ ਹਨ। ਜਿੱਥੇ ਹੁਣ ਵੀ ਮੌਜੂਦਾ ਸਮੇਂ ਵਿੱਚ ਆਏ ਦਿਨ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ, ਉੱਥੇ ਇਟਲੀ ਵਿੱਚ ਵੀ ਆਏ ਦਿਨ ਕੋਰੋਨਾ ਵਾਇਰਸ ਦੇ ਨਵੇਂ ਕੇਸ ਦਰਜ ਕੀਤੇ ਜਾ ਰਹੇ ਹਨ। ਜਦੋਂ ਕੋਰੋਨਾ ਵਾਇਰਸ ਦੀ ਸ਼ੁਰੂਆਤ ਹੋਈ ਸੀ ਉਸ ਸਮੇਂ ਇਟਲੀ ਯੂਰਪ ਦਾ ਪਹਿਲਾ ਦੇਸ਼ ਅਤੇ ਦੁਨੀਆ ਦਾ ਦੂਜਾ ਦੇਸ਼ ਬਣਿਆ ਸੀ, ਜਿੱਥੇ ਬਹੁਤ ਸਾਰਾ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਸੀ ਅਤੇ ਹੁਣ ਵੀ ਆਏ ਦਿਨ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ ਹੈ।

ਜੇਕਰ ਗੱਲ ਕਰੀਏ ਇਟਲੀ ਵਿੱਚ ਮੌਤਾਂ ਦੀ ਤਾਂ ਇਟਲੀ ਵਿੱਚ ਇੱਕ ਸਾਲ ਤੋਂ ਜਿਆਦਾ ਸਮੇਂ ਦੌਰਾਨ ਕੋਰੋਨਾ ਵਾਇਰਸ ਦੇ ਨਾਲ ਪ੍ਰਭਾਵਿਤ ਹੋ ਕੇ ਆਪਣੀਆਂ ਕੀਮਤੀ ਜਾਨਾਂ ਗੁਆਉਣ ਵਾਲਿਆਂ ਦੀ ਗਿਣਤੀ ਦਾ ਅੰਕੜਾ 1 ਲੱਖ ਤੋਂ ਪਾਰ ਹੋ ਗਿਆ ਹੈ, ਜਦਕਿ ਇਟਲੀ ਵਿੱਚ ਆਏ ਦਿਨ ਕੋਰੋਨਾ ਦੀ ਲਾਗ ਤੋਂ ਬਚਾਉਣ ਲਈ ਐਂਟੀ ਕੋਂਵਿਡ ਵੈਕਸੀਨ ਦਾ ਟੀਕਾ ਵੀ ਲਗਾਇਆ ਜਾ ਰਿਹਾ ਹੈ ਪਰ ਫਿਰ ਵੀ ਆਏ ਦਿਨ ਨਵੇਂ ਕੇਸ ਦਰਜ ਕੀਤੇ ਜਾ ਰਹੇ ਹਨ ਅਤੇ ਲਗਾਤਾਰ ਮੌਤਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। 

ਭਾਵੇਂ ਇਟਲੀ ਦੀ ਸਰਕਾਰ ਹਰ ਪਹਿਲੂ ਤੋਂ ਕੋਰੋਨਾ ਨਾਲ ਲੜਾਈ ਲੜਨ ਲਈ ਆਏ ਦਿਨ ਨਵੇਂ ਹੱਥ ਕੰਡੇ ਅਪਨਾ ਰਹੀ ਹੈ ਪਰ ਇਸ ਦੇ ਬਾਵਜੂਦ ਵੀ ਕੋਰੋਨਾ ਮਹਾਮਾਰੀ ਨੂੰ ਰੋਕਣ ਵਿੱਚ ਕਾਮਯਾਬੀ ਨਹੀਂ ਹਾਸਲ ਹੋ ਰਹੀ। ਇਟਲੀ ਦੇ ਪ੍ਰਧਾਨ ਮੰਤਰੀ ਮਾਰੀਓ ਦਰਾਂਗੀ ਅਤੇ ਸਿਹਤ ਮੰਤਰੀ ਰੌਬੇਂਰਤੋ ਸੰਪੇਰਂਜਾ ਵਲੋਂ ਹਲਾਤਾਂ ਨੂੰ ਦੇਖਦਿਆਂ ਹੋਇਆਂ ਬੀਤੇ ਦਿਨੀਂ ਐਮਰਜੈਂਸੀ ਵਿਚ ਵਾਧਾ ਕਰ ਦਿੱਤਾ ਗਿਆ ਹੈ। ਹੁਣ 6 ਮਾਰਚ ਤੋਂ ਲੈਕੇ 6 ਅਪ੍ਰੈਲ ਤੱਕ ਜੋ ਪਹਿਲਾਂ ਨਿਯਮ ਲਾਗੂ ਸਨ ਇਹ ਨਿਯਮਾਂ ਅੱਗੇ ਵੀ ਲਾਗੂ ਰਹਿਣਗੇ। ਦੇਸ਼ ਅੰਦਰ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਰਾਤ ਦਾ ਕਰਫਿਊ ਅਗਲੇ ਆਦੇਸ਼ਾਂ ਤੱਕ ਲਾਗੂ ਰਹੇਗਾ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਦੇ ਪੀ.ਐੱਮ. ਨੇ ਨੌਜਵਾਨ ਕਾਮਿਆਂ ਲਈ ਕੀਤਾ ਫੰਡ ਦਾ ਐਲਾਨ

