ਇਟਲੀ: ਸਕੂਲ ਬੰਦ ਰਹਿਣ ਦੇ ਰੋਸ ਵਜੋਂ ਅਧਿਆਪਕ ਤੇ ਵਿਦਿਆਰਥੀ ਨੇ ਸਿੱਖਿਆ ਮੰਤਰੀ ਵਿਰੁੱਧ ਕੀਤੀ ਨਾਅਰੇਬਾਜ਼ੀ
Monday, Mar 22, 2021 - 04:31 PM (IST)
ਰੋਮ/ਇਟਲੀ (ਦਲਵੀਰ ਕੈਂਥ)- ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਦੇ ਆਰਥਿਕ ਢਾਂਚੇ ਨੂੰ ਤਹਿਸ-ਨਹਿਸ ਕਰਕੇ ਰੱਖ ਦਿੱਤਾ ਹੈ। ਜੇਕਰ ਇਟਲੀ ਦੀ ਗੱਲ ਕਰੀਏ ਤਾਂ ਇਟਲੀ ਵਿੱਚ ਹੁਣ ਤੱਕ ਬਹੁਤ ਸਾਰਾ ਜਾਨੀ ਅਤੇ ਮਾਲੀ ਨੁਕਸਾਨ ਹੋ ਚੁੱਕਾ ਹੈ। ਕੋਰੋਨਾ ਕਾਰਨ ਜਿੱਥੇ ਲੋਕਾਂ ਦੇ ਕੰਮਾਂ ਦਾ ਉਜਾੜਾ ਹੋਇਆ ਹੈ, ਉੱਥੇ ਹੀ ਇਸ ਦੇ ਨਾਲ-ਨਾਲ ਸਿੱਖਿਆ ਦੇ ਖੇਤਰ ਨੂੰ ਵੀ ਕੋਰੋਨਾ ਮਹਾਮਾਰੀ ਨੇ ਪ੍ਰਭਾਵਿਤ ਕੀਤਾ ਹੈ, ਜਿਸ ਕਾਰਨ ਇਟਲੀ ਵਿੱਚ ਪਿਛਲੇ ਸਾਲ ਤੋਂ ਹੀ ਸਕੂਲ ਅਤੇ ਕਾਲਜ ਬੰਦ ਹਨ। ਭਾਵੇਂ ਹੀ ਤਾਲਾਬੰਦੀ ਖ਼ਤਮ ਹੋਣ ਤੋਂ ਬਾਅਦ ਸਿੱਖਿਆ ਸੰਸਥਾਵਾਂ ਨੂੰ ਖੋਲ ਦਿੱਤਾ ਗਿਆ ਪਰ ਬੀਤੇ ਦਿਨੀਂ ਇਟਲੀ ਸਰਕਾਰ ਵਲੋਂ ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਭਾਵ ਦੇ ਮੱਦੇਨਜ਼ਰ ਸਿੱਖਿਆ ਸੰਸਥਾਵਾਂ ਨੂੰ ਮੁੜ ਤੋਂ ਬੰਦ ਕਰ ਦਿੱਤਾ ਗਿਆ ਹੈ।
ਇਟਲੀ ਸਰਕਾਰ ਨੇ ਆਦੇਸ਼ ਦਿੱਤਾ ਹੈ ਕਿ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਵਾਈ ਜਾਵੇ ਪਰ ਇਸ ਕਾਰਵਾਈ ਕਾਰਨ ਬੱਚਿਆਂ ਦੀ ਪੜ੍ਹਾਈ ਉਸ ਤਰਤੀਬ ਨਾਲ ਨਹੀਂ ਹੋ ਪਾ ਰਹੀ, ਜਿਵੇਂ ਪਹਿਲਾਂ ਨਿਰੰਤਰ ਕਲਾਸਾਂ ਲਗਾ ਕੇ ਹੁੰਦੀ ਸੀ, ਜਿਸ ਕਾਰਨ ਬੀਤੇ ਦਿਨਾਂ ਤੋਂ ਇਟਲੀ ਦੇ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਵਿੱਚ ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਵੱਲੋਂ ਸਰਕਾਰ ਦੇ ਸਕੂਲਾਂ ਨੂੰ ਬੰਦ ਕਰਨ ਦੇ ਫ਼ੈਸਲੇ ਦਾ ਸਖ਼ਤ ਵਿਰੋਧ ਹੋ ਰਿਹਾ ਹੈ। ਹਾਲ ਹੀ ਵਿੱਚ ਰਾਜਧਾਨੀ ਰੋਮ ਅਤੇ ਮਿਲਾਨ ਦੀਆਂ ਸੜਕਾਂ 'ਤੇ ਆ ਕੇ ਨੰਨ੍ਹੇ ਵਿੱਦਿਆਰਥੀਆਂ ਅਤੇ ਅਧਿਆਪਕਾਂ ਨੇ ਸਰਕਾਰ ਅਤੇ ਸਿੱਖਿਆ ਮੰਤਰੀ ਪਤਰੀਸੀਓ ਬਿਆਂਕੀ ਵਿਰੁੱਧ ਨਾਅਰੇਬਾਜ਼ੀ ਕੀਤੀ।
ਇਸ ਰੋਸ ਮੁਜ਼ਾਹਰੇ ਵਿੱਚ ਵਿਸ਼ੇਸ਼ ਤੌਰ 'ਤੇ ਬੈਨਰਾ ਉਤੇ ਇਟਾਲੀਅਨ ਭਾਸ਼ਾ ‘ਚ ਲਿਖਿਆ ਹੋਇਆ ਸੀ ਬਹੁਤ ਹੋ ਗਿਆ ਹੁਣ ਬੰਦ ਪਏ ਸਕੂਲਾਂ ਨੂੰ ਖੋਲ੍ਹਿਆ ਜਾਵੇ । ਜਿਹਨਾਂ ਲੋਕਾਂ ਨੇ ਬੈਨਰ ਫੜੇ ਸਨ ਉਹਨਾਂ ਵੱਲੋਂ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਦੂਜੇ ਪਾਸੇ ਇਟਲੀ ਦੇ ਸਿੱਖਿਆ ਮੰਤਰੀ ਪਤਰੀਸੀਓ ਬਿਆਂਕੀ ਨੇ ਕਿਹਾ ਕਿ ਸਕੂਲ ਸਦਾ ਵਾਸਤੇ ਬੰਦ ਨਹੀ ਹਨ, ਸਿਰਫ਼ ਕੋਵਿਡ ਤੋਂ ਬਚਾਅ ਲਈ ਇਹ ਸਭ ਕਾਰਵਾਈ ਜ਼ਰੂਰੀ ਸੀ, ਕਿਉਂ ਕਿ ਨੌਜਵਾਨ ਅਤੇ ਬੱਚਿਆਂ ਨੂੰ ਵੀ ਹੁਣ ਕੋਵਿਡ ਵੱਡੇ ਪੱਧਰ 'ਤੇ ਪ੍ਰਭਾਵਿਤ ਕਰ ਰਿਹਾ ਹੈ। ਅੱਜ ਦੇ ਬੱਚੇ ਦੇਸ਼ ਦਾ ਭੱਵਿਖ ਹਨ, ਜਿਸ ਨੂੰ ਸੁਰੱਖਿਅਤ ਕਰਨ ਹਿੱਤ ਸਰਕਾਰ ਨੇ ਇਹ ਫੈਸਲਾ ਕੀਤਾ ਹੈ ਪਰ ਆਨਲਾਈਨ ਪੜ੍ਹਾਈ ਚੱਲ ਰਹੀ ਹੈ ਅਤੇ ਸਕੂਲਾਂ ਵਿੱਚ 50 ਫੀਸਦੀ ਬੱਚੇ ਕਲਾਸਾਂ ਲਗਾ ਰਹੇ ਹਨ।
ਦੱਸਣਯੋਗ ਹੈ ਕਿ ਇਟਲੀ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਭਾਵ ਕਰਕੇ 15 ਮਾਰਚ ਤੋਂ 6 ਅਪ੍ਰੈਲ ਤੱਕ ਦੇਸ਼ ਵਿੱਚ ਤਾਲਾਬੰਦੀ ਕੀਤੀ ਹੋਈ ਹੈ ਜਿਸ ਕਰਕੇ ਸਿੱਖਿਆ ਸੰਸਥਾਵਾਂ ਨੂੰ ਵੀ ਮੁੜ ਤੋਂ ਬੰਦ ਕੀਤਾ ਗਿਆ ਹੈ। ਕਿਉਂਕਿ ਕੋਰੋਨਾ ਵਾਇਰਸ ਦੇ ਬਹੁਤ ਸਾਰੇ ਨਵੇਂ ਕੇਸ ਸਕੂਲਾਂ ਵਿੱਚ ਵੀ ਪਾਏ ਗਏ ਸਨ।