ਇਟਲੀ ਸਰਕਾਰ ਜਲਦ ਹੋ ਸਕਦੀ ਹੈ ਗੈਰ-ਕਾਨੂੰਨੀ ਪਰਵਾਸੀਆਂ ''ਤੇ ਮਿਹਰਬਾਨ

01/18/2020 6:28:12 PM

ਰੋਮ (ਇਟਲੀ)(ਕੈਂਥ)- ਇਟਲੀ ਯੂਰਪ ਦਾ ਵਿਦੇਸ਼ੀਆਂ ਲਈ ਮਹਿਬੂਬ ਦੇਸ਼ ਸ਼ਾਇਦ ਇਸ ਲਈ ਹੈ ਕਿਉਂਕਿ ਇਕ ਤਾਂ ਇਥੇ ਨਿਵਾਸ ਆਗਿਆ ਸੌਖੀ ਮਿਲ ਜਾਂਦੀ ਹੈ ਦੂਜਾ ਇਥੇ ਕਾਨੂੰਨ ਦਾ ਲਚਕੀਲਾ ਹੋਣਾ ਵੀ ਵਿਦੇਸ਼ੀਆਂ ਲਈ ਸੋਨੇ 'ਤੇ ਸੁਹਾਗੇ ਦਾ ਕੰਮ ਕਰਦਾ ਹੈ। ਪਰ ਪਿਛਲੇ 8 ਸਾਲਾਂ ਤੋਂ ਇਟਲੀ ਸਰਕਾਰ ਵੱਲੋਂ ਦੇਸ਼ ਵਿੱਚ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਵਿਦੇਸ਼ੀਆਂ ਲਈ ਇਮੀਗ੍ਰੇਸ਼ਨ ਨਾ ਖੋਲ੍ਹਣ ਕਾਰਨ ਲੱਖਾਂ ਅਜਿਹੇ ਵਿਦੇਸ਼ੀ ਹਨ, ਜਿਹੜੇ ਕਿ ਆਪਣੇ ਪਰਿਵਾਰ ਨੂੰ ਕਈ-ਕਈ ਸਾਲਾਂ ਤੋਂ ਮਿਲ ਨਹੀਂ ਸਕੇ। ਇਸੇ ਕਾਰਨ ਇਟਲੀ ਵਿਚ ਬਿਨ੍ਹਾਂ ਪੇਪਰਾਂ ਦੇ ਜਿੰਦਗੀ ਕੱਟ ਰਹੇ ਪਰਵਾਸੀ ਅਕਸਰ ਉਦਾਸ ਦੇਖੇ ਜਾਂਦੇ ਹਨ ਪਰ ਹੁਣ ਲੱਗਦਾ ਹੈ ਕਿ ਇਟਲੀ ਦੇ ਇਹਨਾਂ ਸਭ ਗੈਰ-ਕਾਨੂੰਨੀ ਪਰਵਾਸੀਆਂ ਦਾ ਬਨਵਾਸ ਪੂਰਾ ਹੋਣ ਜਾ ਰਿਹਾ ਹੈ ਕਿਉਂਕਿ ਇਟਲੀ ਦੀ ਗ੍ਰਹਿ ਮੰਤਰੀ ਲੁਚਾਨਾ ਲਾਮੋਰਜੇਸੇ ਜਿਹੜੀ ਕਿ ਇਮੀਗ੍ਰੇਸ਼ਨ ਮਾਹਿਰ ਹੋਣ ਦੇ ਨਾਲ-ਨਾਲ ਇੱਕ ਅਜਿਹੀ ਸਖ਼ਸੀਅਤ ਹੈ ਜਿਹੜੀ ਕਿ ਪਰਵਾਸੀਆਂ ਦੇ ਦਰਦ ਨੂੰ ਬਹੁਤ ਨੇੜੇ ਤੋਂ ਜਾਣਦੇ ਹਨ।