ਦੂਜੇ ਪਾਸੇ ਇਟਲੀ ਦੇ ਸਿਹਤ ਮੰਤਰੀ ਰੌਬੇਂਰਤੋ ਸੰਪੇਂਰਜਾ ਵਲੋਂ ਕਿਹਾ ਗਿਆ ਹੈ ਕਿ ਪੂਰੀ ਇਟਲੀ ਵਿੱਚ ਗਰਮੀ ਦੇ ਅੰਤ ਤੱਕ ਐਂਟੀ ਕੋਂਵਿਡ ਵੈਕਸੀਨ ਦਾ ਟੀਕਾਕਰਨ ਦਾ ਅਭਿਆਨ ਪੂਰਾ ਹੋ ਜਾਵੇਗਾ। ਇਟਲੀ ਸਰਕਾਰ ਆਏ ਦਿਨ ਕੋਰੋਨਾ ਵਾਇਰਸ 'ਤੇ ਕਾਬੂ ਪਾਉਣ ਲਈ  ਨਿਯਮਾਂ ਵਿੱਚ ਬਦਲਾਅ ਕਰ ਰਹੀ ਹੈ, ਪਿਛਲੇ ਦਿਨੀਂ ਕੋਰੋਨਾ ਵਾਇਰਸ ਦੇ ਕੇਸਾਂ ਨੂੰ ਦੇਖਦੇ ਹੋਏ ਇਟਲੀ ਸਰਕਾਰ ਨੇ 3 ਸੂਬਿਆਂ ਬਾਸੀਲਿਕਾਤਾ, ਕਮਪਾਨੀਆ ਅਤੇ ਮੋਲੀਜੇ ਨੂੰ ਲਾਲ ਜ਼ੋਨ ਵਿਚ ਵੰਡਿਆ ਹੈ ਜਦਕਿ ਇਸ ਤੋਂ ਇਲਾਵਾ ਕਾਫੀ ਸੂਬੇ ਜੋ ਕਿ ਸੰਤਰੀ ਜ਼ੋਨ ਵਿੱਚ ਵੀ ਹਨ। ਇਟਲੀ ਵਿੱਚ ਸਿਰਫ਼ ਇਕ ਸੂਬੇ ਵਿੱਚ ਹੀ ਕੇਸ ਘੱਟ ਆਉਣ ਕਰਕੇ ਉਸ ਨੂੰ ਚਿੱਟਾ ਜੋਨ ਐਲਾਨਿਆ ਹੋਇਆ ਹੈ।  

