ਇਟਲੀ ਦੇ ਸਮੁੰਦਰੀ ਤੱਟ ਤੋਂ ਰੇਤ ਲਿਆਉਣ ਵਾਲੇ 2 ਸੈਲਾਨੀਆਂ ਨੂੰ ਜੇਲ

Wednesday, Aug 21, 2019 - 12:15 PM (IST)

ਇਟਲੀ ਦੇ ਸਮੁੰਦਰੀ ਤੱਟ ਤੋਂ ਰੇਤ ਲਿਆਉਣ ਵਾਲੇ 2 ਸੈਲਾਨੀਆਂ ਨੂੰ ਜੇਲ

ਰੋਮ (ਬਿਊਰੋ)— ਇਟਲੀ ਘੁੰਮਣ ਜਾਣ ਵਾਲੇ ਚਾਹਵਾਨ ਲੋਕਾਂ ਲਈ ਇਹ ਖਬਰ ਪੜ੍ਹਨੀ ਲਾਜ਼ਮੀ ਹੈ। ਅਸਲ ਵਿਚ ਇੱਥੋਂ ਦੇ ਸਮੁੰਦਰੀ ਤੱਟ ਤੋਂ ਰੇਤ ਲਿਆਉਣ ਨਾਲ ਤੁਹਾਡੇ 'ਤੇ ਚੋਰੀ ਦਾ ਕੇਸ ਬਣ ਸਕਦਾ ਹੈ। ਇਸ ਅਪਰਾਧ ਲਈ ਤੁਹਾਨੂੰ ਜੇਲ ਦੀ ਸਜ਼ਾ ਵੀ ਹੋ ਸਕਦੀ ਹੈ। ਸਥਾਨਕ ਮੀਡੀਆ ਮੁਤਾਬਕ ਦੋ ਫਰਾਂਸੀਸੀ ਸੈਲਾਨੀਆਂ 'ਤੇ ਪਿਛਲੇ ਹਫਤੇ ਸਾਰਡੀਨੀਆ ਦੇ ਦੱਖਣੀ ਤੱਟ 'ਤੇ ਚੀਆ ਸਮੁੰਦਰੀ ਤੱਟ ਤੋਂ ਲੱਗਭਗ 90 ਪੌਂਡ ਰੇਤ ਚੋਰੀ ਕਰਨ ਦਾ ਦੋਸ਼ ਲਗਾਇਆ ਗਿਆ ਸੀ।

ਉਨ੍ਹਾਂ ਨੇ ਕਥਿਤ ਤੌਰ 'ਤੇ ਰੇਤ ਦੀਆਂ 14 ਬੋਤਲਾਂ ਭਰੀਆਂ ਅਤੇ ਪੋਰੋਟ ਟੋਰੇਸ ਵਿਚ ਫਰਾਂਸ ਜਾਣ ਵਾਲੀ ਕਿਸ਼ਤੀ ਜ਼ਰੀਏ ਉੱਥੋਂ ਨਿਕਲਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਇਟਲੀ ਦੇ ਗਾਰਡੀਆ ਡੀ ਫਿਨਾਨਜ਼ਾ ਨੇ ਉਨ੍ਹਾਂ ਨੂੰ ਫੜ ਲਿਆ। ਇਕ ਅਖਬਾਰ ਵਿਚ ਪ੍ਰਕਾਸ਼ਿਤ ਖਬਰ ਵਿਚ ਦੱਸਿਆ ਗਿਆ ਕਿ ਸੈਲਾਨੀਆਂ ਨੇ ਦਾਅਵਾ ਕੀਤਾ,''ਉਹ ਸਿਰਫ ਛੁੱਟੀਆਂ ਦੀ ਯਾਦਗਾਰ ਦੇ ਰੂਪ ਵਿਚ ਰੇਤ ਲਿਜਾਣ ਦੀ ਕੋਸ਼ਿਸ ਕਰ ਰਹੇ ਸਨ। ਉਨ੍ਹਾਂ ਨੂੰ ਅਹਿਸਾਸ ਹੀ ਨਹੀਂ ਹੋਇਆ ਕਿ ਉਹ ਭੂ-ਮੱਧ ਸਾਗਰੀ ਟਾਪੂ ਦੇ ਕਿਸੇ ਕਾਨੂੰਨ ਨੂੰ ਤੋੜ ਰਹੇ ਹਨ।''

ਮੀਡੀਆ ਰਿਪੋਰਟਾਂ ਮੁਤਾਬਕ ਇਸ ਕਾਨੂੰਨ ਨੂੰ ਤੋੜਨ ਦੇ ਜ਼ੁਰਮ ਵਿਚ 1 ਤੋਂ 6 ਸਾਲ ਤੱਕ ਜੇਲ ਦੀ ਸਜ਼ਾ ਹੋ ਸਕਦੀ ਹੈ। ਸਜ਼ਾ ਦੇ ਨਾਲ ਹੀ ਸੈਲਾਨੀਆਂ ਨੂੰ 3,300 ਡਾਲਰ ਤੱਕ ਦਾ ਜ਼ੁਰਮਾਨਾ ਲੱਗ ਸਕਦਾ ਹੈ। ਅਗਸਤ 2017 ਵਿਚ ਇਕ ਕਾਨੂੰਨ ਲਾਗੂ ਹੋਇਆ ਸੀ, ਜਿਸ ਦੇ ਤਹਿਤ ਸਾਰਡੀਨੀਅਨ ਸਮੁੰਦਰ ਤੱਟਾਂ ਤੋਂ ਰੇਤ, ਪੱਥਰ ਆਦਿ ਲਿਜਾਣਾ ਗੈਰ ਕਾਨੂੰਨੀ ਹੈ। ਅਸਲ ਵਿਚ ਉਸ ਸਮੇਂ ਰੇਤ ਨੂੰ ਈ-ਬੇ 'ਤੇ ਵੇਚਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ। ਪਿਛਲੇ ਸਾਲ ਅਧਿਕਾਰੀਆਂ ਨੇ ਯੂਨਾਈਟਿਡ ਕਿੰਗਡਮ ਦੇ ਇਕ ਸੈਲਾਨੀ ਵੱਲੋਂ ਰੇਤ ਲੈਣ 'ਤੇ 1,000 ਯੂਰੋ ਤੋਂ ਵੱਧ ਦਾ ਜ਼ੁਰਮਾਨਾ ਲਗਾਇਆ ਸੀ।


author

Vandana

Content Editor

Related News