ਨਾਰੀ ਦਿਵਸ ਮੌਕੇ ਇਟਲੀ ''ਚ ਹਜ਼ਾਰਾਂ ਔਰਤਾਂ ਨੇ ਕੱਢਿਆ ਸ਼ਾਂਤੀ ਮਾਰਚ
Sunday, Mar 09, 2025 - 10:13 AM (IST)

ਰੋਮ (ਦਲਵੀਰ ਸਿੰਘ ਕੈਂਥ)- ਕੌਮਾਂਤਰੀ ਨਾਰੀ ਦਿਵਸ ਨੂੰ ਸਮਰਪਿਤ ਇਟਲੀ ਭਰ ਵਿੱਚ ਹਜ਼ਾਰਾਂ ਔਰਤਾਂ ਨੇ ਸ਼ਾਂਤੀ ਮਾਰਚ ਕਰਦਿਆਂ ਇਟਲੀ ਦੀਆਂ ਤਮਾਮ ਔਰਤਾਂ ਨੂੰ ਆਪਣੇ ਹੱਕਾਂ ਤੇ ਅਧਿਕਾਰਾਂ ਪ੍ਰਤੀ ਲਾਮਬੰਦ ਹੋਕੇ ਤੁਰਨ ਦਾ ਹੋਕਾ ਦਿੱਤਾ। ਇਹ ਮਾਰਚ ਰਾਜਧਾਨੀ ਰੋਮ ਦੇ ਮਸ਼ਹੂਰ ਚੌਂਕ ਵਿਤੋਰੀਆ ਤੋਂ ਚੀਰਕੋ ਮਾਸੀਮੋ ਚੌਂਕ ਤੱਕ ਕੀਤਾ ਗਿਆ ਜਿਸ ਵਿੱਚ ਇਸ ਗੱਲ 'ਤੇ ਵਾਰ-ਵਾਰ ਜੋ਼ਰ ਦਿੱਤਾ ਗਿਆ ਕਿ ਅੱਜ ਦੀਆਂ ਇਟਾਲੀਅਨ ਔਰਤਾਂ ਨੂੰ ਜ਼ਿੰਦਗੀ ਜਿਊਣ ਲਈ ਪਰਿਵਾਰ ਅਤੇ ਕੰਮ ਦੋਨਾਂ ਵਿੱਚ ਸਮਾਨਤਾ ਬਣਾਕੇ ਚੱਲਣਾ ਚਾਹੀਦਾ ਹੈ। ਅਕਸਰ ਇਹ ਦੇਖਿਆ ਜਾ ਰਿਹਾ ਹੈ ਕਿ ਔਰਤਾਂ ਘਰ ਨਾਲੋਂ ਜ਼ਿਆਦਾ ਕੰਮ ਨੂੰ ਹੀ ਪਹਿਲ ਦਿੰਦੀਆਂ ਹਨ।
ਅੱਜ ਦੀ ਇਟਾਲੀਅਨ ਔਰਤ ਬਹੁਤ ਸੋਹਣੀ ਹੈ ਤੇ ਆਜ਼ਾਦ ਵੀ ਹੋਣੀ ਚਾਹੀਦੀ ਹੈ। ਅਜਿਹਾ ਹੋਣ ਨਾਲ ਹੀ ਉਨ੍ਹਾਂ ਦੀ ਜ਼ਿੰਦਗੀ ਵੱਖਰੀ ਹੋ ਸਕਦੀ ਹੈ।ਇਸ ਮਾਰਚ ਵਿੱਚ ਜਿੱਥੇ ਉੱਚੀ ਆਵਾਜ਼ ਵਿੱਚ ਮਿਊਜਿ਼ਕ ਚੱਲ ਰਿਹਾ ਸੀ ਉੱਥੇ ਕੁਝ ਔਰਤਾਂ ਨੱਚ-ਟੱਪ ਵੀ ਰਹੀਆਂ ਸਨ। ਇਸ ਮਾਰਚ ਵਿੱਚ ਦੁਨੀਆ ਭਰ ਵਿੱਚ ਲੰਬੇ ਸਮੇਂ ਤੋਂ ਔਰਤਾਂ 'ਤੇ ਹੋ ਰਹੇ ਅੱਤਿਆਚਾਰ ਦੀ ਤਿੱਖੀ ਆਲੋਚਨਾ ਕੀਤੀ ਗਈ। ਕੌਮਾਂਤਰੀ ਨਾਰੀ ਦਿਵਸ ਮੌਕੇ ਦੇਸ਼ ਦੇ ਕਾਰੋਬਾਰੀ ਸੂਬੇ ਲੰਬਾਰਦੀਆਂ ਦੇ ਸ਼ਹਿਰ ਮਿਲਾਨ ਵਿਖੇ ਵੀ ਹਜ਼ਾਰਾਂ ਔਰਤਾਂ ਵੱਲੋਂ ਸ਼ਾਤੀ ਮਾਰਚ ਕਰਦਿਆਂ ਔਰਤਾਂ ਵਿਰੁੱਧ ਹੋ ਰਹੇ ਅੱਤਿਆਚਾਰ ਨੂੰ ਠੱਲ ਪਾਉਣ ਦੀ ਗੱਲ ਕਹੀ ਗਈ ਤੇ ਔਰਤਾਂ ਨੂੰ ਆਪਣੇ ਆਪ ਪ੍ਰਤੀ ਜਾਗਰੂਕ ਹੋਣ 'ਤੇ ਵੀ ਡੂੰਘੀਆਂ ਵਿਚਾਰਾਂ ਹੋਈਆਂ।
ਪੜ੍ਹੋ ਇਹ ਅਹਿਮ ਖ਼ਬਰ- 111ਵੇਂ ਨਾਰੀ ਦਿਵਸ ਮੌਕੇ ਇਟਲੀ ਸਰਕਾਰ ਨੇ ਔਰਤਾਂ ਲਈ ਵਿਸ਼ੇਸ਼ 'ਬਿੱਲ' ਕੀਤਾ ਪਾਸ