ਇਟਲੀ ਵਿੱਚ ਸਕੂਲ ਜੋ ਕਿ ਪਹਿਲਾਂ ਬੰਦ ਹੋਣ ਤੋਂ ਬਾਅਦ ਦੁਬਾਰਾ ਖੋਲ੍ਹੇ ਗਏ ਸਨ, ਕੋਰੋਨਾ ਵਾਇਰਸ ਦੇ ਕੇਸਾਂ ਵਿੱਚ ਵਾਧੇ ਨੂੰ ਦੇਖ ਕੇ ਉਨ੍ਹਾਂ ਨੂੰ ਸਕੂਲਾਂ ਨੂੰ ਦੁਬਾਰਾ ਬੰਦ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਇਟਲੀ ਵਿੱਚ ਬੀਤੇ 24 ਘੰਟਿਆਂ ਦੌਰਾਨ ਹੁਣ ਤੱਕ ਕੁੱਲ ਕੇਸਾਂ ਦੀ ਗਿਣਤੀ 3,0 81,368 ਹੋ ਗਈ ਹੈ ਅਤੇ ਇਟਲੀ ਵਿੱਚ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਹੋ ਕੇ ਮਰਨ ਵਾਲਿਆਂ ਦੀ ਗਿਣਤੀ 100,103 ਹੋ ਚੁੱਕੀ ਹੈ ਮਤਲਬ ਮੌਤਾਂ ਦਾ ਇਹ ਅੰਕੜਾ ਇੱਕ ਲੱਖ ਤੋਂ ਪਾਰ ਹੋ ਗਿਆ ਹੈ ਅਤੇ ਹੁਣ ਤੱਕ 2,508,732 ਮਰੀਜ਼ ਇਸ ਮਹਾਮਾਰੀ ਤੋਂ ਪ੍ਰਭਾਵਿਤ ਹੋ ਕੇ ਬਾਅਦ ਵਿੱਚ ਠੀਕ ਹੋ ਕੇ ਇਸ ਜੰਗ ਵਿੱਚ ਆਪਣੀ ਜਿੱਤ ਹਾਸਲ ਕਰ ਚੁੱਕੇ ਹਨ। 

ਕੋਰੋਨਾ ਵਾਇਰਸ ਦੇ ਵੱਧ ਰਹੇ ਕੇਸਾਂ ਕਰਕੇ ਆਮ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਲੋਕ ਪਹਿਲਾਂ ਹੀ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋ ਚੁੱਕੇ ਹਨ। ਹੁਣ ਦੁਬਾਰਾ ਕੇਸਾਂ ਦੇ ਵਧਣ ਕਰਕੇ ਜਿਹੜੇ ਸੂਬੇ ਲਾਲ ਜ਼ੋਨ ਜਾਂ ਸੰਤਰੀ ਜ਼ੋਨ ਵਿਚ ਤਬਦੀਲ ਹੋ ਚੁੱਕੇ ਹਨ, ਇੱਥੇ ਲੋਕਾਂ ਨੂੰ ਕੰਮਾਂ ਕਾਰਾਂ ਪ੍ਰਤੀ ਮੁਸ਼ਕਲਾਂ ਦਾ ਸਾਹਮਣਾ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਨਾਲ ਨਾਲ ਲੋਕਾਂ ਨੂੰ ਰੋਜ਼ਾਨਾ ਦਫ਼ਤਰੀ ਕੰਮਾਂ ਵਿਚ ਵੀ ਕਾਫੀ ਦਿੱਕਤਾਂ ਦੇਖਣ ਨੂੰ ਮਿਲ ਰਹੀਆਂ ਹਨ, ਕਿਉਂਕਿ ਕੋਰੋਨਾ ਵਾਇਰਸ ਕਾਰਨ ਦਫ਼ਤਰੀ ਕੰਮਾਂ ਵਿੱਚ ਜਿੱਥੇ ਪਹਿਲਾਂ ਕੰਮ ਇਕ ਜਾਂ ਦੋ ਦਿਨਾਂ ਵਿੱਚ ਹੋ ਰਿਹਾ ਸੀ ਕੋਵਿਡ-19 ਦੇ ਨਿਯਮਾਂ ਅਨੁਸਾਰ ਲੋਕਾਂ ਨੂੰ ਦਫ਼ਤਰੀ ਕੰਮਾਂ ਕਰਵਾਉਣ ਲਈ  ਲੰਬੀ ਅਪਾਇੰਟਮੈਂਟ ਮਿਲ ਰਹੀ ਹੈ, ਜਿਸ ਕਰ ਕੇ ਇਹ ਕੰਮ ਇਕ ਮਹੀਨੇ ਤਕ ਲਟਕਦੇ ਦੇਖੇ ਜਾ ਰਹੇ ਹਨ।

ਨੋਟ- ਇਟਲੀ ਵਿਚ ਕੋਰੋਨਾ ਮ੍ਰਿਤਕਾਂ ਦੀ ਗਿਣਤੀ 1 ਲੱਖਦੇ ਪਾਰ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News