ਇਟਲੀ ਪੁਲਸ ਨੇ ਸਿੱਖ ਜੋੜੇ ਦੇ ਸ੍ਰੀ ਸਾਹਿਬ ਨੂੰ ਸਮਝਿਆ ਜਾਨਲੇਵਾ ਹਥਿਆਰ
Wednesday, Apr 03, 2019 - 01:01 PM (IST)

ਮਿਲਾਨ, (ਸਾਬੀ ਚੀਨੀਆ)— ਇਟਲੀ ਪੁਲਸ ਨੇ ਇਕ ਅਮ੍ਰਿਤਧਾਰੀ ਸਿੱਖ ਜੋੜੇ ਦੇ ਪਾਏ ਹੋਏ ਸ੍ਰੀ ਸਾਹਿਬ ਨੂੰ ਜਾਨਲੇਵਾ ਹਥਿਆਰ ਦੱਸ ਕੇ ਕੇਸ ਦਰਜ ਕਰ ਦਿੱਤਾ ਹੈ। ਇਹ ਅਮ੍ਰਿਤਧਾਰੀ ਸਿੱਖ ਜੋੜਾ ਪਿਛਲੇ ਕੁੱਝ ਸਾਲਾਂ ਤੋਂ ਹਮੇਸ਼ਾ ਕਿਰਪਾਨ ਪਹਿਨ ਕੇ ਰੱਖਦਾ ਸੀ। ਮਿਲੀ ਜਾਣਕਾਰੀ ਅਨੁਸਾਰ ਵਿਚੈਂਸਾ ਜ਼ਿਲੇ ਦੇ ਮਤੋਰਸੋ ਵਿਚਨਤੇਨਾ ਕਸਬੇ ਦੇ ਵਸਨੀਕ ਸ. ਸਤਨਾਮ ਸਿੰਘ ਮੁਲਤਾਨੀ ਜਦੋਂ ਆਪਣੀ ਪਤਨੀ ਸਿਮਰਜੀਤ ਕੌਰ ਨੂੰ ਇਲਾਜ ਲਈ ਵਿਚੈਂਸਾ ਸਥਿਤ ਹਸਪਤਾਲ ਦੇ ਐਮਰਜੈਂਸੀ ਵਿਭਾਗ 'ਚ ਲੈ ਕੇ ਗਏ ਤਾਂ ਡਾਕਟਰਾਂ ਨੇ ਇਲਾਜ ਦੌਰਾਨ ਸਿਮਰਜੀਤ ਕੌਰ ਦੇ ਕਿਰਪਾਨ ਪਾਈ ਦੇਖ ਕੇ ਪੁਲਸ ਨੂੰ ਫੋਨ ਕਰ ਦਿੱਤਾ । ਪੁਲਸ ਨੇ ਹਸਪਤਾਲ ਪਹੁੰਚ ਕੇ ਉਕਤ ਅਮ੍ਰਿਤਧਾਰੀ ਜੋੜੇ ਨੂੰ ਕਿਰਪਾਨਾਂ ਉਤਾਰਨ ਲਈ ਕਿਹਾ ਅਤੇ ਕਿਹਾ ਕਿ ਇਟਾਲੀਅਨ ਕਾਨੂੰਨ ਦੇ ਮੁਤਾਬਕ ਤੁਸੀਂ ਜਨਤਕ ਥਾਂਵਾਂ 'ਤੇ ਕਿਰਪਾਨ ਪਾ ਕੇ ਨਹੀਂ ਜਾ ਸਕਦੇ। ਇਸੇ ਦੌਰਾਨ ਪੁਲਸ ਨੇ ਉਕਤ ਜੋੜੇ ਖਿਲਾਫ ਕੇਸ ਵੀ ਦਰਜ ਕਰ ਦਿੱਤਾ।
ਪੁਲਸ ਦੀ ਰਿਪੋਰਟ ਅਨੁਸਾਰ ਸਿਮਰਜੀਤ ਕੌਰ ਨੇ ਹੱਥੇ ਸਮੇਤ 13.5 ਸੈਂਟੀਮੀਟਰ ਦੀ ਲੰਬਾਈ ਵਾਲੀ ਕਿਰਪਾਨ ਜਦੋਂ ਕਿ ਸਤਨਾਮ ਸਿੰਘ ਨੇ ਹੱਥੇ ਸਮੇਤ ਕੁੱਲ 12 ਸੈਂਟੀਮੀਟਰ ਦੀ ਲੰਬਾਈ ਵਾਲੀ ਕਿਰਪਾਨ ਪਹਿਨੀ ਹੋਈ ਸੀ। ਭਾਵੇਂ ਕਿ ਸ. ਸਤਨਾਮ ਸਿੰਘ ਨੇ ਇਟਾਲੀਅਨ ਪੁਲਸ ਨੂੰ ਸਿੱਖ ਧਰਮ ਵਿੱਚ ਕਿਰਪਾਨ ਦੀ ਮਹੱਤਤਾ ਬਾਰੇ ਸਮਝਾਉਣ ਦੀ ਕੋਸਿਸ਼ ਕੀਤੀ ਅਤੇ ਕਿਹਾ ਕਿ ਇਕ ਅਮ੍ਰਿਤਧਾਰੀ ਸਿੱਖ ਕਿਰਪਾਨ ਨੂੰ ਆਪਣੇ ਸਰੀਰ ਤੋਂ ਵੱਖ ਨਹੀਂ ਕਰ ਸਕਦਾ ਪਰ ਪੁਲਸ ਨੇ ਕਿਹਾ ਕਿ ਜਨਤਕ ਸੁਰੱਖਿਆ ਦੇ ਮੱਦੇਨਜ਼ਰ ਕੋਈ ਵੀ ਵਿਅਕਤੀ ਹਥਿਆਰ ਜਾਂ ਤੇਜ਼ਧਾਰ ਚਾਕੂ ਜਾਂ ਕਿਰਪਾਨ ਲੈ ਕੇ ਨਹੀਂ ਚੱਲ ਸਕਦਾ , ਭਾਵੇਂ ਉਹ ਧਾਰਮਿਕ ਚਿੰਨ੍ਹ ਹੀ ਕਿਉਂ ਨਾ ਹੋਵੇ।
ਉੱਧਰ ਇਸ ਘਟਨਾ ਨੂੰ ਲੈ ਕੇ ਸਮੁੱਚੇ ਸਿੱਖ ਭਾਈਚਾਰੇ 'ਚ ਰੋਸ ਦੀ ਲਹਿਰ ਦੌੜ ਗਈ ਹੈ ਅਤੇ ਇਸ ਸਬੰਧ ਵਿੱਚ ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਨਿਵਾਸ ਕਿਆਂਪੋ (ਵਿਚੈਂਸਾ) ਦੇ ਮੁੱਖ ਪ੍ਰਬੰਧਕ ਭਾਈ ਅਵਤਾਰ ਸਿੰਘ ਮਿਆਣੀ ਅਤੇ ਜਨਰਲ ਸਕੱਤਰ ਭਾਈ ਬਲਜੀਤ ਸਿੰਘ ਨੇ ਵਿਚਂੈਸਾ ਦੇ ਮੁੱਖ ਪੁਲਸ ਅਧਿਕਾਰੀ ਨਾਲ਼ ਮੁਲਾਕਾਤ ਕਰਕੇ ਇਸ ਕੇਸ ਦੇ ਵਿੱਚ ਰਾਹਤ ਦੇਣ ਲਈ ਅਪੀਲ ਵੀ ਕੀਤੀ ਅਤੇ ਪੰਜ ਕਕਾਰਾਂ ਦੀ ਮਹੱਤਤਾ ਤੋਂ ਜਾਣੂ ਵੀ ਕਰਵਾਇਆ। ਪੁਲਸ ਅਧਿਕਾਰੀਆਂ ਨੇ ਕਿਹਾ ਕਿ ਉਹ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦੀ ਕਦਰ ਕਰਦੇ ਹਨ ਪਰ ਇਟਲੀ 'ਚ ਅਮਨ ਤੇ ਸ਼ਾਂਤੀ ਦੇ ਮੱਦੇਨਜ਼ਰ ਅਤੇ ਨਾਗਰਿਕਾਂ ਦੀ ਰਾਖੀ ਹਿੱਤ ਕਿਸੇ ਵੀ ਧਰਮ ਨਾਲ਼ ਸਬੰਧਿਤ ਜਾਂ ਵਿਅਕਤੀ ਵਿਸ਼ੇਸ਼ ਨੂੰ ਹਥਿਆਰ ਰੂਪੀ ਜਾਂ ਤੇਜ਼ਧਾਰ ਵਸਤੂ ਨਾਲ ਲੈ ਕੇ ਚੱਲਣ ਦੀ ਇਜਾਜ਼ਤ ਨਹੀਂ ਹੈ।ਇੱਥੇ ਇਹ ਵੀ ਦੱਸਣਯੋਗ ਹੈ ਕਿ ਇਟਲੀ 'ਚ ਸਿੱਖ ਧਰਮ ਨੂੰ ਰਜਿਸਟਰ ਕਰਵਾਉਣ ਲਈ ਇਕ ਲੰਬੇ ਅਰਸੇ ਤੋਂ ਕੋਸ਼ਿਸਾਂ ਚੱਲ ਰਹੀਆਂ ਹਨ। ਇਟਲੀ 'ਚ ਤਕਰੀਬਨ 50 ਦੇ ਕਰੀਬ ਗੁਰਦੁਆਰਾ ਸਾਹਿਬ ਹਨ ਅਤੇ ਸਿੱਖ ਧਰਮ ਨੂੰ ਰਜਿਸਟਰ ਕਰਵਾਉਣ ਲਈ ਇੱਥੇ ਸਿੱਖਾਂ ਦੀਆਂ ਦੋ ਜਥੇਬੰਦੀਆਂ ਵੀ ਬਣੀਆਂ ਹੋਈਆਂ ਹਨ ਪਰ ਇਸ ਦਿਸ਼ਾ 'ਚ ਅਜੇ ਸਫਲਤਾ ਨਹੀਂ ਮਿਲ ਸਕੀ ਹੈ।