ISS ਤੋਂ ਬਾਹਰ ਨਿਕਲੇ ਭਾਰਤ ਦੇ ਅਨਿਲ ਮੈਨਨ ਤੇ ਫਰਾਂਸ ਦੀ ਸੋਫੀ ਏਡੇਨੌਟ ! ਬਦਲਿਆ ਐਂਟੀਨਾ
Wednesday, Aug 19, 2026 - 10:07 AM (IST)
ਇੰਟਰਨੈਸ਼ਨਲ ਡੈਸਕ- ਭਾਰਤੀ ਮੂਲ ਦੇ ਪੁਲਾੜ ਯਾਤਰੀ ਅਨਿਲ ਮੈਨਨ ਅਤੇ ਉਨ੍ਹਾਂ ਦੀ ਫ੍ਰੈਂਚ ਸਾਥੀ ਸੋਫ਼ੀ ਏਡੇਨੌਟ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦਾ ‘ਸਪੇਸ ਟੂ ਗ੍ਰਾਊਂਡ’ ਐਂਟੀਨਾ ਬਦਲਣ ਲਈ ਮੰਗਲਵਾਰ ਨੂੰ ਆਈ.ਐੱਸ.ਐੱਸ. ਤੋਂ ਬਾਹਰ ਨਿਕਲੇ।
ਕੇਰਲ ਨਾਲ ਸਬੰਧ ਰੱਖਣ ਵਾਲੇ ਮੈਨਨ ਲਈ ਇਹ ਪੁਲਾੜ 'ਚ ਚਹਿਲਕਦਮੀ ਦਾ ਦੂਜਾ ਮੌਕਾ ਹੈ। ਉੱਥੇ ਹੀ, ਯੂਰਪੀਅਨ ਪੁਲਾੜ ਏਜੰਸੀ ਨਾਲ ਜੁੜੀ ਸੋਫ਼ੀ ਇਸ ਮੁਹਿੰਮ ਤਹਿਤ ਪੁਲਾੜ ਵਿਚ ਚਹਿਲਕਦਮੀ ਕਰਨ ਵਾਲੀ ਪਹਿਲੀ ਫ੍ਰੈਂਚ ਮਹਿਲਾ ਬਣ ਗਈ ਹੈ। ਮੈਨਨ ਅਤੇ ਸੋਫ਼ੀ ਨੇ ‘ਜੈੱਡ-1 ਟਰੱਸ’ ਵੱਲ ਵਧਣ ਤੋਂ ਪਹਿਲਾਂ ‘ਬੱਡੀ ਚੈੱਕ’ ਦੀ ਪ੍ਰਕਿਰਿਆ ਪੂਰੀ ਕੀਤੀ, ਜਿਸ ਤੋਂ ਬਾਅਦ ਹਿਊਸਟਨ ਸਥਿਤ ਮਿਸ਼ਨ ਕੰਟਰੋਲ ਸੈਂਟਰ ਨੇ ਕਿਹਾ, ‘ਪੁਲਾੜ ਵਿਚ ਤੁਹਾਡਾ ਸਵਾਗਤ ਹੈ।’
‘ਜੈੱਡ-1 ਟਰੱਸ’ ਧਰਤੀ ਤੋਂ 260 ਮੀਲ ਦੀ ਉਚਾਈ ’ਤੇ ਚੱਕਰ ਲਗਾ ਰਹੇ ਆਈ.ਐੱਸ.ਐੱਸ. ਦੇ ਮੁੱਖ ਢਾਂਚੇ ਦੇ ਵਿਚਕਾਰਲੇ ਹਿੱਸੇ ਵਿਚ ਸਥਿਤ ਹੈ। ‘ਸਪੇਸ ਟੂ ਗ੍ਰਾਊਂਡ’ ਐਂਟੀਨਾ ਅਮਰੀਕੀ ਪੁਲਾੜ ਏਜੰਸੀ ‘ਨਾਸਾ’ ਲਈ ਇਕ ਮਹੱਤਵਪੂਰਨ ਸੰਚਾਰ ਮਾਧਿਅਮ ਹੈ, ਜਿਸ ਰਾਹੀਂ ਡਾਟਾ ਭੇਜਿਆ ਜਾਂਦਾ ਹੈ। ਮੈਨਨ ਨੇ ਅਗਸਤ ਦੀ ਸ਼ੁਰੂਆਤ ਵਿਚ ‘ਨਾਸਾ’ ਨਾਲ ਜੁੜੀ ਪਲਾੜ ਯਾਤਰੀ ਜੈਸਿਕਾ ਮੀਰ ਨਾਲ ਆਈ.ਐੱਸ.ਐੱਸ. ਦੇ ਬਾਹਰ 6 ਘੰਟੇ 27 ਮਿੰਟ ਬਿਤਾਏ ਸਨ।