ਇਹ ਮਾਰਚ ਪਾਦੋਵਾ, ਬਲੋਨੀਆ ਸਮੇਤ ਪ੍ਰਮੱਖ 60 ਸ਼ਹਿਰਾਂ ਵਿੱਚ ਕੀਤਾ ਗਿਆ। ਇਟਲੀ ਦੇ ਰਾਸ਼ਟਰਪਤੀ ਸੇਰਜੀਓ ਮੱਤੇਰੇਲਾ ਨੇ ਅੰਤਰਰਾਸ਼ਟਰੀ ਨਾਰੀ ਦਿਵਸ ਦੀਆਂ ਇਤਾਲਵੀ ਔਰਤਾਂ, ਇਟਲੀ ਵਿੱਚ ਕੰਮ ਕਰਨ ਵਾਲੀਆਂ ਅਤੇ ਰਾਸ਼ਟਰੀ ਭਲਾਈ ਵਿੱਚ ਯੋਗਦਾਨ ਪਾਉਣ ਵਾਲੀਆਂ ਸਾਰੀਆਂ ਔਰਤਾਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਅਤੇ ਧੰਨਵਾਦ ਕਰਦਿਆਂ ਕਿਹਾ ਕਿ ਇਟਲੀ ਵਿੱਚ ਲਿੰਗ ਸਮਾਨਤਾ ਹੋਣੀ ਬਹੁਤ ਜਰੂਰੀ ਹੈ ਜੋ ਕਿ ਉਨ੍ਹਾਂ ਦੇ ਸੰਵਿਧਾਨ ਵਿੱਚ ਦਰਜ ਇੱਕ ਅਧਿਕਾਰ ਵੀ ਹੈ। ਲਿੰਗ ਸਮਾਨਤਾ ਹੀ ਭਾਈਚਾਰੇ ਨੂੰ ਖੁਸ਼ਹਾਲ ਕਰ ਸਕਦੀ ਹੈ।ਦੇਸ਼ ਵਿੱਚ ਔਰਤਾਂ 'ਤੇ ਹੋ ਰਿਹਾ ਅੱਤਿਆਚਾਰ ਸ਼ਰਮਨਾਕ ਅਤੇ ਅਸਹਿ ਕਹਿਰ ਹੈ ਜਿਸ ਨੂੰ ਰੋਕਣ ਲਈ ਖਾਸ ਧਿਆਨ ਦੇਣ ਦੀ ਲੋੜ ਹੈ। ਰਾਸ਼ਟਰਪਤੀ ਨੇ ਪੂਰੇ ਦੇਸ਼ ਨੂੰ ਇਸ ਮੌਕੇ ਇੱਕ ਖਾਸ ਸੁਨੇਹਾ ਦਿੰਦਿਆ ਕਿਹਾ ਕਿ ਸਮੂਹਿਕ ਪਰਿਵਾਰਕ ਨੀਤੀਆਂ ਲਈ ਇੱਕ ਵੱਡੀ ਵਚਨਬੱਧਤਾ ਅਪਣਾਈ ਜਾਣੀ ਚਾਹੀਦੀ ਹੈ ਜੋ ਸੁੰਤਤਰ ਦ੍ਰਿੜਤਾ ਦਾ ਸਮਰਥਨ ਕਰਦੀਆਂ ਹਨ। ਔਰਤਾਂ ਏਕਤਾ ਅਤੇ ਸ਼ਾਂਤੀ ਲਈ ਇੱਕ ਖਾਸ ਤੇ ਪ੍ਰਭਾਵਸ਼ਾਲੀ ਜਰੀਆ ਹਨ। ਇਸ ਮੌਕੇ ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੇ ਇਸ ਮੌਕੇ ਔਰਤਾਂ ਦੀ ਸ਼ਾਨ ਵਿੱਚ ਕਿਹਾ ਕਿ ਹਿੰਮਤੀ,ਅਣਥੱਕ ਤੇ ਦ੍ਰਿੜ ਔਰਤਾਂ ਇਟਲੀ ਦਾ ਧੜਕਦਾ ਦਿਲ ਹਨ। ਇਟਲੀ ਦੀ ਔਰਤ ਹਰ ਰੋਜ਼ ਤਾਕਤ, ਪ੍ਰਤਿਭਾ ਅਤੇ ਸਮਰਪਣ ਨਾਲ ਉਸਾਰੀ, ਨਵੀਨਤਾ ਅਤੇ ਪ੍ਰੇਰਨਾ ਨੂੰ ਅੰਜਾਮ ਦਿੰਦੀ ਹੈ।ਇਟਲੀ ਸਰਕਾਰ ਵਚਨਵੱਧ ਹੈ ਹਰ ਔਰਤ ਨੂੰ ਹਰ ਖੇਤਰ ਵਿੱਚ ਬਿਨ੍ਹਾ ਕਿਸੇ ਰੁਕਾਵਟ ਦੇ ਇੱਕ ਨਾਇਕ ਬਣਨ ਦੇ ਮੌਕੇ ਮੁੱਹਈਆ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।