ਇਟਲੀ : ਸ਼ਰਨਾਰਥੀਆਂ ਨਾਲ ਭਰੀ ਕਿਸ਼ਤੀ ''ਚ ਧਮਾਕਾ, 3 ਲੋਕਾਂ ਦੀ ਮੌਤ ਤੇ 6 ਗੰਭੀਰ ਜਖਮੀ
Tuesday, Sep 01, 2020 - 06:25 PM (IST)
ਰੋਮ/ਇਟਲੀ (ਕੈਂਥ): ਇਟਲੀ ਦੇ ਕਰੋਟੋਨ ਸੂਬੇ ਦੇ ਸਮੁੰਦਰ ਵਿੱਚ 21 ਦੇ ਕਰੀਬ ਸਵਾਰ ਸ਼ਰਨਾਰਥੀਆਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਨੂੰ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਕਿਸ਼ਤੀ ਵਿਚ ਤੇਲ ਵਾਲੀ ਜਗ੍ਹਾ 'ਤੇ ਇੱਕ ਜਬਰਦਸਤ ਧਮਾਕਾ ਹੋਇਆ, ਜਿਸ ਵਿੱਚ ਤਿੰਨ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਤਿੰਨ ਸਮੁੰਦਰ ਵਿਚ ਲਾਪਤਾ ਹਨ। 6 ਲੋਕ ਗੰਭੀਰ ਜ਼ਖਮੀ ਜ਼ਖ਼ਮਾਂ ਨਾਲ ਹਸਪਤਾਲ ਵਿੱਚ ਦਾਖਲ ਹਨ, ਜਿਹਨਾਂ ਵਿਚ ਦੋ ਇਟਲੀ ਦੇ ਅਧਿਕਾਰੀ ਵੀ ਸ਼ਾਮਲ ਹਨ, ਜੋ ਇਹਨਾਂ ਲੋਕਾਂ ਨੂੰ ਕਿਸ਼ਤੀ ਵਿਚ ਲੈ ਜਾ ਰਹੇ ਸਨ।
ਧਮਾਕੇ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ 'ਤੇ ਸਮੁੰਦਰੀ ਪੋਰਟ ਅਥਾਰਟੀ ਆਫ ਕਰੋਟੋਨ ਅਤੇ ਵਿੱਤ ਪੁਲਿਸ ਦੀਆਂ ਜਲ ਸੈਨਾਵਾਂ ਦੀਆਂ ਇਕਾਈਆਂ ਪਹੁੰਚ ਗਈਆਂ ਸਨ। ਬਚਾਅ ਕਾਰਜ ਕੀਤੇ ਗਏ ਜੋ ਸਮੁੰਦਰੀ ਜਹਾਜ਼ ਵਿੱਚ ਮੌਕੇ ਤੇ ਦਮ ਤੋੜ ਗਏ ਹਨ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਨੂੰ ਬਰਾਮਦ ਕਰਨ ਵਿੱਚ ਜੁਟੇ ਹੋਏ ਹਨ। ਕੁਝ ਸ਼ਰਨਾਰਥੀਆਂ ਨੂੰ ਬਚਾਇਆ ਗਿਆ ਹੈ ਪਰ 6 ਸ਼ਰਨਾਰਥੀ ਖਬਰ ਲਿਖੇ ਜਾਣ ਤੱਕ ਵੀ ਲਾਪਤਾ ਹਨ।
ਇਨ੍ਹਾਂ ਪ੍ਰਵਾਸੀਆਂ ਦੀ ਸਹਾਇਤਾ ਕਰਨ ਵਾਲੇ 2 ਏਜੰਟਾ ਵਿੱਚੋਂ ਇੱਕ ਬੁਰੀ ਤਰ੍ਹਾਂ ਸੜ ਕੇ ਜਖਮੀ ਹੋ ਗਿਆ ਅਤੇ ਇੱਕ ਦੀ ਲੱਤ ਟੁੱਟ ਗਈ। ਇਟਲੀ ਦੇ ਸਮੁੰਦਰੀ ਕੋਸਟ ਗਾਰਡ ਦੇ ਇੱਕ ਜਹਾਜ਼ ਵੱਲੋਂ ਬਚਾਅ ਕਾਰਜਾਂ ਲਈ ਹਰ ਸੰਭਵ ਕੀਤੀ ਗਈ। ਦੱਸਣਯੋਗ ਹੈ ਕਿ ਇਟਲੀ ਵਿੱਚ ਆਏ ਦਿਨ ਸਮੁੰਦਰੀ ਰਸਤੇ ਰਾਹੀਂ ਵੱਖ-ਵੱਖ ਦੇਸ਼ਾਂ ਤੋਂ ਗ਼ੈਰ ਕਾਨੂੰਨੀ ਢੰਗ ਨਾਲ ਪ੍ਰਵਾਸੀ ਇਟਲੀ ਵਿੱਚ ਦਾਖਲ ਹੁੰਦੇ ਆ ਰਹੇ ਹਨ, ਜ਼ਾਹਿਰ ਹੈ ਕਿ ਇਹ ਲੋਕ ਵੀ ਇਟਲੀ ਵਿੱਚ ਦਾਖਲ ਹੋਣ ਲਈ ਗੈਰ ਕਾਨੂੰਨੀ ਰਸਤਾ ਅਪਨਾ ਰਹੇ ਹੋਣਗੇ ਅਤੇ ਇਸ ਦੇ ਕਾਰਨ ਇਹ ਦੁਰਘਟਨਾ ਵਾਪਰ ਗਈ।