ਇਟਲੀ ''ਚ 62% ਲੋਕ ਲਾਕਡਾਊਨ ਦੇ ਸਦਮੇ ਤੋਂ ਬਾਹਰ ਨਿਕਲਣ ਲਈ ਪੁੱਜੇ ਮਨੋਵਿਗਿਆਨਕ ਡਾਕਟਰਾਂ ਕੋਲ

05/05/2020 9:51:45 AM

ਰੋਮ (ਕੈਂਥ): ਕੋਵਿਡ-19 ਨੇ ਵੱਡੇ ਪੱਧਰ 'ਤੇ ਇਟਲੀ ਦਾ ਜਾਨੀ ਤੇ ਮਾਲੀ ਨੁਕਸਾਨ ਕੀਤਾ ਹੈ।ਹਜ਼ਾਰਾਂ ਲੋਕਾਂ ਦੀ ਮੌਤ ਦੇ ਬਾਅਦ 2 ਮਹੀਨਿਆਂ ਬਾਅਦ ਇਟਲੀ ਵਿੱਚ ਲਾਕਡਾਊਨ ਨੂੰ ਵਿਸ਼ੇਸ਼ ਨਿਗਰਾਨੀ ਹੇਠ ਖੋਲ੍ਹਿਆ ਗਿਆ ਤੇ ਸਰਕਾਰ ਵੱਲੋਂ ਲੋਕਾਂ ਨੂੰ ਵਾਰ-ਵਾਰ ਸਾਵਧਾਨੀ ਵਰਤਣ ਦੀ ਤਾਗੀਦ ਕੀਤੀ ਜਾ ਰਹੀ ਹੈ।ਇਹਨਾਂ ਦੋ ਮਹੀਨਿਆਂ ਨੇ ਇਟਲੀ ਦੇ ਬਾਸ਼ਿੰਦਿਆਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਹੀ ਨਹੀਂ ਕੀਤਾ ਸਗੋਂ ਬਦਲ ਕੇ ਰੱਖ ਦਿੱਤਾ ਹੈ।ਕੋਵਿਡ-19 ਕਾਰਨ ਹੋਏ ਲਾਕਡਾਊਨ ਨੇ ਇਟਲੀ ਰਹਿਣ ਬਸੇਰਾ ਕਰਦੇ ਲੋਕਾਂ ਲਈ ਇੱਕ ਅਜਿਹਾ ਸਦਮਾ ਹੈ ਦਿੱਤਾ ਜਿਸ ਤੋਂ ਬਾਹਰ ਆਉਣ ਉਹਨਾਂ ਨੂੰ ਕਾਫ਼ੀ ਜਦੋ-ਜਹਿਦ ਕਰਨੀ ਪਵੇਗੀ।

ਕਈ ਅਜਿਹੇ ਪਰਿਵਾਰ ਵੀ ਹਨ ਜਿਹਨਾਂ ਦਾ ਕੋਵਿਡ-19 ਨੇ ਤੁਖਮ ਨਿਸ਼ਾਨ ਹੀ ਖਤਮ ਕਰ ਦਿੱਤਾ।ਪਿੰਡਾਂ ਦੇ ਪਿੰਡ ਉਜਾੜਣ ਵਾਲਾ ਕੋਵਿਡ-19 ਹਾਲੇ ਵੀ ਇਟਲੀ ਦੇ ਸਿਰ ਉਪੱਰ ਖਤਰਾ ਬਣਿਆ ਹੋਇਆ ਹੈ ਜਦੋਂ ਤੱਕ ਇਸ ਦਾ ਕੋਈ ਵੈਕਸੀਨੇਸ਼ਨ ਨਹੀਂ ਆਉਂਦਾ।ਇਸ ਤੋਂ ਬੱਚਣ ਲਈ ਸਾਵਧਾਨੀਆਂ ਹੀ ਇਲਾਜ ਹੈ।ਜਿਹੜੇ ਲੋਕ ਇਸ ਮਹਾਮਾਰੀ ਕਾਰਨ ਦੁਨੀਆ ਤੋਂ ਰੁਖ਼ਸਤ ਹੋ ਗਏ ਉਹਨਾਂ ਦੇ ਪਰਿਵਾਰਾਂ ਲਈ ਇਹ ਇੱਕ ਸੁਪਨਾ ਹੀ ਹੈ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਦੇ ਜੀਵਨ ਦਾ ਅੰਤ ਹੋ ਚੁੱਕਾ ਹੈ ਜਿਸ ਦੇ ਚੱਲਦਿਆਂ ਬਹੁਤੇ ਲੋਕ ਦਿਮਾਗੀ ਪ੍ਰੇਸ਼ਾਨੀ ਵਿੱਚੋ ਗੁਜ਼ਰ ਰਹੇ ਹਨ।

