ਸਿੰਗਾਪੁਰ ਨੂੰ ਕੋਰੋਨਾ ਦੇ ਅਸਰ ਤੋਂ ਉਭਰਣ ਲਈ ਕਈ ਸਾਲ ਲੱਗ ਸਕਦੈ - ਉਪ ਪ੍ਰਧਾਨ ਮੰਤਰੀ

06/06/2020 7:03:43 PM

ਸਿੰਗਾਪੁਰ - ਸਿੰਗਾਪੁਰ ਦੇ ਉਪ-ਪ੍ਰਧਾਨ ਮੰਤਰੀ ਹੇਂਗ ਸਵੀ ਕੀਤ ਨੇ ਆਖਿਆ ਹੈ ਕਿ ਦੇਸ਼ ਨੂੰ ਕੋਰੋਨਾਵਾਇਰਸ ਗਲੋਬਲ ਮਹਾਮਾਰੀ ਦੇ ਪ੍ਰਭਾਵਾਂ ਤੋਂ ਉਭਰਣ ਵਿਚ ਕਈ ਸਾਲ ਲੱਗ ਸਕਦੇ ਹਨ। ਸ਼ਹਿਰ ਵਿਚ ਸ਼ਨੀਵਾਰ ਨੂੰ ਕੋਰੋਨਾਵਾਇਰਸ ਦੇ 344 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪ੍ਰਭਾਵਿਤਾਂ ਦੇ ਕੁਲ ਮਾਮਲੇ 37,527 ਹੋ ਗਏ ਹਨ। ਚੈਨਲ ਨਿਊਜ਼ ਏਸ਼ੀਆ ਨੇ ਖਬਰ ਦਿੱਤੀ ਹੈ ਕਿ ਸ਼ੁੱਕਰਵਾਰ ਨੂੰ ਬਜਟ 'ਤੇ ਚਰਚਾ ਦੌਰਾਨ ਸੰਸਦ ਵਿਚ, ਉਪ-ਪ੍ਰਧਾਨ ਮੰਤਰੀ ਨੇ ਆਖਿਆ ਕਿ ਉਭਰਣ ਵਿਚ ਕਾਫੀ ਸਮਾਂ ਲੱਗ ਜਾਵੇਗਾ ਕਿਉਂਕਿ ਸਿੰਗਾਪੁਰ ਕਾਮਿਆਂ, ਨੌਕਰੀਆਂ ਅਤੇ ਕਾਰੋਬਾਰ 'ਤੇ ਲਗਾਤਾਰ ਪੈ ਰਹੇ ਆਰਥਿਕ ਅਸਰ ਦਾ ਸਾਹਮਣਾ ਕਰ ਰਿਹਾ ਹੈ।

ਉਨ੍ਹਾਂ ਅੱਗੇ ਆਖਿਆ ਕਿ ਆਰਥਿਕ ਕੀਮਤ ਤੋਂ ਇਲਾਵਾ ਹੋਰ ਮਨੁੱਖੀ ਅਤੇ ਸਮਾਜਿਕ ਕੀਮਤ ਵੀ ਚੁਕਾਉਣੀ ਹੋਵੇਗੀ। ਕੋਵਿਡ-19 ਦੇ ਕਾਰਨ ਆਰਥਿਕ ਸੰਕਟ ਵਿਚ ਘਿਰੇ ਕਾਰੋਬਾਰਾਂ ਅਤੇ ਨਿਵਾਸੀਆਂ ਦੀ ਮਦਦ ਲਈ ਸੰਸਦ ਨੇ ਸ਼ੁੱਕਰਵਾਰ ਨੂੰ 33 ਅਰਬ ਸਿੰਗਾਪੁਰੀ ਡਾਲਰ ਦਾ ਬਜਟ ਪਾਸ ਕੀਤਾ। ਪ੍ਰਧਾਨ ਮੰਤਰੀ ਲੀ ਸੀਨ ਲੂੰਗ ਕੈਬਨਿਟ ਦੇ ਹੋਰ ਮੰਤਰੀਆਂ ਦੇ ਨਾਲ 7 ਜੂਨ ਤੋਂ 20 ਜੂਨ ਤੱਕ ਰਾਸ਼ਟਰ ਦੇ ਨਾਂ ਸੰਬੋਧਨ ਦੇਣਗੇ। ਪ੍ਰਧਾਨ ਮੰਤਰੀ ਦਫਤਰ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਇਨਾਂ ਰਾਸ਼ਟਰੀ ਪ੍ਰਸਾਰਣਾਂ ਵਿਚ ਮੰਤਰੀ ਵਿਸਥਾਰ ਨਾਲ ਦੱਸਣਗੇ ਕਿ ਕੋਵਿਡ-19 ਤੋਂ ਬਾਅਦ ਦਾ ਭਵਿੱਖ ਸਿੰਗਾਪੁਰ ਲਈ ਕਿਹੋ ਜਿਹਾ ਹੋਵੇਗਾ। ਦੇਸ਼ ਮਜ਼ਬੂਤੀ ਨਾਲ ਉਭਰੇ, ਇਸ ਸਬੰਧ ਵਿਚ ਉਹ ਯੋਜਨਾ ਪੇਸ਼ ਕਰਨਗੇ।

