ਇਟਲੀ ''ਚ 18 ਸਾਲਾ ਪਾਕਿ ਕੁੜੀ ਸਮਨ ਹੱਬਾਸ ਭੇਤ ਭਰੇ ਹਾਲਤ ’ਚ ਲਾਪਤਾ
Friday, May 28, 2021 - 02:08 PM (IST)
ਰੋਮ (ਦਲਵੀਰ ਕੈਂਥ): ਇਟਲੀ ਦੇ ਰਿਜੋਏਮੀਲੀਆ ਇਲਾਕੇ ਦੇ ਕਸਬਾ ਨੋਵੇਲਾਰਾ ਤੋ ਇਕ 18 ਸਾਲਾ ਪਾਕਿਸਤਾਨੀ ਕੁੜੀ ਸਮਨ ਹੱਬਾਸ ਦੇ ਵਿਆਹ ਦਾ ਇੰਤਜ਼ਾਮ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ ਲਗਭਗ ਇਕ ਮਹੀਨੇ ਤੋਂ ਇਟਲੀ ਵਿਚ ਲਾਪਤਾ ਹੈ। ਜਿਸ ਸੰਬੰਧੀ ਕਿਸੇ ਨੇ ਵੀ ਕੋਈ ਪੁਲਸ ਰਿਪੋਰਟ ਨਹੀ ਕੀਤੀ। ਉਸਦਾ ਪਹਿਲਾ ਕੇਸ ਜਿਹੜਾ ਸੁਰੱਖਿਆ ਦਾ ਸੀ ਹੁਣ ਉਸ ਦੇ ਮਾਪਿਆਂ ਵਿਰੁੱਧ ਕਤਲ ਕਰਨ ਦੇ ਖ਼ਦਸ਼ੇ ’ਚ ਬਦਲ ਚੁੱਕਾ ਹੈ ਜੋ ਹੁਣ ਚੁੱਪ -ਚੁਪੀਤੇ ਇਟਲੀ ਛੱਡ ਕੇ ਵਾਪਸ ਪਾਕਿਸਤਾਨ ਭੱਜ ਗਏ ਹਨ।
ਪਾਕਿਸਤਾਨੀ ਕੁੜੀ ਸਮਨ ਹੱਬਾਸ ਨੇ ਆਪਣੇ ਮਾਪਿਆਂ 'ਤੇ ਉਸ ਦੀ ਮਰਜ਼ੀ ਦੇ ਵਿਰੁੱਧ ਵਿਆਹ ਕਰਨ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕਰਨ ਦਾ ਸੋਸਲ ਸਰਵਿਸਿਜ਼ ਨੂੰ ਹਵਾਲਾ ਦਿੱਤਾ ਗਿਆ ਸੀ। ਉਸ ਦੇ ਪਾਕਿਸਤਾਨੀ ਚਾਚੇ ਦੇ ਮੁੰਡੇ ਨਾਲ ਵਿਆਹ ਬੀਤੇ 22 ਦਸੰਬਰ ਨੂੰ ਤੈਅ ਹੋਇਆ ਦੱਸਿਆ ਸੀ ਜਿਸ ਬਾਬਤ 17 ਦਸੰਬਰ ਨੂੰ ਏਅਰ ਲਾਈਨ ਦੀਆਂ ਟਿਕਟਾਂ ਵੀ ਖਰੀਦੀਆਂ ਗਈਆਂ ਸਨ ਪਰ ਉਸ ਸਮੇਂ ਸਮਨ ਹੱਬਾਸ ਨਾਬਾਲਗ ਸੀ ਜਿਸ ਕਾਰਨ ਉਸ ਦੇ ਮਾਪੇ ਉਸ ਨਾਲ ਧੱਕਾ ਕਰਨ ਵਿੱਚ ਅਸਫਲ ਰਹੇ।ਇਸ ਘਟਨਾ ਦੇ ਮਗਰੋਂ ਜਦੋ ਇਹ ਕੁੜੀ ਬਾਲਗ਼ ਹੋ ਗਈ ਤਾਂ ਫਿਰ ਮਮਤਾ ਵਿੱਚ ਭਾਵੁਕ ਹੋ ਆਪਣੇ ਮਾਪਿਆਂ ਕੋਲ ਹੀ ਚਲੇ ਗਈ ਜਦੋ ਕਿ ਪਹਿਲਾਂ ਪੁਲਸ ਪ੍ਰਸ਼ਾਸਨ ਨੇ ਉਸ ਦੀ ਸ਼ਿਕਾਇਤ ਦੇ ਆਧਾਰ 'ਤੇ ਆਪਣੀ ਦੇਖ-ਰੇਖ ਵਿੱਚ ਵੱਖਰੇ ਘਰ ਵਿੱਚ ਰੱਖਿਆ ਸੀ।
ਪੜ੍ਹੋ ਇਹ ਅਹਿਮ ਖਬਰ- ਪਾਕਿ : 14 ਸਾਲਾ ਈਸਾਈ ਕੁੜੀ ਦੇ ਧਰਮ ਪਰਿਵਰਤਣ ਤੋਂ ਇਨਕਾਰ ਕਰਨ ’ਤੇ ਸਾੜਿਆ ਗੁਪਤਅੰਗ