ਸ਼ਾਇਦ ਇਸ ਲਈ ਹੀ ਮੈਡਮ ਲੁਚਾਨਾ ਨੇ ਬੀਂਤੇ ਦਿਨੀ ਇਕ ਬਿਆਨ ਦਿੱਤਾ ਹੈ ਕਿ ਉਹ ਜਲਦ ਹੀ ਇਟਲੀ ਵਿੱਚ ਲੱਖਾਂ ਅਨਿਯਮਤ ਤੌਰ 'ਤੇ ਕੰਮ ਕਰ ਰਹੇ ਲੋਕਾਂ ਦਾ ਕੋਈ ਸਾਰਥਿਕ ਹੱਲ ਕਰਨਗੇ ਹਾਲਾਂਕਿ ਉਹਨਾਂ ਆਪਣੀ ਇਮੀਗ੍ਰੇਸ਼ਨ ਸੰਬਧੀ ਨੀਤੀ ਨੂੰ ਗੱਲਾਂ ਵਿਚ ਲਪੇਟ ਕੇ ਹੀ ਕੀਤਾ ਪਰ ਇਟਲੀ ਦੇ ਕਾਨੂੰਨ ਮਾਹਿਰਾਂ ਅਨੁਸਾਰ ਇਟਲੀ ਸਰਕਾਰ ਗੈਰ-ਕਾਨੂੰਨੀ ਵਿਦੇਸ਼ੀਆਂ ਦਾ ਜ਼ਰੂਰ ਹੱਲ ਕਰਨ ਦੇ ਮਨਸੂਬੇ ਵਿਚ ਹੈ। ਇਟਲੀ ਸਰਕਾਰ ਮੰਨਦੀ ਹੈ ਕਿ ਦੇਸ਼ ਅੰਦਰ ਅਜਿਹੇ ਲੋਕ ਵੀ ਰਹਿੰਦੇ ਹਨ ਜਿਹੜੇ ਕਿ ਟੈਕਸ ਚੋਰੀ ਕਰ ਰਹੇ ਹਨ ਦੂਜੇ ਅਜਿਹੇ ਲੋਕ ਵੀ ਹਨ ਜਿਹੜੇ ਕਿ ਗੈਰ-ਕਾਨੂੰਨੀ ਵਿਦੇਸ਼ੀਆਂ ਤੋਂ ਕੰਮ ਕਰਵਾ ਰਹੇ ਹਨ ਤੇ ਇਹਨਾਂ ਗੈਰ-ਕਾਨੂੰਨੀ ਵਿਦੇਸ਼ੀਆਂ ਕੋਲ ਪੇਪਰ ਨਾ ਹੋਣ ਕਾਰਨ ਸਰਕਾਰ ਨੂੰ ਲੱਖਾਂ ਯੂਰੋ ਦਾ ਨੁਕਸਾਨ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਇਟਲੀ ਸਰਕਾਰ ਦੇ ਕੁਝ ਮਹੀਨੇ ਹੀ ਰਹੇ ਗ੍ਰਹਿ ਮੰਤਰੀ ਸਲਵੀਨੀ ਨੇ ਆਪਣੀਆਂ ਹਿੱਟਲਰਸ਼ਾਹੀ ਨੀਤੀਆਂ ਨਾਲ ਦੇਸ਼ ਅੰਦਰ ਪਰਵਾਸ ਕੱਟ ਰਹੇ ਲੋਕਾਂ ਨੂੰ ਕਾਫ਼ੀ ਤੰਗ-ਪਰੇਸ਼ਾਨ ਕੀਤਾ ਸੀ ਪਰ ਮੌਜੂਦਾ ਗ੍ਰਹਿ ਮੰਤਰੀ ਲੁਚਾਨਾ ਸੰਜੀਦਗੀ ਨਾਲ ਉਹਨਾਂ ਸਾਰੀਆਂ ਨੀਤੀਆਂ ਉਪਰ ਵਿਚਾਰ ਕਰ ਰਹੀ ਹੈ, ਜਿਹੜੀਆਂ ਸਲਵੀਨੀ ਨੇ ਸਿਰਫ਼ ਵਿਦੇਸ਼ੀਆਂ ਨੂੰ ਹੀ ਪਰੇਸ਼ਾਨ ਕਰਨ ਲਈ ਤਿਆਰ ਕੀਤੀਆਂ ਸਨ।

ਬੀਤੇ ਸਾਲਾਂ ਦੌਰਾਨ ਸੰਨ 2002, 2009 ਤੇ 2012 ਵਿਚ 10 ਲੱਖ ਤੋਂ ਵੱਧ ਵਿਦੇਸ਼ੀਆਂ ਨੂੰ ਇਟਲੀ ਦੇ ਪੇਪਰ ਮਿਲੇ ਸਨ, ਜਿਸ ਨਾਲ ਸਰਕਾਰੀ ਖਜ਼ਾਨੇ ਵਿਚ ਲੱਖਾਂ ਯੂਰੋ ਆਏ ਸਨ ਤੇ ਇਟਲੀ ਦੀ ਡੱਗਮੱਗਾ ਰਹੀ ਆਰਥਿਕਤਾ ਨੂੰ ਸਹਿਯੋਗ ਮਿਲਿਆ ਸੀ। ਦੂਜੇ ਪਾਸੇ ਸਰਕਾਰ ਵੱਲੋਂ ਇਮੀਗ੍ਰੇਸ਼ਨ ਖੁੱਲ੍ਹਣ ਦਾ ਇਸ਼ਾਰਾ ਦੇਖ ਉਹਨਾਂ ਤਮਾਮ ਏਜੰਟਾਂ ਨੇ ਆਪਣੇ ਕੰਨ ਖੜ੍ਹੇ ਕਰ ਲਏ ਹਨ, ਜਿਹਨਾਂ ਨੇ ਇਸ ਇਮੀਗ੍ਰੇਸ਼ਨ ਦੇ ਖੁੱਲ੍ਹਣ ਨਾਲ ਮੋਟੀ ਕਮਾਈ ਕਰਨੀ ਹੈ। ਸਰਕਾਰ ਆਉਣ ਵਾਲੇ ਸਮੇਂ ਵਿਚ ਗੈਰ-ਕਾਨੂੰਨੀ ਵਿਦੇਸ਼ੀਆਂ ਲਈ ਕੀ ਐਲਾਨ ਕਰਦੀ, ਇਸ ਦਾ ਇੰਤਜ਼ਾਰ ਇਟਲੀ ਦੇ ਗੈਰ-ਕਾਨੂੰਨੀ ਵਿਦੇਸ਼ੀ ਹੁਣ ਅੱਡੀਆਂ ਚੁੱਕ-ਚੁੱਕ ਕਰਨ ਲੱਗ ਪਏ ਹਨ।


Baljit Singh

Content Editor

Related News