ਸਿਹਤ ਮੰਤਰਾਲੇ ਨੇ ਆਖਿਆ ਕਿ ਸ਼ਨੀਵਾਰ ਨੂੰ ਸਾਹਮਣੇ ਆਏ ਕੋਰੋਨਾਵਾਇਰਸ ਦੇ ਜ਼ਿਆਦਾਤਰ ਮਾਮਲੇ ਸਮੂਹਿਕ ਆਵਾਸ ਗ੍ਰਹਿਆਂ (ਡੋਰਮੈਟ੍ਰੀ) ਵਿਚ ਰਹਿ ਰਹੇ ਵਿਦੇਸ਼ੀ ਕਾਮਿਆਂ ਨਾਲ ਜੁੜੇ ਹਨ। ਇਨਾਂ 344 ਨਵੇਂ ਮਾਮਲਿਆਂ ਵਿਚੋਂ 7 ਮਾਮਲੇ ਭਾਈਚਾਰਕ ਪੱਧਰ 'ਤੇ ਫੈਲੇ ਕੋਰੋਨਾ ਦੇ ਮਮਲੇ ਹਨ, ਜਿਨ੍ਹਾਂ ਵਿਚ ਸਿੰਗਾਪੁਰ ਦੇ 3 ਨਾਗਰਿਕ ਅਤੇ ਚਾਰ ਵਿਦੇਸ਼ੀ ਸ਼ਾਮਲ ਹਨ ਜਿਨ੍ਹਾਂ ਕੋਲ ਕੰਮ ਕਰਨ ਦਾ ਪਾਸ ਹੈ। ਸਮਾਰਟ ਨੈਸ਼ਨ ਪਹਿਲ ਦੇ ਪ੍ਰਭਾਰੀ ਮੰਤਰੀ ਵਿਵੀਅਨ ਬਾਲਾ ਕਿ੍ਰਸ਼ਣਨ ਨੇ ਸ਼ੁੱਕਰਵਾਰ ਨੂੰ ਆਖਿਆ ਕਿ ਸਿੰਗਾਪੁਰ ਜਲਦ ਹੀ ਪਾਉਣ ਯੋਗ ਅਜਿਹੇ ਉਪਕਰਣ ਲਿਆਉਣ ਵਾਲਾ ਹੈ ਜੋ ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ਵਿਚ ਮਦਦਗਾਰ ਹੋਣਗੇ। ਉਨ੍ਹਾਂ ਆਖਿਆ ਕਿ ਜੇਕਰ ਇਹ ਉਪਕਰਣ ਪ੍ਰਭਾਵੀ ਸਾਬਿਤ ਹੋਏ ਤਾਂ ਇਸ ਨੂੰ ਸਿੰਗਾਪੁਰ ਵਿਚ ਹਰ ਇਕ ਨੂੰ ਵੰਡੇ ਜਾਣਗੇ।


Khushdeep Jassi

Content Editor

Related News