ਇਸ ਸੰਬਧੀ ਨੈਸ਼ਨਲ ਕੌਂਸਲ ਆਫ਼ ਦ ਆਰਡ ਆਫ਼ ਸਾਇਕੋਲੋਜਿਸਟ ਇਟਲੀ ਵੱਲੋਂ ਕੀਤੇ ਵਿਸ਼ੇਸ਼ ਸਰਵੇ ਅਨੁਸਾਰ ਇਟਲੀ ਦੀ ਆਬਾਦੀ ਦਾ 62% ਹਿੱਸਾ ਇਹ ਮੰਨ ਰਿਹਾ ਹੈ ਕਿ ਕੋਵਿਡ-19 ਕਾਰਨ ਹੋਏ ਲਾਕਡਾਊਨ ਅਤੇ ਤਬਾਹੀ ਨਾਲ ਉਹਨਾਂ ਨੂੰ ਕਾਫ਼ੀ ਦਿਮਾਗੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਲਈ ਉਹਨਾਂ ਨੂੰ ਆਪਣਾ ਜੀਵਨ ਪਹਿਲਾਂ ਵਾਲੇ ਪੱਧਰ 'ਤੇ ਲਿਜਾਣ ਲਈ ਸਾਇਕੋਲੋਜਿਸਟ ਡਾਕਟਰ ਦੀਆਂ ਸੇਵਾਵਾਂ ਲੈਣ ਦੀ ਲੋੜ ਹੈ।ਵੱਡੇ ਪਰਿਵਾਰਾਂ ਨਾਲੋਂ ਜ਼ਿਆਦਾ ਇਹ ਪ੍ਰੇਸ਼ਾਨੀ ਉਹਨਾਂ ਲੋਕਾਂ ਵਿੱਚ ਦੁੱਗਣੀ ਦੇਖੀ ਜਾ ਰਹੀ ਹੈ ਜਿਹੜੇ ਕਿ ਜੋੜਾ-ਜੋੜਾ ਹੀ ਰਹਿੰਦੇ ਹਨ।ਇਟਾਲੀਅਨ ਲੋਕਾਂ ਦੀ ਪ੍ਰੇਸ਼ਾਨੀ ਦਾ ਕਾਰਨ ਇੱਕਲਾ ਕੋਵਿਡ-19 ਹੀ ਨਹੀਂ ਸਗੋਂ ਭੱਵਿਖ ਪ੍ਰਤੀ ਚਿੰਤਾਵਾਂ ਵੀ ਇਹਨਾਂ ਨੂੰ ਘੇਰੋ ਪਾ ਬੈਠੀਆਂ ਹਨ।

ਪੜ੍ਹੋ ਇਹ ਅਹਿਮ ਖਬਰ- ਇਟਲੀ 'ਚ ਮ੍ਰਿਤਕਾਂ ਦੀ ਗਿਣਤੀ 29 ਹਜ਼ਾਰ ਦੇ ਪਾਰ, 44 ਲੱਖ ਲੋਕ ਕੰਮ 'ਤੇ ਪਰਤੇ

ਇਸ ਸਮੇਂ ਇਟਲੀ ਵਿੱਚ ਕੋਵਿਡ-19 ਨਾਲ ਸੰਬਧਤ ਪੜਾਅ 2 ਸੁਰੂ ਹੋ ਚੁੱਕਾ ਹੈ ਤੇ 10 ਵਿੱਚ 8 ਇਟਾਲੀਅਨ ਇਸ ਗੱਲ ਨੂੰ ਮੰਨ ਰਹੇ ਹਨ ਕਿ ਉਹਨਾਂ ਨੂੰ ਹੁਣ ਮਨੋਵਿਗਿਆਨਕ ਡਾਕਟਰ ਦੀਆਂ ਸੇਵਾਵਾਂ ਲੈਣੀਆਂ ਚਾਹੀਦੀਆਂ ਹਨ ਤਾਂ ਜੋ ਉਹ ਆਉਣ ਵਾਲੇ ਸਮੇਂ ਲਈ ਦਿਮਾਗੀ ਤੌਰ 'ਤੇ ਪੂਰੀ ਤਰ੍ਹਾਂ ਤੰਦਰੁਸਤ ਹੋਣ।ਇਸ ਗੱਲ ਵਿੱਚ ਔਰਤਾਂ ਅਤੇ ਨੌਜਵਾਨਾਂ ਮਰਦ ਜ਼ਿਆਦਾ ਦੇਖੇ ਜਾ ਰਹੇ ਹਨ।ਜ਼ਿਕਰਯੋਗ ਹੈ ਕਿ ਕੋਵਿਡ-19 ਇਟਲੀ ਵਿੱਚ ਹੁਣ ਤੱਕ 28,884 ਲੋਕਾਂ ਨੂੰ ਸਦਾ ਦੀ ਨੀਂਦ ਸੁਲਾ ਚੁੱਕਾ ਹੈ ਤੇ 210,717 ਲੋਕਾਂ ਨੂੰ ਹਾਲੇ ਵੀ ਆਪਣੇ ਮਕੜੀ ਜਾਲ ਵਿੱਚ ਉਲਝਾਈ ਬੈਠਾ ਹੈ।ਦੋ ਮਹੀਨੇ ਹੋਏ ਲਾਕਡਾਊਨ ਕਾਰਨ ਲੋਕਾਂ ਦੇ ਕੰਮਕਾਰ ਵੱਡੇ ਪੱਧਰ 'ਤੇ ਪ੍ਰਭਾਵਿਤ ਹੋਇਆ ਹੈ।
 


Vandana

Content Editor

Related News