ਇਟਾਲੀਅਨ ਪੁਲਸ ਨੇ ਦੱਸਿਆ ਕਿ ਸਮਨ ਹੱਬਾਸ ਉੱਤਰੀ ਯੂਰਪ ਦੀ ਇੱਕ ਛੋਟੀ ਜਿਹੀ ਯਾਤਰਾ 'ਤੇ ਜਾਣ ਤੋਂ ਬਾਅਦ ਗਾਇਬ ਹੋ ਜਾਂਦੀ ਹੈ ਜਿਸ ਨੂੰ ਇਕ ਮਹੀਨੇ ਤੋਂ ਵੱਧ ਲਾਪਤਾ ਹੋਣ 'ਤੇ ਪੁਲਸ ਦਾ ਸ਼ੱਕ ਸਮਨ ਹੱਬਾਸ ਦੇ ਮਾਪਿਆਂ ਤੇ ਕਤਲ ਕੀਤੇ ਜਾਣ ਵੱਲ ਦਿਖਾਈ ਦੇ ਰਿਹਾ ਹੈ ਕਿਉਂਕਿ ਪੁਲਸ ਨੂੰ ਮਿਲੀ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਅਨੁਸਾਰ 29 ਅਪ੍ਰੈਲ 2021 ਨੂੰ ਪਰਿਵਾਰ ਦੇ ਤਿੰਨ ਮੈਂਬਰ ਸ਼ਾਮ 7.15 ਵਜੇ ਸ਼ੱਕੀ ਸਮਾਨ ਨਾਲ ਘਰੋਂ ਬਾਹਰ ਜਾਂਦੇ ਹਨ ਤੇ ਰਾਤ 9.50 ਵਜੇ ਮੁੜਦੇ ਹਨ।ਪੁਲਸ ਪ੍ਰਸ਼ਾਸਨ ਵਲੋਂ ਹੈਲੀਕਾਪਰ, ਸ਼ਰਚ ਮਸ਼ੀਨਾ ਅਤੇ ਕੁੱਤਿਆਂ ਦੀ ਮਦਦ ਨਾਲ ਇਲਾਕੇ ਵਿਚ ਲਾਪਤਾ ਇਸ ਪਾਕਿਸਤਾਨੀ ਕੁੜੀ ਦੀ ਭਾਲ ਕੀਤੀ ਜਾ ਰਹੀ ਹੈ ਜਿਸ ਨੂੰ ਫ਼ੋਨ ਵਰਤਣ ਦੀ ਵੀ ਪਰਿਵਾਰ ਵੱਲੋ ਮਨਾਹੀ ਸੀ। ਨਗਰ ਕੌਂਸਲ ਨੋਵੇਲਾਰਾ ਦੀ ਮੇਅਰ ਐਲੇਨਾ ਕਾਰਲੇਤੀ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਚਿੰਤਾ ਪ੍ਰਗਟਾਈ ਹੈ ਕਿ ਕੁੜੀ ਸਹੀ ਸਲਾਮਤ ਹੋਵੇ।
ਪ੍ਰਸ਼ਾਸਨ ਵੱਲੋਂ ਉਸ ਦੀ ਬਹੁਤ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ ਤੇ ਇਟਲੀ ਦੇ ਏਅਰ ਪੋਰਟਾਂ 'ਤੇ ਵੀ ਇਟਲੀ ਤੋਂ ਬਾਹਰ ਜਾਣ ਵਾਲੇ ਯਾਤਰੀਆਂ ਦੀ ਸੂਚੀ ਦੇਖੀ ਗਈ ਜਿਸ ਵਿੱਚ ਸਮਨ ਹੱਬਾਸ ਦਾ ਕੋਈ ਜ਼ਿਕਰ ਨਹੀ ਮਿਲਿਆ।ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇਟਲੀ ਵਿੱਚ ਪਾਕਿਸਤਾਨ ਮੂਲ ਦੇ ਕੁਝ ਲੋਕਾਂ ਵੱਲੋ ਵਿਆਹ ਨੂੰ ਲੈਕੇ ਆਪਣੇ ਬੱਚਿਆਂ ਨਾਲ ਧੱਕੇਸ਼ਾਹੀ ਕਰਨ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ ।ਕੁਝ ਵਿੱਚ ਤਾਂ ਬੱਚਿਆਂ ਨੂੰ ਅਜਿਹੀ ਗੁਸਤਾਖ਼ੀ ਦਾ ਖ਼ਮਿਆਜ਼ਾ ਮੌਤ ਦੇ ਰੂਪ ਵਿੱਚ ਮਿਲਿਆ ਸੀ।